ਮਹਾਨ ਵਿਦਵਾਨ ਤੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਪ੍ਰੋ.ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਦੇ ਘਰ ਪਿੰਡ ਫਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਆਪ ਜੀ ਦਾ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ.ਸਾਹਿਬ ਸਿੰਘ ਦਾ ਬਚਪਨ ਦਾ ਨਾਂ ਨੱਥੂ ਰਾਮ ਸੀ ਪਰ ਬਾਅਦ ਵਿੱਚ ਸਿੰਘ ਸਭਾ ਲਹਿਰ ਅਧੀਨ ਅੰਮ੍ਰਿਤ ਛਕਣ ਤੋਂ ਬਾਅਦ ਸਾਹਿਬ ਸਿੰਘ ਨਾਂ ਰੱਖਿਆ ਗਿਆ।

ਬਚਪਨ ਵਿੱਚ ਮੁਢਲੀ ਵਿੱਦਿਆ ਆਪ ਨੇ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਸਕੂਲ ਰਈਏ ਵਿੱਚੋਂ ਪੰਜਵੀਂ ਪਾਸ ਕੀਤੀ। ਉਸ ਤੋਂ ਬਾਅਦ ਮਿਡਲ ਪੜ੍ਹਾਈ ਲਈ ਗੋਤਾ ਫਤਿਹਗੜ੍ਹ ਵਿਖੇ ਦਾਖਲਾ ਲਿਆ। ਮਿਡਲ ਸਕੂਲ ਦੀ ਪੜ੍ਹਾਈ ਚੰਗੇ ਅੰਕਾਂ ਨਾਲ਼ 1905 ਵਿੱਚ ਪਾਸ ਕਰ ਲਈ। ਉਸ ਤੋਂ ਬਾਅਦ ਆਪ ਨੇ ਸੰਸਕ੍ਰਿਤ ਵਿੱਚ ਵੀ ਚੰਗੀ ਵਿੱਦਿਆਂ ਪ੍ਰਾਪਤ ਕੀਤੀ।

ਇਸ ਦੌਰਾਨ ਹੀ 1905 ਵਿੱਚ ਆਪ ਜੀ ਦਾ ਵਿਆਹ ਦੁਰਗਾ ਨਾਲ਼ ਹੋਇਆ। ਜਿਸ ਨੇ ਆਪਣਾ ਨਾਂ ਆਗਿਆ ਕੌਰ ਰੱਖ ਲਿਆ ਸੀ। ਪਰ ਇਹ ਸਾਥ ਬਹੁਤਾ ਲੰਬਾ ਸਮਾਂ ਨਹੀਂ ਨਿਭਿਆ 1932 ਵਿੱਚ ਪਤਨੀ ਦੀ ਮੌਤ ਹੋ ਗਈ।

20 ਜੁਲਾਈ 1907 ਨੂੰ ਆਪ ਜੀ ਦੇ ਪਿਤਾ ਦੀ ਮੌਤ ਹੋਗੀ ਪਰ ਉਹਨਾਂ ਦੀ ਅੰਤਿਮ ਇੱਛਾ ਸੀ ਕਿ ਸਾਹਿਬ ਸਿੰਘ 10 ਜਮਾਤਾਂ ਜ਼ਰੂਰ ਪੜ੍ਹੇ। ਘਰੇ ਅੰਤਾਂ ਦੀ ਗ਼ਰੀਬੀ ਸੀ। ਆਪ ਜੀ ਦੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੂੰਬਾਂ ਗਹੀਣੇ ਰੱਖਕੇ ਆਪਣੇ ਭਰਾ ਦਾ ਸੁਪਨਾ ਆਪਣੇ ਭਤੀਜੇ ਨੂੰ ਦਸ ਪਾਸ ਕਰਾਕੇ ਪੂਰਾ ਕੀਤਾ।

ਪ੍ਰੋ.ਸਾਹਿਬ ਸਿੰਘ ਦੀ ਇਸ ਤੋਂ ਅੱਗੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਦਿਲੀਂ ਰੀਝ ਤੇ ਮਿਹਨਤ ਨਾਲ਼ ਅੱਗੇ ਵਧਣ ਦਾ ਜਨੂੰਨ ਸੀ। ਇਸ ਕੰਮ ਵਿੱਚ ਆਪ ਦੇ ਇੱਕ ਅਧਿਆਪਕ ਨੇ ਦਿਆਲ ਸਿੰਘ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਤੇ ਨਾਲ਼ ਅੱਧੀ ਫੀਸ ਮਾਫ ਕਰਵਾ ਦਿੱਤੀ ਤੇ ਖ਼ੁਦ ਕੋਲੋਂ ਜਿੰਨੀ ਵੀ ਮੱਦਦ ਹੁੰਦੀ ਕਰਦੇ ਰਹੇ। ਚੀਫ਼ ਖ਼ਾਲਸਾ ਦੀਵਾਨ ਨੇ ਆਪ ਨੂੰ 5 ਰੁਪੈ ਵਜ਼ੀਫਾ ਵੀ ਦੇਣਾ ਸ਼ੁਰੂ ਕੀਤਾ। ਆਪ ਨੇ 1913 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐੱਫ ਏ ਪਾਸ ਕੀਤੀ। ਪ੍ਰੋ.ਗੁਲਬਹਾਰ ਸਿੰਘ ਨੇ ਵੀ ਆਪ ਜੀ ਦੀ ਕਾਫੀ ਮੱਦਦ ਕੀਤੀ। 1915 ਵਿੱਚ ਗੌਰਮਿੰਟ ਕਾਲਜ ਲਾਹੌਰ ਤੋਂ ਆਪ ਜੀ ਨੇ ਬੀ.ਏ ਪਾਸ ਕਰ ਲਈ। ਵੈਸੇ ਆਪ ਜੀ ਨੇ ਦੱਸਵੀਂ ਪਾਸ ਕਰਕੇ 1909 ਵਿੱਚ ਹੀ ਸੈਕਿੰਡ ਮਾਸਟਰ ਦੀ 15 ਰੂਪੈ ਤਨਖਾਹ 'ਤੇ ਮਿਡਲ ਸਕੂਲ ਸਾਂਗਲਾਂ ਵਿਖੇ ਨੌਕਰੀ ਕੀਤੀ। ਇਸ ਤੋਂ ਬਾਅਦ 1910 ਵਿੱਚ ਨੌਕਰੀ ਤੋਂ ਜਵਾਬ ਮਿਲ਼ਨ ਕਰਕੇ ਆਪ ਜੀ ਨੇ 20 ਰੂਪੈ ਮਹੀਨੇ 'ਤੇ ਡਾਕਖਾਨੇ ਵਿੱਚ ਕਲਰਕ ਦੀ ਨੌਕਰੀ ਕੀਤੀ। ਪਰ ਅੱਗੇ ਪੜ੍ਹਨ ਦੀ ਇੱਛਾ ਨੇ ਇੱਥੇ ਵੀ ਬਹੁਤਾ ਸਮਾਂ ਟਿਕਣ ਨਾ ਦਿੱਤਾ। ਜਿਵੇਂ ਪਹਿਲਾਂ ਗੱਲ ਕੀਤੀ ਕਿ ਆਪ ਜੀ ਨੇ 1915 ਵਿੱਚ ਬੀ.ਏ ਕੀਤੀ ਤਾਂ ਉਸ ਉਪਰੰਤ ਖਾਲਸਾ ਹਾਈ ਸਕੂਲ ਫਰੂਕਾ ਵਿੱਚ 75 ਰੂਪੈ ਮਹੀਨੇ ਦੀ ਨੌਕਰੀ ਕੀਤੀ। ਇੱਥੇ ਹੀ ਬੋਰਡਿੰਗ ਹਾਊਸ ਦੇ ਇੰਚਾਰਜ ਦੀ ਨਾਲ਼ ਸੇਵਾ ਨਿਭਾਉਣ ਬਦਲੇ ਆਪ ਜੀ ਨੂੰ 20 ਰੂਪੈ ਅਲੱਗ ਮਿਲ਼ਨ ਲੱਗੇ। ਇਸ ਦੌਰਾਨ ਹੀ ਆਪ ਨੇ ਆਪਣੇ ਪਿਛਲੇ ਸਾਰੇ ਕਰਜੇ ਉਤਾਰੇ। ਖਾਲਸਾ ਕਾਲਜ ਗੁੱਜਰਾਂਵਾਲਾ ਹੋਂਦ ਆਉਣ ਤੇ ਇੱਥੇ ਆਪ ਜੀ ਦਾ ਮੇਲ ਪ੍ਰਸਿੱਧ ਵਿਦਵਾਨ ਭਾਈ ਜੋਧ ਸਿੰਘ ਨਾਲ਼ ਹੋਇਆ,ਆਪ ਜੀ ਸੰਸਕ੍ਰਿਤ ਦੇ ਨਾਲ਼ ਗੁਰਬਾਣੀ ਖੋਜ ਤੇ ਸਿੱਖ ਧਰਮ ਅਧਿਐਨ ਤੇ ਕਾਰਜ ਅਰੰਭਿਆ।

ਆਪ ਜੀ ਨੇ 1920 ਦੇ ਦਹਾਕੇ ਵਿਚ ਗੁਰਦਵਾਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। ਆਪ ਜੀ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤੱਕ ਤੇ ਅਕਤੂਬਰ 1923 ਤੋਂ ਮਾਰਚ 1924 ਤੱਕ ਜੇਲ੍ਹ ਯਾਤਰਾ ਵੀ ਕੀਤੀ।

1921 ਵਿੱਚ ਆਪ ਜੀ ਨੇ ਪ੍ਰੋਫੈਸਰੀ ਛੱਡਕੇ ਸ਼੍ਰੋਮਣੀ ਕਮੇਟੀ ਵਿੱਚ ਮੀਤ ਪ੍ਰਧਾਨ ਦੇ ਆਹੁਦੇ ਤੇ ਕੰਮ ਕੀਤਾ ਤੇ 1927 ਵਿੱਚ ਇੱਥੋਂ ਵੀ ਅਸਤੀਫਾ ਦੇ ਕੇ ਮੁੜ ਗੁਜਰਾਂਵਾਲਾ ਕਾਲਜ ਵਿੱਚ ਨੌਕਰੀ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਸੱਦੇ 'ਤੇ 1929 ਵਿੱਚ ਪਹੁੰਚੇ ਪਰ ਪਹਿਲਾਂ ਤੋਂ ਮੋਰਚਿਆਂ ਵਿੱਚ ਸਰਗਰਮੀਆਂ ਕਰਕੇ ਆਪ ਜੀ ਨੂੰ ਇੱਥੇ ਨਿਯੁਕਤੀ ਲਈ ਵਿਚਾਰਿਆ ਨਹੀਂ ਗਿਆ। ਇਸ ਤੋਂ ਬਾਅਦ ਸੁੰਦਰ ਸਿੰਘ ਮਜੀਠੀਆ ਨਾਲ਼ ਰਾਬਤਾ ਬਣਾਉਂਦਿਆਂ ਕਾਲਜ ਦੇ ਪ੍ਰਿੰਸੀਪਲ ਤੱਕ ਪਹੁੰਚ ਕਰਕੇ ਨਵੰਬਰ 1929 ਤੋਂ 1952 ਤੱਕ ਖਾਲਸਾ ਕਾਲਜ ਵਿੱਚ ਹੀ ਸੇਵਾ ਨਿਭਾਈ। ਇਸ ਉਪਰੰਤ ਲਗਪਗ 10 ਸਾਲ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਨਿਭਾਈ।

ਇਸ ਦੌਰਾਨ ਹੀ ਆਪ ਜੀ ਨੇ 1933 ਵਿੱਚ ਹੀ ਆਪਣਾ ਦੂਜਾ ਵਿਆਹ ਰਤਨ ਕੌਰ ਨਾਲ਼ ਕਰਵਾਇਆ। ਆਪ ਜੀ ਦੀ ਵਿਆਹੁਤਾ ਜ਼ਿੰਦਗੀ ਵਿੱਚ ਦੋਵਾਂ ਪਤਨੀਆਂ ਦੀ ਕੁੱਖੋਂ 6 ਲੜਕੇ 2 ਲੜਕੀਆਂ ਪੈਦਾ ਹੋਈਆਂ।

ਆਪਣੇ ਪੁੱਤਰ ਡਾ. ਦਲਜੀਤ ਸਿੰਘ ਨਾਲ਼ 1968 ਵਿੱਚ ਆਪ ਜੀ ਪਟਿਆਲੇ ਆਕੇ ਗੁਰਮਤਿ ਕਾਲਜ ਪਟਿਆਲੇ ਗੁਰਬਾਣੀ ਪੜ੍ਹਾਉਣ ਲੱਗੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਜੀ ਨੂੰ 1971 ਵਿੱਚ ਡੀ ਲਿੱਟ ਦੀ ਡਿਗਰੀ ਦੇ ਕੇ ਮਾਣ ਬਖ਼ਸ਼ਿਆ। 

ਗੁਰਬਾਣੀ ਵਿਆਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ।), ਜਾਪ ਸਾਹਿਬ, ਸਵੱਈਏ ਤੇ ਚੌਪਈ ਸਾਹਿਬ ਸਟੀਕ,ਆਦਿ ਬੀੜ ਬਾਰੇ,ਸਦਾਚਾਰਕ ਲੇਖ,ਸਰਬਤ ਦਾ ਭਲਾ,ਸਿੱਖ ਸਿਦਕੁ ਨ ਹਾਰੇ,ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ,ਗੁਰ ਇਤਿਹਾਸ,ਗੁਰਬਾਣੀ ਤੇ ਇਤਿਹਾਸ ਬਾਰੇ,ਗੁਰਬਾਣੀ ਪ੍ਰਬੋਧ,ਗੁਰਮਤਿ ਪ੍ਰਚਾਰ,ਚਾਨਣ ਮੁਨਾਰੇ,ਧਰਮ ਤੇ ਸਦਾਚਾਰ,ਧਾਰਮਿਕ ਲੇਖ,ਪੰਜਾਬੀ ਸੁਹਜ ਪ੍ਰਕਾਸ਼,ਪੰਜਾਬੀ ਛੰਦ ਦੇ ਅਲੰਕਾਰ,ਬੁਰਾਈ ਦਾ ਟਾਕਰਾ,ਜੀਵਨ ਬਿਰਤਾਂਤ (ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ) ਇਸ ਤੋਂ ਇਲਾਵਾ ਬਹੁਤ ਸਾਰੇ ਖੋਜ ਪੱਤਰ ਤੇ ਨਿਬੰਧ ਪੱਤਰ ਆਪ ਜੀ ਦੇ ਲਿਖੇ ਮਿਲ਼ਦੇ ਹਨ। ਸਿੱਖ ਧਰਮ,ਗੁਰਬਾਣੀ,ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਆਪ ਜੀ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ।

ਗੁਰਬਾਣੀ ਵਿਆਕਰਣ ਆਪ ਜੀ ਨੇ 1932 ਵਿੱਚ ਪੂਰੀ ਕਰ ਲਈ ਸੀ ਇਸ ਬਦਲੇ ਆਪ ਨੂੰ 1000 ਰੂਪੈ ਇਨਾਮ ਵੀ ਮਿਲਿਆ ਸੀ।

ਗੁਰਬਾਣੀ ਵਿਆਕਰਣ ਦਾ ਅਰੰਭ ਵਰਣਬੋਧ ਨਾਲ਼ ਹੁੰਦਾ ਹੈ। ਜਿਸ ਵਿੱਚ ਉਚਾਰਨ ਸਥਾਨਾਂ ਆਦਿ ਦੇ ਨਿਯਮਾਂ ਬਾਰੇ ਦੱਸਿਆ ਗਿਆ ਹੈ।

ਦੂਜੇ ਭਾਗ ਵਿੱਚ ਵਾਕ ਅੰਗ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਤੀਜੇ ਭਾਗ ਵਿੱਚ ਵਾਕ ਰਚਨਾ ਵਿਚਾਰ ਬਾਰੇ ਤੇ ਚੌਥੇ ਭਾਗ ਵਿੱਚ ਫੁਟਕਲ ਨਿਯਮਾਂ ਬਾਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਇਸ ਭਾਗ ਵਿੱਚ ਹੀ ਪੰਜਾਬੀ ਮੁਹਾਵਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਪ੍ਰਯੋਗ ਬਾਰੇ ਵਿਚਾਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਪ੍ਰੋ.ਸਾਹਿਬ ਸਿੰਘ ਨੇ ਗੁਰਬਾਣੀ ਦੀ ਟੀਕਾਕਾਰੀ ਲਈ ਆਪਣੀ ਜ਼ਿੰਦਗੀ ਦੇ ਅਨਮੁੱਲੇ ਵਰ੍ਹੇ ਲੇਖੇ ਲਾਏ। ਉਹਨਾਂ ਲਗਾਤਾਰ ਮਿਹਨਤ ਤੇ ਸਬਰ ਨਾਲ਼ ਚੱਲਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-10 ਜਿਲਦਾਂ ਦਾ ਮਹਾਨ ਕਾਰਜ ਕੀਤਾ,ਉਹ ਆਪਣੇ ਆਪ ਵਿੱਚ ਹੀ ਮਹਾਨ ਕਾਰਜ ਹੋ ਨਿੱਬੜਿਆ। ਆਪ ਜੀ ਨੇ ਆਪਣੀ ਟੀਕਾ ਵਿਧੀ ਵਿੱਚ ਕਿਸੇ ਪ੍ਰਕਾਰ ਦੀ ਵੀ ਸ਼ੰਕਾ ਦੀ ਗੁਜਾਇਸ਼ ਨਹੀਂ ਰਹਿਣ ਦਿੱਤੀ। ਆਪ ਜੀ ਦੀ ਟੀਕਾਕਾਰੀ ਦਾ ਵਿਸ਼ੇਸ਼ ਗੁਣ ਸੰਜਮ ਸੀ, ਜੋ ਟੀਕਾਕਾਰੀ ਦੀ ਇੱਕ ਵਿਸ਼ੇਸ਼ ਲੋੜ ਵੀ ਹੈ। ਇਸ ਤੋਂ ਇਲਾਵਾ ਦਲੀਲ ਨਾਲ਼ ਆਪਣਾ ਪੱਖ ਰੱਖਣਾ ਵੀ ਆਪ ਜੀ ਦਾ ਵਿਸ਼ੇਸ਼ ਗੁਣ ਸੀ। ਆਪ ਨੇ ਜੋ ਕਾਰਜ ਕੀਤਾ ਇੱਕ ਭਾਸ਼ਾ ਵਿਗਿਆਨੀ ਤੇ ਵਿਆਕਰਣਵੇਤਾ ਦੇ ਨਜ਼ਰੀਏ ਤੋਂ ਕੀਤਾ। ਆਪ ਨੇ ਸ਼ਰਧਾ ਪੱਖ ਕਿਤੇ ਵੀ ਭਾਰੂ ਨਹੀਂ ਪੈਣ ਦਿੱਤਾ ਸਗੋਂ ਵਿਗਿਆਨਕ ਪੱਖ ਤੋਂ ਸਹੀ ਨਿਯਮਾਂ ਨੂੰ ਹੀ ਅਪਣਾਇਆ।

ਆਪ ਜੀ ਨੇ ਜਿੱਥੇ ਪਹਿਲੇ ਗੁਰੂ ਤੋਂ ਦਸਵੇਂ ਗੁਰੂ ਤੱਕ ਜੀਵਨੀਆਂ ਲਿਖਣ ਵੇਲ਼ੇ ਵੀ ਤਰਕ ਅਧਾਰਤ ਕਾਰਜ ਕੀਤਾ। ਉੱਥੇ ਨਾਲ਼ ਹੀ ਬਾਬਾ ਫ਼ਰੀਦ,ਭਾਈ ਗੁਰਦਾਸ, ਸਤਾ ਬਲਵੰਡ, ਭਗਤ ਨਾਮਦੇਵ ਆਦਿ ਬਾਰੇ ਵੀ ਚੰਗੀ ਤਰ੍ਹਾਂ ਪੜਚੋਲ ਕਰਕੇ ਲਿਖਿਆ। ਗੁਰ ਇਤਿਹਾਸ ਲਿਖਣ ਲੱਗਿਆਂ ਆਪ ਨੇ ਕਰਾਮਾਤੀ ਅੰਸ਼ਾਂ ਵਾਲੀਆਂ ਘਟਨਾਵਾਂ ਨੂੰ ਇੱਕ ਪਾਸੇ ਹੀ ਰੱਖਿਆ। ਪ੍ਰੋ.ਸਾਹਿਬ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 121 ਦੇ ਕਰੀਬ ਲੇਖ ਲਿਖੇ। ਆਪ ਨੇ ਸਵੈ-ਜੀਵਨੀ 'ਮੇਰੀ ਜੀਵਨ ਕਹਾਣੀ' ਲਿਖੀ ਜਿਸ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਪੱਖ ਬਿਲਕੁਲ ਨੰਗੇ ਸੱਚ ਲਿਖੇ। ਪ੍ਰੋ.ਸਾਹਿਬ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਬਾਰੇ ਜਿੰਨ੍ਹਾਂ ਵੀ ਲਿਖ ਸਕੀਏ ਉਹਨਾਂ ਹੀ ਥੋੜ੍ਹਾ ਕਿਉਂਕਿ ਉਹਨਾਂ ਨੇ ਜੋ ਕਾਰਜ ਕੀਤਾ ਉਹ ਕਿਸੇ ਸੰਸਥਾ ਦੇ ਕੀਤੇ ਕਾਰਜ ਤੋਂ ਵੀ ਵੱਡਾ ਹੈ। ਅਜਿਹੇ ਮਹਾਨ ਕਾਰਜ ਪਿੱਛੇ ਜੋ ਜਨੂੰਨ ਭਾਈ ਸਾਹਿਬ ਦੇ ਮਨ ਵਿੱਚ ਸੀ ਇਹ ਸਭ ਉਸ ਦੀ ਬਦੌਲਤ ਹੀ ਹੋਇਆ। 

ਪ੍ਰੋ.ਪ੍ਰੀਤਮ ਸਿੰਘ ਨੇ ਆਪ ਜੀ ਨੂੰ ‘ਗੁਰੂ ਗ੍ਰੰਥ ਸਾਹਿਬ ਦਾ ਪਾਣਿਨੀ’ ਕਹਿ ਕੇ ਵਡਿਆਉਂਦੇ ਹਨ।

ਪ੍ਰੋ. ਸਾਹਿਬ ਸਿੰਘ ਜੀ ਦਾ ਸਾਰਾ ਜੀਵਨ ਬਹੁਤ ਸਾਦਾ ਗੁਰਮਤਿ ਅਨੁਸਾਰ ਹੀ ਰਿਹਾ। ਇੱਕ ਵਾਰ ਪੰਜਾਬ ਐਜੂਕੇਸ਼ਨ ਬੋਰਡ ਨੇ ਪ੍ਰੋ.ਸਾਹਿਬ ਸਿੰਘ ਜੀ ਨਾਲ ਸੰਪਰਕ ਕੀਤਾ ਕਿ ਉਹ ਪੰਜਾਬੀ ਵਿਆਕਰਣ ਬਣਾ ਕੇ ਦੇਣ,ਜਿਸ ਦੇ ਬਦਲੇ ਵਿੱਚ ਉਹਨਾਂ ਦੀ ਮਿਹਨਤ ਵਜੋਂ ਬੋਰਡ ਉਹਨਾਂ ਨੂੰ 20000 ਰੁਪਏ ਦੇਵੇਗਾ ਪਰ ਭਾਈ ਸਾਹਿਬ ਨੇ ਇਹ ਕਹਿ ਇਨਕਾਰ ਕਰ ਦਿੱਤਾ ਕਿ "ਮੇਰੇ ਪਾਸ ਜੋ ਸਮਾਂ ਹੈ ਉਸ ਦਾ ਇਕ ਇਕ ਪਲ ਗੁਰੂ ਲਈ ਹੈ,ਵਿਆਕਰਣਾਂ ਲਿਖ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ.." ਆਪ ਜੀ ਨੇ ਗੁਰੂ ਪ੍ਰਤਿ ਸਮਰਪਿਤ ਹੋਕੇ ਹੀ 29 ਅਕਤੂਬਰ 1977 ਤੱਕ ਆਪਣੀ ਸਾਰੀ

ਜ਼ਿੰਦਗੀ ਬਿਤਾਈ। ਪ੍ਰੋ. ਸਾਹਿਬ ਸਿੰਘ ਆਪਣੇ ਕੀਤੇ ਮਹਾਨ ਕਾਰਜਾਂ ਸਦਕਾ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਲੋੜ ਹੈ ਉਹਨਾਂ ਦੀ ਮਹਾਨ ਸ਼ਖ਼ਸੀਅਤ ਤੋਂ ਉਹਨਾਂ ਦੀ ਜੀਵਨੀ ਤੋਂ ਉਹਨਾਂ ਦੇ ਚੰਗੇ ਗੁਣਾਂ ਨੂੰ ਮਨ ਵਿੱਚ ਵਸਾਈਏ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ