ਜਗਰਾਉਂ ‘ਚ ਅਫ਼ੀਮ ਦੀ ਖੇਤੀ ਕਰਨ ਵਾਲਾ ਕਿਸਾਨ ਗ੍ਰਿਫਤਾਰ

ਐਨਡੀਪੀਐਸ ਐਕਟ ਤਹਿਤ ਕੇਸ ਦਰਜ

ਜਗਰਾਉਂ, 12 ਮਾਰਚ-(ਅਮਿਤ ਖੰਨਾ/ਗੁਰਕਿਰਤ ਜਗਰਾਓਂ) ਹਲਕਾ ਜਗਰਾਓ ਵਿੱਚ ਅਤੇ ਜਗਰਾਓ ਸਹਿਰ ਦੇ ਬਹੁਤ ਹੀ ਨਜਦੀਕ ਦੇ ਪਿੰਡ ਚ ਕਿਸਾਨ ਨੇ ਗੈਰ-ਕਾਨੂੰਨੀ ਢੰਗ ਨਾਲ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ।  ਪੁਲੀਸ ਨੇ ਅਫੀਮ ਦੀ ਖੇਤੀ ਕਰਨ ਦੇ ਦੋਸ਼ ਵਿੱਚ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿੱਚ ਆਪਣੇ ਖੇਤ ਵਿੱਚ ਅਫੀਮ ਦੇ ਬੂਟੇ ਉਗਾ ਰਿਹਾ ਹੈ।ਪੌਦਿਆਂ ਵਿੱਚ ਚੀਰਾ ਵੀ ਲਾਇਆ ਗਿਆ ਹੈ। ਕੁਝ ਦਿਨਾਂ ਵਿਚ ਉਹ ਫੁੱਲਾਂ ਵਿਚੋਂ ਅਫੀਮ ਕੱਢਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਸਮੇਂ ਸਿਰ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮ ਪੌਦਿਆਂ ਸਮੇਤ ਫੜਿਆ ਜਾ ਸਕਦਾ ਹੈ। ਇਸ ਸੂਚਨਾ 'ਤੇ ਏ.ਐਸ.ਆਈ ਗੁਰਨਾਮ ਸਿੰਘ ਨੇ ਮੁਲਾਜ਼ਮਾਂ ਦੇ ਨਾਲ ਖੇਤਾਂ 'ਚ ਛਾਪਾ ਮਾਰ ਕੇ 62 ਬੂਟੇ (5 ਕਿਲੋ 175 ਗ੍ਰਾਮ) ਬਰਾਮਦ ਕੀਤੇ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਨੌਜਵਾਨਾਂ ਨੂੰ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਤੋਂ ਬਚਾਇਆ ਜਾ ਸਕੇ। ਪਿਛਲੇ ਕਈ ਦਿਨਾਂ ਵਿੱਚ ਜਗਰਾਉੰ ਹਲਕੇ ਅੰਦਰ ਹੋਰ ਵੀ ਕਈ ਘਟਨਾਵਾਂ ਅਫੀਮ ਦੀ ਖੇਤੀ ਦੇ ਨਾਲ ਜੁੜੀਆਂ ਹੋਈਆਂ ਹਨ ਸਾਹਮਣੇ ਆਈਆਂ ਹਨ।