ਜਲ ✍ ਧੰਨਾ ਧਾਲੀਵਾਲ

ਤੀਜੀ ਪੱਤਣ ਤੇ ਜਾਕੇ ਜਲ ਮੁੱਕਜੂ,

ਤੂੰ ਵੇਲ਼ਾ ਨਾ ਗਵਾਲੀਂ ਬੰਦਿਆ

ਕਾਹਤੋਂ ਜਾਣਦਾ ਨਾ ਕੀਮਤ ਤੂੰ ਜਲ ਦੀ,

ਨਾ ਜੀਵਨ ਮੁਕਾਲੀਂ ਬੰਦਿਆ

ਤੈਨੂੰ ਪੀਣ ਲਈ ਤਿੱਪ ਵੀ ਨਾ ਲੱਭਣੀ ,

ਤੂੰ ਅਜੇ ਵੀ ਕਿਨਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਪਾਣੀ ਬਾਝੋਂ ਨਹੀਂ ਭੌਰਾ ਤੇਰਾ ਸਰਨਾ,

ਨਾ ਬੰਜਰਾਂ ਚ ਮੋਰ ਰਹਿ ਜਾਣੇ 

ਮੱਥੇ ਉੱਤੇ ਹੱਥ ਮਾਰ ਮਾਰ ਰੋਏਂਗਾ,

ਨਾ ਚਿੜੀ ਨਾ ਜਨੌਰ ਰਹਿ ਜਾਣੇ 

ਖੁਦ ਵੱਲੋਂ ਵੀ ਤੂੰ ਸੋਚਲੇ ਵਿਚਾਰਲੇ,

ਤੇ ਸੋਚਾਂ ਦਾ ਨਿਤਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਸਰਦਾਰਾ ਕਰਲੀਂ

 

ਤੇਰੇ ਪੋਤੇ ਪੜਪੋਤੇ ਜਦ ਕਹਿਣਗੇ,

ਕਿ ਸਾਡੇ ਬਾਰੇ ਸੋਚਿਆ ਨਹੀਂ

ਜਦੋਂ ਸ਼ਹਿਰੀਆ ਤੂੰ ਨਾਲ਼ੀਆਂ ਚ ਡੋਲ੍ਹਿਆ 

ਕਿਸੇ ਨੇ ਕਾਹਤੋਂ ਟੋਕਿਆ ਨਹੀਂ

ਪਾਣੀ ਬਿਨਾ ਨਾ ਪਿਆਸ ਤੇਰੀ ਬੁਝਣੀ,

ਤੂੰ ਗੌਰ ਮੇਰੇ ਯਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਤੀਜੀ ਪੱਤਣ  ਜਵਾਬ ਜਦੋਂ ਦੇ ਜਾਊ,

ਤਾਂ ਬਹੁਤ ਬੁਰਾ ਹਾਲ ਹੋਵੇਗਾ

ਧੰਨਾ ਧਾਲੀਵਾਲ ਸੱਚੋ ਸੱਚ ਲਿਖਦਾ,

ਤੇ ਪਿਆ ਜਦ ਕਾਲ਼ ਹੋਵੇਗਾ

ਏਸ ਧਰਤ ਦਾ ਵੇਖੀਂ ਇਨਸਾਨਾਂ,

ਗਰਮ ਨਾ ਓਏ ਪਾਰਾ ਕਰਲੀਂ

ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,

 ਖ਼ਿਆਲ ਸਰਦਾਰਾ ਕਰਲੀਂ

ਹੁੰਦੀ ਪਾਣੀ ਦੀ ਏ ਬੂੰਦ ਬੂੰਦ ਕ਼ੀਮਤੀ,

ਓ ਹੋਸ਼ ਜਿੰਮੀਦਾਰਾ ਕਰਲੀਂ

 

ਧੰਨਾ ਧਾਲੀਵਾਲ:-9878235714