ਕਈ ਮਹੀਨਿਆਂ ਤੋਂ ਚੱਲੇ ਆ ਰਹੇ ਤਣਾਅ ਤੋਂ ਬਾਅਦ ਆਖਰਕਾਰ ਭਾਰਤ/ਚੀਨ ਸੀਮਾ ਤੋਂ ਦੋਨਾਂ ਸੈਨਾਵਾਂ ਦੇ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਭਾਰਤ ਦੇ ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਜਸਭਾ ਵਿਚ ਦੋਨਾਂ ਧਿਰਾਂ ਵਿਚ ਬਣੀ ਸਹਿਮਤੀ ਬਾਰੇ ਦੇਸ਼ ਨੂੰ ਜਾਣੂ ਕਰਵਾਇਆ। ਬੀਤੇ ਸਾਲ ਜੂਨ 2020 ਵਿੱਚ ਹੋਏ ਗਲਵਾਨ ਘਾਟੀ ਦੇ ਟਕਰਾਅ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ।ਉਸ ਤਣਾਅ ਨੂੰ ਘੱਟ ਕਰਨ ਲਈ ਦੋਨੋ ਦੇਸ਼ਾਂ ਵੱਲੋ ਪੈਂਗੋਂਗ ਝੀਲ ਤੋਂ ਫੋਜਾਂ ਨੂੰ ਆਪਣੇ-ਆਪਣੇ ਸਥਾਨ ਤੋਂ ਪਿੱਛੇ ਹਟਾਉਣਾ ਯਕੀਨਨ ਇਕ ਸਾਕਾਰਾਤਮਕ ਕਦਮ ਹੈ।ਜਿਵੇਂ ਕਿ ਰਕਸ਼ਾਮੰਤਰੀ ਨੇ ਇਹ ਵੀ ਦੱਸਿਆ ਕੀ ਇਹ ਸਹਿਮਤੀ ਹਾਲਾਤਾਂ ਨੂੰ ਅਪ੍ਰੈਲ 2020 ਤੋਂ ਪਹਿਲਾਂ ਵਰਗੇ ਬਣਾਉਣ ਨੂੰ ਲੈਕੇ ਬਣੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਤੇ ਚੀਨੀ ਸੈਨਿਕ ਫੀਂਗਰ 8 ਦੇ ਕੋਲ ਜਦਕਿ ਭਾਰਤੀ ਸੈਨਿਕ ਫੀਂਗਰ 3 ਦੇ ਕੋਲ ਰਹਿਣਗੇ। ਅਪ੍ਰੈਲ ਤੋਂ ਪਹਿਲਾਂ ਭਾਰਤੀ ਫੌਜ ਫੀਂਗਰ 8 ਤੱਕ ਗਸ਼ਤ ਲਗਾਂਉਦੇ ਸੀ। ਪਰੰਤੂ ਹੁਣ ਫੀਂਗਰ 3 ਤੋਂ 8 ਦੇ ਵਿਚਕਾਰ ਗਸ਼ਤ ਲਗਾਉਣ ਉਪਰ ਅਸਥਾਈ ਤੌਰ 'ਤੇ ਰੋਕ ਰਹੇਗੀ।ਦੋਨੋ ਦੇਸ਼ਾਂ ਦੇ ਤਣਾਅ ਵਿਚਕਾਰ ਇਸ ਖੇਤਰ ਵਿੱਚ ਜੋ ਵੀ ਨਿਰਮਾਣ ਹੋਇਆ ਹੈ।ਉਸਨੂੰ ਹਟਾਉਣ ਉਪਰ ਵੀ ਸਹਿਮਤੀ ਬਣੀ ਹੈ। ਪਰੰਤੂ ਚਾਲਬਾਜ਼ ਚੀਨ ਆਪਣੀ ਇਸ ਗੱਲ ਉਤੇ ਕਿੰਨਾ ਕੁ ਖ਼ਰਾ ਉਤਰਦਾ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਸ ਵਿਚਕਾਰ ਇਹ ਪਹਿਲੂ ਨੂੰ ਵੀ ਧਿਆਨ ਵਿਚ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਇਹ ਸਮਝੌਤਾ ਸਿਰਫ ਇੱਕ ਵਿਵਾਦਿਤ ਖੇਤਰ ਨੂੰ ਲੈਕੇ ਹੀ ਹੋਇਆ ਹੈ।ਉਤਰ ਵਿੱਚ ਡੇਪਸਾਂਗ ਮੈਦਾਨ ਅਤੇ ਦੱਖਣ ਵਿੱਚ ਗਲਵਾਨ ਘਾਟੀ ਸਮੇਤ ਬਾਕੀ ਵਿਵਾਦਿਤ ਬਿੰਦੂਆਂ ਉਪਰ ਅਜੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ।ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਆਪਣੇ ਬਿਆਨ ਵਿੱਚ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਹੈ ਕਿ ਵਿਵਾਦ ਦੇ ਕਈ ਬਿੰਦੂਆਂ ਉਪਰ ਅਜੇ ਸਹਿਮਤੀ ਨਹੀਂ ਬਣ ਪਾਈ। ਪਰੰਤੂ ਇਕ ਬਿੰਦੂ ਉਪਰ ਸਹਿਮਤੀ ਨਾਲ ਦੂਜੇ ਵਿਵਾਦਿਤ ਖੇਤਰਾਂ ਵਿੱਚ ਸਹਿਮਤੀ ਬਣਨ ਦੀ ਉਮੀਦ ਤਾਂ ਜਾਗੀ ਹੈ,ਕਿ ਜੇਕਰ ਦੋਨੋ ਧਿਰਾਂ ਸਮਝਦਾਰੀ ਦਿਖਾਉਣ ਤਾਂ ਵਿਵਾਦ ਦੇ ਵਿਚਕਾਰ ਵੀ ਤਣਾਅ ਘੱਟ ਕਰਨ ਦਾ ਰਾਹ ਕੱਢਿਆ ਜਾ ਸਕਦਾ ਹੈ।ਫੌਜਾਂ ਦਾ ਵਿਵਾਦਤ ਖੇਤਰਾਂ ਤੋਂ ਪਿੱਛੇ ਹੱਟਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਕਿਸੇ ਵੀ ਸਮੇਂ,ਕੁਝ ਵੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਫਿਲਹਾਲ ਅਜਿਹਾ ਜਾਪਦਾ ਹੈ ਕਿ ਦੋਨੋ ਦੇਸ਼ਾਂ ਵਿਚਕਾਰ ਸੀਮਾ ਵਿਵਾਦ ਨੂੰ ਮੁਕੰਮਲ ਤੌਰ ਤੇ ਹੱਲ ਹੋਣ ਵਿੱਚ ਅਜੇ ਕਾਫੀ ਸਮਾਂ ਲੱਗੇਗਾ।ਪਰੰਤੂ ਫਿਰ ਵੀ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇਆਂ ਨੂੰ ਲੈਕੇ ਬਣੀ ਇਸ ਸਹਿਮਤੀ ਉਪਰ ਯਕੀਨਨ ਸਹੀ ਢੰਗ ਨਾਲ ਅਮਲ ਕਰਨਾ ਚਾਹੀਦਾ ਹੈ, ਤਾਂਕਿ ਇਹ ਦੂਜੇ ਵਿਵਾਦਿਤ ਖੇਤਰਾਂ ਉੱਪਰ ਵੀ ਦੋਨੋ ਦੇਸ਼ਾਂ ਦੀ ਸਹਿਮਤੀ ਦਾ ਠੋਸ ਆਧਾਰ ਬਣ ਸਕੇ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ,ਪੰਜਾਬ।
ਮੋ:ਨੰ:- 7901729507