ਬੇਮੌਸਮੀ ਬਾਰਿਸ਼ ਕਾਰਨ ਡੇਂਗੂ ਫੈਲਣ ਦਾ ਖਤਰਾ ਵਧਿਆ

ਡੇਂਗੂ ਤੋਂ ਬਚਾਅ ਲਈ ਜਮ੍ਹਾ ਹੋਏ ਸਾਫ ਪਾਣੀ ਦੀ ਨਿਕਾਸੀ ਜਰੂਰੀ - ਲੂੰਬਾ

ਸ਼ਹਿਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕਰਵਾਈ ਮੁਨਾਦੀ

ਮੋਗਾ , 01 ਅਪ੍ਰੈਲ -( ਜਸਵਿੰਦਰ ਸਿੰਘ ਰੱਖਰਾ ) :-ਮਾਰਚ ਮਹੀਨੇ ਵਿੱਚ ਔਸਤ ਤੋਂ ਕਿਤੇ ਜਿਆਦਾ ਬਾਰਿਸ਼ ਹੋਣ ਕਾਰਨ ਜਗ੍ਹਾ ਜਗ੍ਹਾ ਤੇ ਸਾਫ ਪਾਣੀ ਦੀ ਖੜੋਤ ਹੋ ਚੁੱਕੀ ਹੈ, ਜਿਸ ਵਿੱਚ ਡੇਂਗੂ ਲਾਰਵਾ ਪਨਪਣਾ ਸ਼ੂਰੂ ਹੋ ਗਿਆ ਹੈ ਅਤੇ ਡੇੰਗੂ ਦਾ ਅਡਲਟ ਮੱਛਰ ਵੀ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਡੇਂਗੂ ਫੈਲਣ ਦਾ ਖਤਰਾ ਵਧ ਗਿਆ ਹੈ। ਡੇੰਗੂ ਤੋਂ ਬਚਾਅ ਲਈ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਰੂਰਤ ਹੈ ਤੇ ਘਰਾਂ ਦੀਆਂ ਛੱਤਾਂ, ਖਾਲੀ ਪਲਾਟਾਂ, ਟੋਇਆਂ, ਖੁੱਲ੍ਹੇ ਅਸਮਾਨ ਹੇਠ ਪਏ ਕਬਾੜ ਦੇ ਸਮਾਨ ਅਤੇ ਟਾਇਰਾਂ ਆਦਿ ਵਿੱਚ ਜਮ੍ਹਾਂ ਹੋਏ ਸਾਫ ਪਾਣੀ ਦੀ ਤੁਰੰਤ ਨਿਕਾਸੀ ਅਤਿ ਜਰੂਰੀ ਹੈ, ਨਹੀਂ ਤਾਂ ਇਨ੍ਹਾਂ ਵਿੱਚੋਂ ਪੈਦਾ ਹੋਇਆ ਮੱਛਰ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ। ਫ੍ਰਾਈਡੇ ਡ੍ਰਾਈਡੇ ਮੁਹਿੰਮ ਅਧੀਨ ਅੱਜ ਮੋਗਾ ਸ਼ਹਿਰ ਦੇ ਕਬਾੜ ਬਜਾਰ ਅਤੇ ਟਾਇਰਾਂ ਵਾਲੀਆਂ ਦੁਕਾਨਾਂ ਦੀ ਜਾਂਚ ਕਰਨ ਉਪਰੰਤ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਬਾਰਿਸ਼ਾਂ ਕਾਰਨ ਇਸ ਵਾਰ ਪੰਜਾਬ ਵਿੱਚ ਅਗੇਤੇ ਡੇਂਗੂ ਕੇਸ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸਿਹਤ ਵਿਭਾਗ ਮੋਗਾ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਮੁਨਾਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਜਾਂਚ ਮੁਹਿੰਮ ਹੋਰ ਤੇਜ ਕੀਤੀ ਜਾਵੇਗੀ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਕਬਾੜ ਅਤੇ ਟਾਇਰਾਂ ਦੀਆਂ ਦੁਕਾਨਾਂ, ਫੈਕਟਰੀਆਂ, ਸਰਕਾਰੀ ਅਤੇ ਗੈਰ-ਸਰਕਾਰੀ ਦਫਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲਾਰਵਾ ਮਿਲਣ ਤੇ ਚਲਾਨ ਕੱਟੇ ਜੁਰਮਾਨੇ ਲਗਾਏ ਜਾਣਗੇ। ਇਸ ਲਈ ਸਭ ਨੂੰ ਬੇਨਤੀ ਹੈ ਕਿ ਅਗਲੇ ਦੋ ਤਿੰਨ ਦਿਨਾਂ ਵਿੱਚ ਉਹ ਆਪਣੀਆਂ ਦੁਕਾਨਾਂ, ਫੈਕਟਰੀਆਂ ਅਤੇ ਦਫਤਰਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਆਸਮਾਨ ਹੇਠ ਪਏ ਸਮਾਨ ਦੀ ਖੁਦ ਜਾਂਚ ਕਰਕੇ ਪਾਣੀ ਦੀ ਨਿਕਾਸੀ ਕਰ ਦੇਣ। ਜਿਲ੍ਹਾ ਪ੍ਰੋਗਰਾਮ ਅਫਸਰ ਡਾ ਸੁਮੀ ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ ਮੋਗਾ ਜਿਲਾ ਆਮ ਲੋਕਾਂ ਦੇ ਸਹਿਯੋਗ ਸਦਕਾ ਸਭ ਤੋਂ ਘੱਟ ਡੇੰਗੂ ਕੇਸਾਂ ਵਾਲੇ ਜਿਲਿਆਂ ਵਿੱਚ ਸ਼ਾਮਲ ਰਿਹਾ ਹੈ ਤੇ ਸਾਨੂੰ ਇਸ ਵਾਰ ਉਸ ਤੋਂ ਵੀ ਵੱਧ ਸਹਿਯੋਗ ਦੀ ਆਸ ਹੈ। ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਡੇੰਗੂ ਦੀ ਰੋਕਥਾਮ ਵਿੱਚ ਸਿਹਤ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਅੱਜ ਦੀ ਟੀਮ ਵਿੱਚ ਮਲਟੀਪਰਪਜ ਹੈਲਥ ਵਰਕਰ ਗਗਨਪ੍ਰੀਤ ਸਿੰਘ ਵੀ ਸ਼ਾਮਲ ਸੀ।