ਕਹਾਣੀ "ਮੈਂ ਔਤ ਨਹੀਂ ਮਰਨਾ ! " ✍ ਜਸਪਾਲ ਜੱਸੀ

ਸੁਖਪਾਲ ਨੇ ਆਪਣੇ ਮਿੱਤਰ ਬਿਕਰਮ ਨੂੰ ਬਹੁਤ ਦਿਨਾਂ ਬਾਅਦ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਬਿਕਰਮ ਨੇ ਉਸ ਨੂੰ ਅੱਜ ਨਹੀਂ, ਕਹਿ ਕੇ ਅਗਲੇ ਦਿਨ ਮਿਲਣ ਵਾਸਤੇ ਕਿਹਾ।ਪਾਲ ਦਾ ਫ਼ੋਨ 'ਤੇ ਹੀ ਰੁਆਸੀ ਜਿਹੀ ਆਵਾਜ਼ 'ਚ, ਸ਼ਿਕਵੇ ਨਾਲ ਅੱਗੋਂ ਸਵਾਲ ਸੀ, ਕੱਲ੍ਹ ਤਾਂ ਸਮਾਂ ਦੇ ਦੇਵੇਂ ਗਾ ? ਬਿਕਰਮ ਨੇ ਉਸਨੂੰ "ਹਾਂ" ਆਖਿਆ ਤੇ ਆਪਣੇ ਘਰ ਦਾ ਜਾਂ ਰੋਜ਼ ਗਾਰਡਨ ਆਉਣ ਦਾ ਸਮਾਂ ਨਿਸ਼ਚਿਤ ਕਰਨ ਨੂੰ ਕਿਹਾ। ਉਸਨੇ ਕਿਹਾ,"ਮੈਂ ਘਰ ਨਹੀਂ ਆਉਣਾ, ਮੈ ਕੱਲ੍ਹ ਪੰਜ ਵਜੇ ਰੋਜ਼ ਗਾਰਡਨ ਹੀ ਮਿਲਦਾ ਹਾਂ।"

ਬਿਕਰਮ ਨੇ ਫਿਰ ਇੱਕ ਵਾਰ ਉਸਨੂੰ ਕਿਹਾ," ਜੇ ਕੋਈ ਐਮਰਜੈਂਸੀ ਹੈ ਤਾਂ ਅੱਜ ਰਾਤ ਨੂੰ ਹੀ ਮਿਲ ਲੈਂਦੇ ਹਾਂ, ਘਰ ਹੀ ਆ ਜਾ" ਓਸ ਦਾ ਉੱਤਰ ਸੀ," ਨਹੀਂ ! ਕੱਲ੍ਹ ਸ਼ਾਮ 5 ਵਜੇ, ਤੇ ਫ਼ੋਨ ਬੰਦ ਕਰ ਦਿੱਤਾ।

ਬਿਕਰਮ ਸਾਰੀ ਰਾਤ ਸੋਚਦਾ ਰਿਹਾ, ਐਡਾ ਕੀ‌‌ ਜ਼ਰੂਰੀ ਕੰਮ ਹੋ ਸਕਦਾ ਹੈ ! ਜੋ ਫ਼ੋਨ 'ਤੇ ਨਹੀਂ ਦੱਸਿਆ ਜਾ ਸਕਦਾ । ਸੋਚਦਿਆਂ ਸੋਚਦਿਆਂ ਪਤਾ ਨਹੀਂ ਕਦੋਂ ਉਸ ਦੀ ਅੱਖ਼ ਲੱਗ ਗਈ। ਅਗਲਾ ਦਿਨ ਵੀ ਉਸਦਾ ਸਾਰਾ, ਬੇਚੈਨੀ 'ਚ ਹੀ ਨਿਕਲਿਆ, ਪਰ ਉਸ ਨੂੰ ਪਾਲ ਦੇ ਦਿਨ ਦਾ ਪਤਾ ਨਹੀਂ, ਦਿਨ ਕਿਵੇਂ ਲੰਘਿਆ ਹੋਣੈਂ।

ਅੱਜ ਪੰਜ ਵੀ ਵੱਜਣ 'ਚ ਨਹੀਂ ਆ ਰਹੇ ਬਿਕਰਮ ਸੋਚ ਰਿਹਾ ਸੀ,ਅੱਗੇ ਹਮੇਸ਼ਾਂ ਸਮਾਂ ਦੋੜਦਾ ਲਗਦਾ ਪਰ ਅੱਜ ਜਿਵੇਂ ਵਕਤ ਰੁਕ ਗਿਆ ਹੁੰਦਾ ਹੈ। ਉਸ ਦੀ ਪਤਨੀ ਨੇ ਦੁਪਹਿਰ ਦੇ ਖਾਣੇ ਸਮੇਂ ਪੁੱਛਿਆ," ਕੀ ਗੱਲ ਅੱਜ ਰੋਟੀ ਵੀ ਚੱਜ ਨਾਲ ਨਹੀਂ ਖਾਧੀ, ਕੋਈ ਗੱਲ ਹੈ ?

ਉਸ ਨੇ ਉਸ ਨੂੰ ਟਾਲ ਦਿੱਤਾ। ਮੋਬਾਇਲ ਫ਼ੋਨ ਦੀ ਘੜੀ ਵੱਲ ਦੇਖਿਆ, ਦੁਪਹਿਰ ਦੇ ਸਾਢੇ ਚਾਰ ਵੱਜ ਚੁੱਕੇ ਸਨ। ਉਸ ਨੇ ਪੈਂਟ ਸ਼ਰਟ ਪਾਈ ਤੇ ਪਤਨੀ ਨੂੰ ਜ਼ਰੂਰੀ ਕੰਮ ਕਹਿ ਕੇ ਐਕਟਿਵਾ ਸਟਾਰਟ ਕੀਤੀ ਤੇ ਰੋਜ਼ ਗਾਰਡਨ ਚਾਰ,ਪੰਜ ਮਿੰਟਾਂ ਵਿਚ ਹੀ ਪਹੁੰਚ ਗਿਆ।

ਟਾਈਮ ਅਜੇ 4 .35 ਹੋਏ ਸਨ। ਉਸ ਨੇ ਮੋਬਾਈਲ ਘੜੀ ਵੱਲ ਵੇਖ ਕੇ ਮੋਬਾਇਲ, ਫ਼ਿਰ ਜੇਬ ਵਿਚ ਪਾ ਲਿਆ।

ਪਾਲ ਅਜੇ ਵੀ ਨਹੀਂ ਆਇਆ ਸੀ। ਉਸ ਨੇ ਵਕਤ ਲੰਘਾਉਣ ਲਈ ਦਰੱਖ਼ਤਾਂ ਵੱਲ ਦੇਖਿਆ, ਪੰਛੀ ਵੀ ਧੁੱਪ ਦੇ ਡਰੋਂ ਦਰੱਖਤਾਂ ਦੇ ਪੱਤਿਆਂ ਦੀ ਛਾਂ 'ਚ ਸੁੰਗੜੇ ਬੈਠੇ ਸਨ। ਕੋਈ ਟਾਵਾਂ-ਟਾਵਾਂ ਪੰਛੀ ਬੋਲ ਰਿਹਾ ਸੀ।

ਥੋੜ੍ਹਾ ਦੂਰ ਨਜ਼ਰ ਦੁੜਾਈ ਕੁਝ ਆਸ਼ਕ ਕਿਸਮ ਦੇ ਮੁੰਡੇ ਕੁੜੀਆਂ, ਧੁੱਪ ਵਿਚ ਮਟਰ-ਗਸ਼ਤੀ ਕਰਦੇ ਨਜ਼ਰ ਆਏ। ਬਿਕਰਮ ਰੋਜ਼ ਗਾਰਡਨ ਦਾ ਗੇੜਾ ਲਾਉਂਦਾ ਹੋਇਆ, ਕੰਟੀਨ ਵੱਲ ਚਲਾ ਗਿਆ ਜਿਹੜੀ ਕਾਫ਼ੀ ਸਮੇਂ ਤੋਂ ਬੰਦ ਪਈ ਸੀ। ਮੋਬਾਈਲ ਇੱਕ ਵਾਰ ਫ਼ੇਰ ਜੇਬ ਚੋਂ ਕੱਢਿਆ, 4.50 ਹੋਏ ਸਨ।10 ਮਿੰਟ ਇੰਤਜ਼ਾਰ ਮਤਲਬ ਦਸ ਸਾਲ।

ਦੂਰ ਬੈਠਾ ਇੱਕ ਪ੍ਰੇਮੀ ਜੋੜਾ ਬਿਕਰਮ ਨੂੰ ਧੁੱਪ ਵਿਚ ਘੁੰਮਦੇ ਨੂੰ ਦੇਖ ਰਿਹਾ ਸੀ। ਉਸ ਨੂੰ ਆਪਣੀ ਪਿੱਠ ਪਿੱਛੇ ਕੋਈ ਕਦਮ ਚਾਲ ਸੁਣਾਈ ਦਿੱਤੀ।

ਇਹ ਕੋਈ ਵੀਹ ਕੁ ਸਾਲਾਂ ਦਾ ਲੜਕਾ ਸੀ । ਉਸ ਨੇ ਆਉਂਦਿਆਂ ਹੀ ਬਿਕਰਮ ਦੇ ਪੈਰੀਂ ਹੱਥ ਲਾਏ।

ਸਰ ! ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ !

ਮੈਂ ਤੁਹਾਡਾ ਪੁਰਾਣਾ ਵਿਦਿਆਰਥੀ "ਮਾਣਕ" ਹਾਂ। ਬਿਕਰਮ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਇੱਕ ਦੋ ਮਿੰਟ ਗੱਲਾਂ ਕਰ ਕੇ ਚਲਾ ਗਿਆ।

ਫ਼ੋਨ ਦੀ ਘੰਟੀ ਵੱਜੀ,

ਨੰਬਰ ਦੇਖਿਆ, "ਪਾਲ" ਦਾ ਸੀ।

"ਹਾਂ ਪਾਲ !" 

ਉਸ ਦਾ ਅੱਗੋਂ ਸਵਾਲ ਸੀ,"

"ਕਿੱਥੇ ਖੜ੍ਹੇ ਹੋ ?

ਆ ਵੀ ਗਏ ਜਾਂ ਨਹੀਂ ?"

"ਤੂੰ ਕੰਟੀਨ ਵੱਲ ਆ ਜਾ, ਮੈਂ ਓਧਰ ਹੀ ਖੜ੍ਹਾ,ਤੇਰੀ ਇੰਤਜ਼ਾਰ ਕਰ ਰਿਹਾ ਹਾਂ।"ਬਿਕਰਮ ਨੇ ਫ਼ੋਨ 'ਤੇ ਹੀ ਪਾਲ ਨੂੰ ਕਿਹਾ।

ਪਾਲ ਇੱਕ,ਦੋ ਮਿੰਟਾਂ 'ਚ ਹੀ ਕੰਟੀਨ ਵੱਲ ਆ ਗਿਆ।

ਉਹ ਥੱਕਿਆ,ਟੁੱਟਿਆ,ਚਿਹਰੇ ਤੋਂ ਨਿਰਾਸ਼ ਲੱਗ ਰਿਹਾ ਸੀ। ਭਾਵੇਂ ਬਿਕਰਮ ਉਸ ਨੂੰ ਗਰਮ ਜੋਸ਼ੀ ਨਾਲ ਮਿਲਿਆ ਪਰ ਪਾਲ ਦੀ ਗਲਵੱਕੜੀ ਵਿਚ ਕੋਈ ਜੋਸ਼ ਨਹੀਂ ਸੀ।

ਉਹ ਦੋਵੇਂ ਦਰੱਖ਼ਤ ਥੱਲੇ, ਇੱਕ ਬੈਂਚ 'ਤੇ ਬੈਠ ਗਏ।

"ਬਿਕਰਮ ਯਾਰ ! ਮੈਂ ਤੈਨੂੰ ਦੁਪਹਿਰ ਵੇਲੇ ਤਕਲੀਫ਼ ਦਿੱਤੀ।

ਮੈਂ ਕੁਝ ਦਿਨਾਂ ਤੋਂ ਸੌਂ ਨਹੀਂ ਸਕਿਆ।" ਪਾਲ ਨੇ ਕਿਹਾ।

ਬਿਕਰਮ ਨੇ ਉਸ ਨੂੰ ਪੁੱਛਿਆ,"  ਇਹੋ ਜਿਹੀ ਕਿਹੜੀ ਗੱਲ ਹੋ ਗਈ ?

ਕੋਈ ਪੈਸੇ-ਟਕੇ ਦੀ ਜ਼ਰੂਰਤ ਹੈ, ਜਾਂ ਕੋਈ ਤੰਗ ਕਰਦੈ ?

"ਨਹੀਂ ਯਾਰ ! ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਤੇਰੇ ਸਾਹਮਣੇ ਹੀ ਰਿਟਾਇਰ ਹੋਏ ਹਾਂ, ਤੇਰੀ ਭਰਜਾਈ ਤੇ ਮੈਨੂੰ ਸਰਕਾਰ ਨੇ ਰਿਟਾਇਰਮੈਂਟ 'ਤੇ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੈ।

ਪਰ ਉਹ ਸਾਡੇ ਕਿਸੇ ਕੰਮ ਦਾ ਨਹੀਂ ।"

ਬਿਕਰਮ ਨੇ ਪੁੱਛਿਆ ਕੀ ਕੰਮ ਦਾ ਨਹੀਂ ?"

ਕਹਿੰਦਾ," ਪੈਸਾ।"

ਬਿਕਰਮ ਦੀ ਹੈਰਾਨੀ ਹੋਰ ਵਧ ਗਈ।

"ਤੇਰਾ ਪੁੱਤਰ ਤੇ ਨੂੰਹ ਤਾਂ ਠੀਕ ਹਨ?" ਉਸ ਨੇ ਪੁੱਛਿਆ।

"ਉਹ ਤਾਂ ਠੀਕ ਹਨ,ਕਈ ਦਿਨਾਂ ਦੇ ਮਿਲਣ ਆਏ ਹੋਏ ਸੀ। ਪਿਛਲੇ ਹਫ਼ਤੇ ਵਾਪਸ ਚਲੇ ਗਏ ਹਨ। ਜੋ ਗੱਲ ਉਹ ਕਹਿ ਕੇ ਗਏ ਹਨ, ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।"

ਬਿਕਰਮ ਨੇ ਫ਼ਿਰ ਪੁੱਛਿਆ," ਕੋਈ ਲੜਾਈ ਝਗੜਾ ਹੋਇਆ?"

"ਨਹੀਂ ਯਾਰ! "

"ਫ਼ੇਰ ਨਿਰਾਸ਼ਾ ਤੇ ਉਦਾਸੀ ਦਾ ਕਾਰਨ?"

ਉਹ ਦੋਵੇਂ ਜਣੇ ਕਹਿੰਦੇ," ਅਸੀਂ ਕੋਈ ਬੱਚਾ ਪੈਦਾ ਨਹੀਂ ਕਰਨਾ। ਅਸੀਂ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕਦੇ।"

ਫ਼ਿਰ ਤੂੰ ਕੀ ਕਿਹਾ ?

ਮੈਂ ਕਿਹਾ," ਤੁਹਾਡੇ ਵਿਆਹ ਨੂੰ ਸੱਤ ਸਾਲ ਹੋ ਗਏ। ਹੁਣ ਤੱਕ ਸਾਨੂੰ ਦਾਦਾ,ਦਾਦੀ ਬਣ ਜਾਣਾ ਚਾਹੀਦਾ ਸੀ। ਉਹਨਾਂ ਨੇ ਜਦੋਂ ਤੋੜ ਕੇ ਜਵਾਬ ਦਿੱਤਾ ਕਿ ਅਸੀਂ ਬੱਚਾ ਪੈਦਾ ਨਹੀਂ ਕਰਨਾ। ਮੈਨੂੰ ਆਪਣੀ ਜ਼ਿੰਦਗੀ ਦੇ ਸੁਪਨੇ ਅਧੂਰੇ ਰਹਿੰਦੇ ਜਾਪੇ।

ਮੈਂ ਉਹਨਾਂ ਨੂੰ ਪੁੱਛਿਆ," ਬੱਚਾ ਪੈਦਾ ਨਾ ਕਰਨ ਦਾ ਕਾਰਨ।

ਜੇ ਨਹੀਂ ਹੁੰਦਾ ਤਾਂ, ਅੱਜ ਕੱਲ੍ਹ ਇਲਾਜ਼ ਸੰਭਵ ਹੈ। 

ਪਰ ਉਹਨਾਂ ਨੇ ਕਿਹਾ," ਅਸੀਂ ਬੱਚਾ ਨਹੀਂ ਪਾਲ ਸਕਦੇ, ਸਾਡੇ ਕੋਲ ਨੌਕਰੀ ਸਮੇਂ 'ਚ ਵਕਤ ਨਹੀਂ। ਮੈਂ ਉਹਨਾਂ ਨੂੰ ਕਿਹਾ," ਜੰਮਣਾ ਤੁਹਾਡਾ ਫ਼ਰਜ਼ ਹੈ ਤੇ ਪਾਲਣਾ ਸਾਡਾ, ਪਰ ਉਹਨਾਂ ਨੇ ਸਾਡੇ ਦੋਵਾਂ ਜੀਆਂ ਦੀ ਗੱਲ ਵੱਲ ਕੋਈ ਤਵੱਜੋਂ ਨਹੀਂ ਦਿੱਤੀ।

ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈ।

ਬਿਕਰਮ-ਯਾਰ ! 

" ਮੈਂ ਆਪਣੇ ਬੱਚਿਆਂ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਮੇਰੇ ਪੁੱਤਰ ਤੋਂ ਬਾਅਦ ਮੇਰਾ ਵੰਸ਼ ਖ਼ਤਮ ਹੋ ਜਾਵੇਗਾ। ਮੇਰਾ ਪੁੱਤਰ ਔਤ ਕਹਾਵੇਗਾ। ਮੇਰਾ ਇਸ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ।‌‌ ਮੇਰੇ ਨਾਮ ਨਾਲ ਅੱਗੇ ਵਧ ਰਹੀ ਮੇਰੀ ਕੁਲ ਖ਼ਤਮ ਹੋ ਜਾਵੇਗੀ।

ਮੈਂ ਭਾਵੇਂ ਔਤ ਨਾ ਮਰਾ ਪਰ ਮੇਰਾ ਪੁੱਤਰ ਔਤ ਕਹਾਵੇਗਾ।

ਹੁਣ ਤੂੰ ਹੀ ਕੋਈ ਹੱਲ ਦੱਸ !

ਮੈਂ ਪਾਲ ਦੀਆਂ ਗੱਲਾਂ ਸੁਣ ਕੇ ਆਪ ਹੈਰਾਨ ਪ੍ਰੇਸ਼ਾਨ ਹੋ ਗਿਆ। ਮੈਂ ਇਸ ਦਾ ਹੱਲ ਕੀ ਦੱਸ ਸਕਦਾ ਹਾਂ। ਜਾਂ ਤਾਂ ਤੂੰ ਉਹਨਾਂ ਦੇ ਹੁੰਦੇ ਮੈਨੂੰ ਬੁਲਾ ਲੈਂਦਾ, ਮੈਂ ਤੇ ਤੇਰੀ ਭਰਜਾਈ ਆ ਕੇ ਉਹਨਾਂ ਦੋਵਾਂ ਨੂੰ ਸਮਝਾ ਦਿੰਦੇ।

ਪਰ ਹੁਣ ਤਾਂ ਤੂੰ ਕਹਿ ਰਿਹੈਂ ,ਉਹ ਚਲੇ ਗਏ।

ਨਹੀਂ ਯਾਰ ! ਤੂੰ ਲੇਖਕ ਹੈਂ, ਸਭ ਦੀਆਂ ਸਮੱਸਿਆਵਾਂ ਲਿਖਦੈਂ ਤੇ ਉਹਨਾਂ ਦੇ ਹੱਲ ਵੀ ਦੱਸਦੈਂ। ਤੇਰੇ ਕੋਲ ਆਸ ਦੀ ਕਿਰਨ ਲੈ ਕੇ ਆਇਆ ਹਾਂ, ਤੂੰ ਹੀ ਇਸ ਦਾ ਹੱਲ ਕਰ ਸਕਦੈਂ।

ਬਸ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ,

" ਮੈਂ ਇਸ ਦੁਨੀਆਂ ਤੋਂ ਆਪਣੇ ਬੱਚੇ ਦੇ ਬੱਚੇ ਲਈ, ਔਤ ਨਹੀਂ ਜਾਣਾ ਚਾਹੁੰਦਾ!" 

ਬਿਕਰਮ ਦਾ ਧਿਆਨ ਇੱਕ-ਦਮ ਆਪਣੇ ਪੁੱਤਰ ਅਤੇ ਆਪਣੀ ਨੂੰਹ ਵੱਲ ਗਿਆ।

ਜਿਹੜੇ ਪੰਜਾਬ ਤੋਂ ਬਾਹਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਦੇ ਸੀ। ਜਿਨ੍ਹਾਂ ਦੀ ਸ਼ਾਦੀ ਹੋਏ ਨੂੰ ਵੀ ਸੱਤ ਸਾਲ ਹੋ ਚੁੱਕੇ ਸਨ ਪਰ ਜਾਣ ਬੁੱਝ ਕੇ ਬੱਚਾ ਪੈਦਾ ਨਹੀਂ ਕਰ ਰਹੇ ਸਨ। ਬਿਕਰਮ ਤੇ ਉਸਦੀ ਪਤਨੀ ਦੇ ਵਾਰ-ਵਾਰ ਸਮਝਾਉਣ 'ਤੇ ਵੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਸੀ। ਜੇ ਬਿਕਰਮ ਤੇ ਉਸ ਦੀ ਪਤਨੀ ਬੱਚੇ ਨਾਲ ਸਬੰਧਤ ਕੋਈ ਗੱਲ ਕਰਦੇ ਤਾਂ ਉਹ ਇਹ ਕਹਿ ਕੇ ਟਾਲ ਦੇਂਦੇ ਅਜੇ ਸਾਨੂੰ ਬੱਚੇ ਦੀ ਜ਼ਰੂਰਤ ਨਹੀਂ ਜਦੋਂ ਲੋੜ ਮਹਿਸੂਸ ਹੋਈ ਪੈਦਾ ਕਰ ਲਵਾਂਗੇ। ਬਿਕਰਮ ਤੇ ਉਸ ਦੀ ਪਤਨੀ ਹਾਰ ਕੇ ਰਹਿ ਜਾਂਦੇ।

ਪਰ ਅੱਜ ਜਦੋਂ ਪਾਲ ਨੇ ਕਿਹਾ," ਯਾਰ ਬਿਕਰਮ! ਮੈਂ ਆਪਣੇ ਪੁੱਤਰ ਵੱਲੋਂ ਔਤ ਨਹੀਂ ਮਰਨਾ ਚਾਹੁੰਦਾ।"

ਬਿਕਰਮ ਦਾ ਵੀ ਇੱਕ ਵਾਰ ਤਾਂ ਅੰਦਰ ਵਲੂੰਧਰਿਆ ਗਿਆ।

ਵੰਸ਼, ਕੁਲ,ਔਤ ਵਰਗੇ ਸ਼ਬਦ ਉਸਨੂੰ ਵੀ ਯਾਦ ਆਏ ਪਰ ਇੱਕ ਦਮ ਉਸ ਦਾ ਖ਼ਿਆਲ, ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਸਾਹਿਬਜ਼ਾਦਿਆਂ ਤੇ ਭਗਤ ਸਿੰਘ ਹੋਰਾਂ ਵੱਲ ਚਲਾ ਗਿਆ।

 ਉਹਨਾਂ ਦੀ ਵੀ ਤਾਂ ਅੱਗੋਂ ਵੰਸ਼, ਕੁਲ, ਨਹੀਂ ਚੱਲੀ‌ !

ਕੀ ਲੋਕ ਉਹਨਾਂ ਨੂੰ ਯਾਦ ਨਹੀਂ ਕਰਦੇ ?

ਸੁਖਪਾਲ ਨੇ ਬਿਕਰਮ ਨੂੰ ਸੋਚਦਿਆਂ ਦੇਖਿਆ, ਉਸ ਨੂੰ ਲੱਗ ਰਿਹਾ ਸੀ ਕਿ ਬਿਕਰਮ ਉਸ ਦੀ ਮੁਸੀਬਤ ਦਾ ਕੋਈ ਹੱਲ ਲੱਭ ਰਿਹਾ ਹੈ।

ਕੀ ਸੋਚ ਰਿਹੈਂ ਯਾਰ ! 

ਕੀ ਮਿਲਿਆ

ਮੇਰੀ ਸਮੱਸਿਆ ਦਾ ਕੋਈ ਹੱਲ !

"ਦੇਖ ਪਾਲ ਸਿਆਂ ! ਇਹ ਗੱਲ ਅਸੀਂ ਆਪਣੇ ਮਨ 'ਚ ਬਿਠਾਈ ਹੋਈ ਹੈ। ਕੁਲ,ਵੰਸ਼ ਔਤ ਵਰਗੀਆਂ ਗੱਲਾਂ ਕੁਝ ਨਹੀਂ ਹੁੰਦੀਆਂ। ਤੂੰ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਬਾਰੇ ਸੁਣਿਐਂ ਨਾ ? ਉਹ ਸਾਰੇ ਦੇਸ਼, ਕੌਮ ਲਈ ਸ਼ਹੀਦ ਹੋ ਗਏ ਸੀ, ਉਹਨਾਂ ਦੇ ਅੱਗੋਂ ਵੰਸ਼ ਦਾ ਨਾਮ ਸੁਣਿਐਂ ? ਨਹੀਂਂ ਨਾ।

ਤੂੰ ਭਗਤ ਸਿੰਘ ਦਾ ਨਾਮ ਸੁਣਿਐਂ ?

"ਸੁਣਿਐਂ ।"

ਤੈਨੂੰ ਪਤਾ ਹੈ ਕਿ ਭਗਤ ਸਿੰਘ ਨੇ ਤਾਂ ਮੰਗਨੀ ਕਰਵਾ ਕੇ ਅਜੇ ਵਿਆਹ ਵੀ ਨਹੀਂ ਸੀ ਕਰਵਾਇਆ। ਉਹ ਵੀ ਦੇਸ਼ ਲਈ ਸ਼ਹੀਦ ਹੋ ਗਿਆ। 

ਚੰਗੇ ਲੋਕਾਂ ਨੂੰ ਵੰਸ਼,ਕੁਲ ਜਿਹੇ ਸ਼ਬਦਾਂ ਦੀ ਕੋਈ ਲੋੜ ਨਹੀਂ।

ਤੂੰ ਦੱਸ ! ਇਹਨਾਂ ਚੱਕਰਾਂ ਵਿਚ ਕਿਉ ਪਿਆ ਹੈ ? ਬਸ ਤੂੰ ਦੁਨੀਆਂ 'ਤੇ ਕੋਈ ਅਜਿਹਾ ਕੰਮ ਕਰ ਕੇ ਜਾਹ,ਤਾਂ ਜੋ ਤੈਨੂੰ ਦੁਨੀਆਂ ਯੁਗਾਂ ਯੁਗਾਂਤਰਾਂ ਤੱਕ ਯਾਦ ਰੱਖੇ। 

"ਫ਼ੇਰ ਮੈਂ ਕੀ ਕਰ ਸਕਦਾਂ ?"

ਤੂੰ ਤੇ ਭਰਜਾਈ ਅੱਜ ਤੋਂ ਹੀ ਲੋਕਾਂ ਦੀ ਸੇਵਾ ਵਿਚ ਜੁਟ ਜਾਓ। ਆਪਣੇ ਸਾਰੇ ਪੈਸੇ ਦਾ ਟਰੱਸਟ ਬਣਾ ਕੇ ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ, ਗਰੀਬ ਬੱਚੀਆਂ ਦੀ ਸ਼ਾਦੀ ਤੇ ਬਜ਼ੁਰਗ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਜਾਓ। ਜਿੰਨੀ ਦੇਰ ਦੁਨੀਆਂ ਰਹੇਗੀ ਓਨੀ ਦੇਰ ਤੁਹਾਡਾ ਨਾਮ ਚਲਦਾ ਰਹੇਗਾ। ਪਾਲ ਦੇ ਜਿਵੇਂ ਗੱਲ ਟਿਕਾਣੇ 'ਤੇ ਲੱਗ ਗਈ ਸੀ। ਉਸ ਦੀਆਂ ਅੱਖਾਂ ਵਿਚ ਇੱਕ ਨਵੀਂ ਕਿਸਮ ਦੀ ਆਸ਼ਾ ਦੀ ਕਿਰਨ ਦਿਖਾਈ ਦੇ ਰਹੀ ਸੀ। ਉਸਦੇ ਚੇਹਰੇ 'ਤੇ ਮੁੜ ਕੇ ਰੌਣਕ ਪਰਤ ਆਈ ਸੀ। ਉਸ ਨੇ ਬਿਕਰਮ ਦਾ ਹੱਥ ਚੁੰਮਿਆ ਤੇ ਉਸ ਦੇ ਹੱਥ ਨੂੰ ਹੱਥ ਵਿਚ ਫੜ ਕੇ ਰੋਜ਼ ਗਾਰਡਨ ਤੋਂ ਬਾਹਰ ਆ ਗਿਆ। ਹੁਣ ਉਸ ਦੀ ਚਾਲ ਦੇਖਣ ਵਾਲੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਦੁਨੀਆਂ ਤੋਂ ਔਤ ਨਹੀਂ ਜਾਵਾਂਗਾ।

(ਜਸਪਾਲ ਜੱਸੀ)