ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਰਤੀ-ਕਿਸਾਨਾਂ ਵਲੋਂ ਅੰਦੋਲਨ ਵਿੱਢਿਆ ਹੋਇਆ ਹੈ। ਦੇਸ਼ ਵਿਚ ਖੇਤੀ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਵਿਰੁੱਧ ਸੱਭ ਤੋਂ ਪਹਿਲਾਂ ਪੰਜਾਬ ਨੇ ਅਵਾਜ ਬੁਲੰਦ ਕੀਤੀ। ਪੰਜਾਬ ਦੀਆਂ ਵੱਖ ਵੱਖ ਕਿਰਤੀ-ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਅੰਦੋਲਨ ਕਰ ਰਹੀਆਂ ਹਨ। ਕਿਰਤੀ-ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਲਗਭਗ 200-250 ਦੇ ਕਰੀਬ ਅੰਦੋਲਨਕਾਰੀਆਂ ਦੀ ਜਾਨ ਵੀ ਚਲੀ ਗਈ ਹੈ ਅਤੇ ਇਥੇ ਹੀ ਬਸ ਨਹੀਂ ਹੁਣ ਵੀ ਹਰ ਰੋਜ ਅੰਦੋਲਨ ਕਰ ਰਹੇ ਕਿਰਤੀ-ਕਿਸਾਨਾਂ ਵਿਚੋਂ ਮੌਤਾਂ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। 26 ਜਨਵਰੀ ਨੂੰ ਜਾਣੇ-ਅਣਜਾਣੇ ਵਿਚ ਦਿੱਲੀ ਦੇ ਲਾਲ ਕਿਲ੍ਹੇ ਤੱਕ ਕਿਰਤੀ-ਕਿਸਾਨਾਂ ਦੇ ਪਹੁੰਚ ਜਾਣ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕਿਰਤੀ-ਕਿਸਾਨਾਂ ਨਾਲ ਜੋ ਵਰਤਾਓ ਕੀਤਾ ਗਿਆ ਅਤੇ ਜੋ ਹੁਣ ਵੀ ਜਾਰੀ ਹੈ, ਨੂੰ ਬਿਆਨਿਆ ਜਾਣਾ ਬਹੁਤ ਔਖਾ ਹੈ। ਪੁਲਿਸ ਵਲੋਂ ਬਜੁਰਗਾਂ ਅਤੇ ਔਰਤਾਂ ਉਪਰ ਵੀ ਰੱਜ ਕੇ ਤਸ਼ੱਦਦ ਕੀਤਾ ਗਿਆ, ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਅੰਦੋਲਨ ਨੂੰ ਕੁਚਲਣ ਲਈ ਹਰ ਸੰਭਵ ਯਤਨ ਜੁਟਾਏ ਗਏ, ਜਿਸ ਨਾਲ ਇੱਕ ਵਾਰੀ ਤਾਂ ਅੰਦੋਲਨ ਨੂੰ ਸੱਟ ਵੱਜੀ, ਪਰ ਫਿਰ ਅੰਦੋਲਨਕਾਰੀਆਂ ਨੇ ਮੁੜ ਆਪਣਾ ਮੋਰਚਾ ਸੰਭਾਲ ਲਿਆ, ਜੋ ਹੁਣ ਚੜ੍ਹਦੀ ਕਲਾ ਵਿੱਚ ਹੈ। ਪੰਜਾਬ ਦੇ ਬਹਾਦਰ ਕਿਰਤੀ-ਕਿਸਾਨਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਦੀਆਂ ਬਾਹਵਾਂ ਹੁਣ ਦੇਸ਼ ਦੇ ਸਾਰੇ ਸੂਬਿਆਂ ਦੇ ਕਿਰਤੀ- ਕਿਸਾਨ ਬਣ ਚੁੱਕੇ ਹਨ। 26 ਜਨਵਰੀ ਦੀ ਦਿੱਲੀ ਘਟਨਾ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਅੱਗੇ ਆ ਗਏ ਹਨ, ਜਿਸ ਕਰਕੇ ਅਸੀਂ ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਜਿਨ੍ਹਾਂ ਨੇ ਦੇਸ਼ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਮੁੱਢ ਬੰਨ੍ਹਿਆ, ਮਹਿਸੂਸ ਹੋ ਰਿਹਾ ਹੈ ਕਿ ਹੁਣ ਉਨ੍ਹਾਂ ਨੂੰ ਸੂਬਾ ਅਤੇ ਕੌਮੀ ਪੱਧਰ 'ਤੇ ਉਹ ਥਾਂ ਨਹੀਂ ਦਿੱਤੀ ਜਾ ਰਹੀ, ਜਿਸ ਦੇ ਉਹ ਹੱਕਦਾਰ ਹਨ। ਖੇਤੀ ਅੰਦੋਲਨ ਦੀ ਹੋਂਦ ਪੰਜਾਬ ਦਾ ਕਿਰਤੀ-ਕਿਸਾਨ ਹੈ, ਇਸ ਲਈ ਪੰਜਾਬ ਦੇ ਸਾਰੇ ਕਿਰਤੀ-ਕਿਸਾਨ ਆਗੂਆਂ ਨੂੰ ਹਮੇਸ਼ਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉੱਚਾ ਰੁਤਬਾ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਹੌਂਸਲੇ ਬੁਲੰਦ ਰਹਿਣ। ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਦਾ ਕੱਦ ਬਹੁਤ ਉੱਚਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕਦੀ ਵੀ ਆਪਣੀ ਹੋਂਦ ਨਹੀਂ ਛੱਡੀਦੀ। ਪੰਜਾਬ ਦਾ ਕਿਰਤੀ-ਕਿਸਾਨ ਸਿਰੜੀ ਹੋਣ ਕਰਕੇ ਅੱਜ ਪੂਰੇ ਹੌਸਲਾ ਨਾਲ ਡਟਿਆ ਬੈਠਾ ਹੈ, ਕੇਂਦਰ ਸਰਕਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪਿਛੇ ਧੱਕਣਾ ਚਾਹੁੰਦੀ ਹੈ, ਕਿਉਂਕਿ ਸਰਕਾਰ ਸਮਝਦੀ ਹੈ ਕਿ ਜੇ ਪੰਜਾਬ ਪਿਛੇ ਹੱਟ ਗਿਆ ਤਾਂ ਬਾਕੀ ਸੂਬਿਆਂ ਦੇ ਕਿਰਤੀ-ਕਿਸਾਨ ਆਪਣੇ ਆਪ ਪਿਛੇ ਹਟ ਜਾਣਗੇ। ਇਸ ਵੇਲੇ ਕਦੀ ਕਦਾਈਂ ਜਦੋਂ ਗੋਦੀ ਮੀਡੀਆ ਖੇਤੀ ਅੰਦੋਲਨ ਦੀ ਪੇਸ਼ਕਾਰੀ ਕਰਦਾ ਹੈ ਤਾਂ ਉਹ ਪੰਜਾਬ ਦੇ ਆਗੂਆਂ ਨੂੰ ਪਹਿਲ ਦੇਣ ਦੀ ਥਾਂ ਰਾਕੇਸ਼ ਟਿਕੈਤ ਨੂੰ ਪਹਿਲ ਦਿੰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ, ਕਿ ਰਾਕੇਸ਼ ਟਿਕੈਤ ਕੌਮੀ ਪੱਧਰ ਦੇ ਕਿਸਾਨ ਆਗੂ ਹਨ, ਪਰ ਪੰਜਾਬ ਜਿਸ ਨੇ ਅੰਦੋਲਨ ਦਾ ਮੁੱਢ ਬੰਨ੍ਹਿਆ ਦੇ ਕਿਰਤੀ-ਕਿਸਾਨ ਆਗੂ ਵੀ ਕਿਸੇ ਗੱਲੋਂ ਘੱਟ ਨਹੀਂ ਹਨ।
-ਸੁਖਦੇਵ ਸਲੇਮਪੁਰੀ
12 ਫਰਵਰੀ, 2021