ਧਰਮ ਦੇ ਠੇਕਦਾਰਾਂ ਨੇ ਸਾਨੂੰ ਹਮੇਸ਼ਾਂ ਤੋਂ ਹੀ ਡਰਾ ਕੇ ਰੱਖਿਆ ਹੈ। ਇਸ ਡਰ ਦੀ ਵਜ੍ਹਾ ਨਾਲ਼ ਅਸੀਂ ਕਦੇ ਵੀ ਉਹਨਾਂ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ। ਪਰ ਧਰਮ ਹੈ ਕੀ? ਇਹ ਸਾਨੂੰ ਕਦੇ ਸਮਝ ਨਹੀਂ ਆਇਆ। ਸਾਰੀ ਜ਼ਿੰਦਗੀ ਅਸੀਂ ਮੰਦਿਰ, ਮਸਜ਼ਿਦ, ਗੁਰੂਦਵਾਰੇ ਤੇ ਚਰਚ ਆਦਿ ਦੇ ਚੱਕਰ ਕੱਢਦੇ ਰਹਿੰਦੇ ਹਾਂ ਪਰ ਰੱਬ ਦੇ ਬਾਰੇ ਕੁੱਝ ਵੀ ਪਤਾ ਨਹੀਂ ਕਰ ਪਾਉਂਦੇ। ਸਾਡੀਆਂ ਇਹਨਾਂ ਉਲਝਣਾਂ ਨੂੰ ਦੂਰ ਕਰਨ ਲਈ ਇਸ ਧਰਤੀ ਤੇ ਵੱਡੇ-ਵੱਡੇ ਪੀਰ, ਪੈਗੰਬਰ,ਗੁਰੂ ਆਏ, ਜਿਹਨਾਂ ਨੇ ਸਾਨੂੰ ਸੱਚ ਦਾ ਗਿਆਨ ਦਿੱਤਾ ਪਰ ਮਸਲਾ ਹੋਰ ਵੀ ਉਲਝ ਗਿਆ। ਅਸੀਂ ਇਹਨਾਂ ਗੁਰੂ, ਪੀਰਾਂ ਦੀਆਂ ਕਹੀਆਂ ਗੱਲਾਂ ਤੇ ਚੱਲਣ ਦੀ ਬਜਾਇ ਇਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਹੋਰ ਤਾਂ ਹੋਰ ਅਸੀਂ ਇਹਨਾਂ ਦੇ ਨਾਮ ਤੇ ਨਵੇਂ- ਨਵੇਂ ਥਾਂ ਬਣਾ ਦਿੱਤੇ ਤੇ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹ ਸਾਰੀ ਜ਼ਿੰਦਗੀ ਸਾਨੂੰ ਜੀਵਨ ਦੇ ਅਸਲੀ ਮਕਸਦ ਬਾਰੇ ਉਪਦੇਸ਼ ਦਿੰਦੇ ਰਹੇ ਤੇ ਸਾਡੇ ਕੰਨਾਂ ਤੇ ਜੂੰ ਨਾ ਸਰਕੀ।
ਅੱਜ ਅਸੀਂ ਕੀ ਕਰ ਰਹੇ ਹਾਂ? ਮੰਦਿਰ ਵਿੱਚ ਪੰਡਿਤ ਜੀ ਦੀ ਪੂਰੀ ਦਾਦਾਗਿਰੀ ਹੁੰਦੀ ਹੈ ਤੇ ਗੁਰੁਦਵਾਰੇ ਵਿੱਚ ਭਾਈ ਸਾਹਿਬ ਦੀ, ਇਸੇ ਤਰ੍ਹਾਂ ਮਸਜ਼ਿਦ 'ਚ ਮੁੱਲਾ, ਕਾਜ਼ੀ ਤੇ ਚਰਚ ਵਿੱਚ ਪਾਦਰੀ। ਆਮ ਲੋਕਾਂ ਨਾਲ਼ ਇਹਨਾਂ ਦਾ ਵਿਵਹਾਰ ਹੀ ਅਜੀਬ ਹੁੰਦਾ ਹੈ। ਹਰ ਕੋਈ ਆਪੋ-ਆਪਣੇ ਅਸੂਲ ਬਣਾਈ ਬੈਠਾ ਹੈ। ਇੰਝ ਲਗਦਾ ਹੈ ਜਿਵੇਂ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਗੁਰੂ ਘਰਾਂ ਤੇ ਕਬਜ਼ਾ ਕਰ ਲਿਆ ਹੋਵੇ। ਗੁਰੂ ਸਾਹਿਬ ਕਿੰਨਾ ਕੁੱਝ ਸਮਝ ਕੇ ਗਏ। ਬਾਣੀ ਲਿੱਖ ਕੇ ਗਏ ਤਾਂ ਕਿ ਅਸੀਂ ਭਟਕੀਏ ਨਾ। ਪਰ ਯਾਦ ਕੀਹਨੂੰ ਹੈ ਕਿ ਗੁਰੂ ਸਾਹਿਬ ਦੇ ਹੁਕਮ ਕੀ ਹਨ?
ਅੱਜ ਇੱਥੇ ਕੁੱਝ ਮਿੱਠੇ ਕੌੜੇ ਅਨੁਭਵਾਂ ਨੂੰ ਸਾਂਝੇ ਕਰਨ ਲੱਗੀ ਹਾਂ। ਅੱਜ ਗੱਲ ਕਰਦੇ ਹਾਂ ਗੁਰੂਦਵਾਰਾ ਸਾਹਿਬ ਜੀ ਦੀ। ਸਾਡੇ ਗੁਰੂ ਸਾਹਿਬਾਨ ਨੇ ਹਰਿਮੰਦਿਰ ਸਾਹਿਬ ਬਣਵਾਇਆ ਤੇ ਚਾਰ ਦਰਵਾਜ਼ੇ ਰੱਖੇ। ਇਸਤੋਂ ਪਤਾ ਚੱਲਦਾ ਹੈ ਕਿ ਉਹਨਾਂ ਦੀ ਸੋਚ ਕਿੱਡੀ ਵੱਡੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖ਼ਾਲਸਾ ਸਿਰਜਿਆ। ਕੁਰਬਾਨੀਆਂ ਕੀਤੀਆਂ ਤੇ ਸ਼ਹੀਦੀਆਂ ਪਾਈਆਂ। ਉਹਨਾਂ ਨੇ ਕਦੇ ਊਚ-ਨੀਚ ਨਹੀਂ ਕੀਤੀ। ਸੱਭਨਾਂ ਨੂੰ ਪਿਆਰ ਬਖਸ਼ਿਆ। ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਅਕਬਰ ਬਾਦਸ਼ਾਹ ਆਇਆ ਤਾਂ ਉਹਦੇ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਗਏ, ਸਗੋਂ ਉਹਨੂੰ ਵੀ ਪੰਗਤ ਵਿੱਚ ਬੈਠਣਾ ਪਿਆ ਅਤੇ ਲੰਗਰ ਛੱਕਣਾ ਪਿਆ। ਉਹਨਾਂ ਨੇ ਕੋਈ ਬੀ.ਆਈ.ਪੀ ਕਲਚਰ ਸ਼ੁਰੂ ਨਹੀਂ ਕੀਤਾ। ਉਹਨਾਂ ਲਈ ਸੱਭ ਬਰਾਬਰ ਸਨ।
ਪਰ ਉਹਨਾਂ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਇੱਕ ਪਾਸੇ ਰੱਖ ਕੇ ਅੱਜ ਅਸੀਂ ਹੋਰ ਹੀ ਪਾਸੇ ਤੁਰ ਪਏ ਹਾਂ। ਕਈ ਗੁਰੂਦਵਾਰਿਆਂ ਵਿੱਚ ਅੱਜਕਲ੍ਹ ਸੇਵਾਦਾਰ ਦਾ ਗੁੱਸੇ ਵਾਲ਼ਾ ਮੂੰਹ ਵੇਖ ਕੇ ਹੀ ਸੰਗਤ ਡਰ ਜਾਂਦੀ ਹੈ। ਬਾਬਾ ਨਾਨਕ ਜੀ ਨੇ ਵੀਹ ਰੁਪਿਆ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਸੀ ਉਹ ਅੱਜ ਵੀ ਚੱਲ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਸਿਰਫ਼ ਲੰਗਰ ਛੱਕਣ ਗੁਰੂਦਵਾਰਾ ਸਾਹਿਬ ਆਉਂਦੇ ਹਨ। ਉਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਨਹੀਂ ਪਤਾ ਉਹਨਾਂ ਨੂੰ ਤਾਂ ਬੱਸ ਇਹ ਪਤਾ ਹੈ ਕਿ ਇੱਥੇ ਢਿੱਡ ਭਰਕੇ ਖਾ ਸਕਦੇ ਹਾਂ ਪਰ ਸਾਡੇ ਮਹਾਨ ਸੇਵਾਦਾਰ ਉਹਨਾਂ ਨੂੰ ਘੂਰੀਆਂ ਵੱਟਦੇ ਹਨ। ਕਈ ਤਾਂ ਝਈਆਂ ਲੈ-ਲੈ ਇੰਝ ਪੈਂਦੇ ਹਨ, ਜਿਵੇਂ ਉਹਨਾਂ ਵਿਚਾਰਿਆਂ ਨੇ ਇੱਥੇ ਪੈਰ ਧਰ ਕੇ ਗ਼ਲਤੀ ਕਰ ਲਈ ਹੋਵੇ। ਓਏ! ਸਿਰ ਢੱਕੋ, ਤੁਹਾਨੂੰ ਪਤਾ ਨਹੀਂ ਲੱਗਦਾ, ਕਿਵੇਂ ਨੰਗੇ ਸਿਰ ਬੂਥਾ ਚੁੱਕੀ ਆਉਂਦੇ ਹਨ, ਆਦਿ ਸ਼ਬਦਾਵਲੀ ਵਰਤੀ ਜਾਂਦੀ ਹੈ।
ਇੱਕ ਦਿਨ ਗੁਰੂਦਵਾਰਾ ਸਾਹਿਬ ਵਿਖੇ ਇੱਕ ਸੇਵਾਦਾਰ ਦੇਖਿਆ ਜਿਹੜਾ ਨੰਗੇ ਸਿਰ ਭੈਣਾਂ ਵੀਰਾਂ ਨੂੰ ਖਿੱਝ ਰਿਹਾ ਸੀ, ਹਾਲਾਂਕਿ ਉਹ ਸਿਰ ਢੱਕ ਹੀ ਰਹੇ ਸਨ। ਓਹਨੇ ਆਪਣੇ ਸਾਥੀ ਨੂੰ ਕਿਹਾ ਕਿ ਜੇਕਰ ਗੇਟ ਤੇ ਮੇਰੇ ਵਰਗਾ ਖੜ੍ਹਾ ਹੋਵੇ ਤਾਂ ਫੇਰ ਦੱਸਾਂ, ਮੈਂ ਇਹਨਾਂ ਨੂੰ। ਮੇਰਾ ਦਿਲ ਕੀਤਾ ਕਿ ਮੈਂ ਉਸ ਵੀਰ ਨੂੰ ਪੁੱਛਾਂ ਕਿ ਫ਼ੇਰ ਤੂੰ ਕੀ ਕਰੇਗਾਂ। ਕੀ ਤੂੰ ਇਸ ਸਰਬ ਸਾਂਝੇ ਘਰ ਵਿੱਚ ਉਹਨਾਂ ਨੂੰ ਆਉਣ ਤੋਂ ਰੋਕ ਦੇਵੇਂਗਾ ਜਾਂ ਇਹਨਾਂ ਦੇ ਡਾਂਗ ਮਾਰੇਂਗਾ? ਪਰ ਪਤਾ ਨਹੀਂ ਕਿਉਂ ਮੈਥੋਂ ਕੁੱਝ ਕਹਿ ਨਾ ਹੋਇਆ ਪਰ ਦਿਲ ਬਹੁਤ ਦੁਖਿਆ। ਕਿਉਂਕਿ ਮੈਂ ਵੀ ਸਿੱਖ ਧਰਮ ਦੀ ਧੀ ਹਾਂ। ਬੇਸ਼ੱਕ ਮੈਂ ਅੰਮ੍ਰਿਤ ਨਹੀਂ ਛਕਿਆ ਤੇ ਮੇਰਾ ਵਿਆਹ ਵੀ ਦੂਸਰੇ ਧਰਮ ਵਿੱਚ ਹੋਇਆ ਹੈ। ਪਰ ਮੇਰੇ ਪੇਕੇ ਸਿੱਖ ਹਨ, ਮੈਂ ਸ਼ੁਰੂ ਤੋਂ ਗੁਰੂਦਵਾਰਾ ਸਾਹਿਬ ਗਈ ਹਾਂ ਤੇ ਅੱਜ ਵੀ ਜਾਂਦੀ ਹਾਂ। ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਕਦੇ ਕੋਈ ਪਾਬੰਦੀ ਨਹੀਂ ਲਗਾਈ। ਇਸ ਤੋਂ ਇਲਾਵਾ ਖ਼ੁਦ ਮੇਰੇ ਪਤੀ ਵੀ ਮੇਰੇ ਨਾਲ਼ ਗੁਰੂਦਵਾਰੇ ਜਾਂਦੇ ਹਨ ਪਰ ਕਈ ਥਾਈਂ ਭਾਈ ਸਾਹਿਬਾਨ ਦਾ ਬੁਰਾ ਵਿਵਹਾਰ ਵੇਖ ਕੇ ਅਕਸਰ ਮੈਂ ਸ਼ਰਮਿੰਦਾ ਹੋ ਜਾਂਦੀ ਹਾਂ। ਇੱਕ ਦਿਨ ਮੇਰੀ ਇੱਕ ਸਹਿਕਰਮੀ ਜੋ ਕਿ ਦਿੱਲੀ ਤੋਂ ਹੈ, ਮੈਨੂੰ ਕਹਿਣ ਲੱਗੀ ਕਿ ਦਿੱਲੀ ਵਿੱਚ ਗੁਰੂਦਵਾਰਾ ਸਾਹਿਬ ਜਾਓ ਤਾਂ ਉਹ ਬੜੇ ਪਿਆਰ ਨਾਲ਼ ਸਿਰ ਢੱਕਣ ਨੂੰ ਕਹਿੰਦੇ ਹਨ, ਬੁਰਾ ਨਹੀਂ ਲਗਦਾ। ਪਰ ਇੱਥੇ ਪੰਜਾਬ ਵਿੱਚ ਇੱਕ ਦਿਨ ਮੈਂ ਗੁਰੂਦਵਾਰਾ ਸਾਹਿਬ ਗਈ ਤਾਂ ਉਹ ਬੜੇ ਗੁੱਸੇ ਨਾਲ ਬੋਲ਼ੇ ਤੇ ਮੈਨੂੰ ਇੰਨਾ ਬੁਰਾ ਲੱਗਿਆ ਕਿ ਮੈਂ ਬਿਨਾਂ ਲੰਗਰ ਛਕਿਆਂ ਹੀ ਵਾਪਸ ਆ ਗਈ।ਉਹ ਹਿੰਦੀ ਬੋਲਦੀ ਹੈ ਤੇ ਉਹਨੇ ਹਿੰਦੀ ਵਿਚ ਹੀ ਮੈਨੂੰ ਇਹ ਸੱਭ ਦੱਸਿਆ। ਇਹ ਸੁਣ ਕੇ ਮੇਰੇ ਦਿਲ 'ਚੋਂ ਹੂਕ ਨਿੱਕਲੀ ਕਿ ਮੇਰੇ ਸਤਿਗੁਰ ਦੇ ਘਰ ਤੋਂ ਕਿਵੇਂ ਕੋਈ ਭੁੱਖਾ ਮੁੜ ਗਿਆ। ਇਸੇ ਤਰ੍ਹਾਂ ਮੇਰੇ ਜਾਣਕਾਰ ਹਨ ਜੋ ਕਿ ਬਾਬਾ ਬਾਲਕ ਨਾਥ ਜੀ ਨੂੰ ਮੰਨਦੇ ਹਨ ਤੇ ਇੱਕ ਦਿਨ ਉਹ ਪੈਦਲ ਯਾਤਰਾ ਤੇ ਨਿਕਲ਼ੇ। ਰਾਸਤੇ ਵਿੱਚ ਜਦੋਂ ਰਾਤ ਹੋ ਜਾਂਦੀ ਤਾਂ ਉਹ ਕਿਤੇ ਰੁੱਕ ਕੇ ਅਰਾਮ ਕਰ ਲੈਂਦੇ ਸਨ। ਇੱਕ ਦਿਨ ਉਹ ਬਾਲਮੀਕੀ ਭਵਨ ਵਿੱਚ ਰੁੱਕੇ ਜਿੱਥੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਰਿਹਾਇਸ਼ ਤੇ ਖਾਣਾ ਮਿਲ਼ਿਆ, ਉਹ ਬੜੇ ਖੁਸ਼ ਹੋਏ ਪਰ ਦੂਜੀ ਰਾਤ ਉਹ ਇੱਕ ਗੁਰੂਦਵਾਰਾ ਸਾਹਿਬ ਵਿਖੇ ਰੁੱਕੇ ਜਿੱਥੇ ਉਹਨਾਂ ਨਾਲ਼ ਚੰਗਾ ਵਿਵਹਾਰ ਨਹੀਂ ਹੋਇਆ। ਭਾਈ ਜੀ ਨੇ ਉਹਨਾਂ ਦੇ ਹੱਥ ਵਿੱਚ ਝੰਡਾ ਵੇਖ ਕੇ ਕੁੱਝ ਅਪਸ਼ਬਦ ਬੋਲੇ। ਉਹ ਬੜੇ ਪਰੇਸ਼ਾਨ ਹੋਏ ਪਰ ਉਸ ਥਾਂ ਕੋਈ ਹੋਰ ਠਹਿਰਨ ਵਾਲ਼ੀ ਜਗ੍ਹਾ ਨਹੀਂ ਸੀ ਇਸ ਕਰਕੇ ਉਹ ਮਜ਼ਬੂਰੀ ਵੱਸ ਉੱਥੇ ਰੁੱਕ ਗਏ। ਪਰ ਉਹ ਮਾੜਾ ਵਿਹਾਰ ਉਹ ਕਦੇ ਨਹੀਂ ਭੁੱਲਦੇ।
ਏਸੇ ਤਰ੍ਹਾਂ ਇੱਕ ਦਿਨ ਮੈਂ ਆਪਣੇ ਪਤੀ ਤੇ ਬੱਚੇ ਨਾਲ਼ ਗੁਰੂ ਘਰ ਗਈ। ਠੰਡ ਬਹੁਤ ਸੀ ਤੇ ਅਸੀਂ ਸੱਭ ਨੇ ਸਿਰਾਂ ਤੇ ਟੋਪੀਆਂ (ਸਰਦੀ ਵਾਲੀਆਂ) ਲਈਆਂ ਹੋਈਆਂ ਸਨ। ਲੰਗਰ ਹਾਲ ਵਿੱਚ ਵੜ੍ਹਦਿਆਂ ਹੀ ਇੱਕ ਭਾਈ ਜੀ ਨੇ ਮੇਰੇ ਪਤੀ ਨੂੰ ਗੁੱਸੇ ਨਾਲ ਕਿਹਾ ਕਿ ਏਥੇ ਟੋਪੀ ਨਹੀਂ ਲੈਣੀ, ਰੁਮਾਲ ਬੰਨ੍ਹੋ। ਇਹਨਾਂ ਨੇ ਮੁਸਕਰਾ ਕੇ ਟੋਪੀ ਉਤਾਰੀ ਤੇ ਰੁਮਾਲ ਬੰਨ੍ਹ ਲਿਆ। ਮੈਥੋਂ ਰਿਹਾ ਨਾ ਗਿਆ।ਮੈਂ ਭਾਈ ਜੀ ਨੂੰ ਪੁੱਛਿਆ ਕਿ ਟੋਪੀ ਤਾਂ ਸਰਦੀ ਤੋਂ ਬਚਣ ਲਈ ਹੈ ਤੇ ਇਹ ਕਿਉਂ ਨਹੀਂ ਪਹਿਨ ਸਕਦੇ? ਉਹਨਾਂ ਨੇ ਕਿਹਾ ਕਿ ਓਹ ਸਾਹਮਣੇ ਲਿਖ ਕੇ ਲਗਾਇਆ ਗਿਆ ਹੈ। ਉਹ ਦੇਖ਼ ਲਓ। ਮੈਂ ਪੁੱਛਿਆ ਕਿ ਇਹ ਕਿਸਨੇ ਲਿਖਿਆ ਹੈ ਤਾਂ ਕਹਿੰਦੇ, ਕਮੇਟੀ ਨੇ। ਮੈਂ ਕਿਹਾ ਕਿ ਗੁਰੂ ਘਰ ਸਿਰ ਢੱਕਣਾ ਜ਼ਰੂਰੀ ਹੈ ਪਰ ਗਰਮ ਟੋਪੀ ਨਾਲ਼ ਪੂਰਾ ਸਿਰ ਢੱਕਿਆ ਹੋਇਆ ਸੀ ਜਦਕਿ ਰੁਮਾਲ ਨਾਲ ਅੱਧਾ ਸਿਰ ਨੰਗਾ ਰਹਿ ਜਾਂਦਾ ਹੈ ਤੇ ਦੂਜਾ ਹੋਰ ਔਰਤਾਂ ਤੇ ਬੱਚਿਆਂ ਨੇ ਵੀ ਟੋਪੀਆਂ ਨਾਲ਼ ਸਿਰ ਢੱਕੇ ਹੋਏ ਹਨ, ਤੁਸੀਂ ਉਹਨਾਂ ਨੂੰ ਕੁੱਝ ਨਹੀਂ ਕਿਹਾ। ਤਾਂ ਭਾਈ ਜੀ ਬੇਬੱਸ ਹੋ ਗਏ ਤੇ ਗੱਲ ਟਾਲ਼ ਕੇ ਪਾਸੇ ਹੋ ਗਏ।
ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਗੁਰੂ ਸਾਹਿਬ ਨੇ ਗਰਮ ਟੋਪੀ ਪਹਿਨਣ ਤੋਂ ਮਨਾਹੀ ਕੀਤੀ ਹੈ।
ਮੈਂ ਮੰਨਦੀ ਹਾਂ ਕਿ ਸਿੱਖ ਧਰਮ ਦੇ ਕੁੱਝ ਅਸੂਲ ਹਨ, ਸਿਧਾਂਤ ਹਨ। ਪਰ ਗੁਰੂ ਸਾਹਿਬ ਨੇ ਤਾਂ ਹਰ ਇੱਕ ਨੂੰ ਗਲ਼ ਨਾਲ਼ ਲਗਾਇਆ ਸੀ। ਦੂਜੀ ਗੱਲ ਇਹ ਕਿ ਇਹ ਅਸੂਲ ਸਿੱਖਾਂ ਲਈ ਹਨ ਹਰ ਇੱਕ ਬੰਦੇ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੇ ਇਹਨਾਂ ਅਸੂਲਾਂ ਨੂੰ ਸਾਰੇ ਮੰਨਣ ਤਾਂ ਫ਼ੇਰ ਪਿਆਰ ਨਾਲ ਸਮਝਾਈਏ। ਖਾਊਂ-ਵੱਢੂ ਕਰਾਂਗੇ ਤਾਂ ਅਗਲਾ ਮੁੜ ਕੇ ਗੁਰੂ ਘਰ ਵੜਨ ਤੋਂ ਹੀ ਗੁਰੇਜ਼ ਕਰੇਗਾ।
ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਕਿਸੇ ਵੀ ਧਰਮ ਦੇ ਖ਼ਿਲਾਫ਼ ਨਹੀਂ ਹਾਂ ਤੇ ਨਾ ਹੀ ਕਿਸੇ ਦੀ ਬੁਰਾਈ ਕਰਦੀ ਹਾਂ ਕਿਉਂਕਿ ਧਰਮ ਕੋਈ ਵੀ ਮਾੜਾ ਨਹੀਂ ਹੈ। ਸਿਰਫ਼ ਧਰਮ ਦੇ ਠੇਕੇਦਾਰ ਸਾਡੇ ਮਨਾਂ ਵਿੱਚ ਫ਼ਰਕ ਪਾਉਂਦੇ ਹਨ।
ਅੱਜਕਲ੍ਹ ਡੇਰਿਆਂ ਬਾਰੇ ਬੜਾ ਮਾੜਾ ਚੰਗਾ ਬੋਲਿਆ ਜਾਂਦਾ ਹੈ ਜਾਂ ਇਸਾਈ ਧਰਮ ਬਾਰੇ। ਅਖੇ ਇਹ ਲੋਕਾਂ ਨੂੰ ਭਰਮਾਂ ਰਹੇ ਹਨ ਤੇ ਆਪਣੇ ਧਰਮ ਵੱਲ ਖਿੱਚ ਪਾ ਰਹੇ ਹਨ। ਪਰ ਇਸ ਬਾਰੇ ਕਾਫ਼ੀ ਜਾਂਚ ਕੀਤੀ ਤੇ ਨਤੀਜਾ ਇਹ ਨਿਕਲਿਆ ਕਿ ਇਹਨਾਂ ਥਾਵਾਂ ਤੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਮਿਲ਼ ਰਿਹਾ ਹੈ। ਬਹੁਤ ਸਾਰੀਆਂ ਸਹੂਲਤਾਂ ਵੀ ਮਿਲਦੀਆਂ ਹਨ। ਅਸੀਂ ਆਮ ਦੇਖਦੇ ਹਾਂ ਕਿ ਈਸਾਈਆਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਸਿੱਖਿਆ ਅਤੇ ਸਹੂਲਤਾਂ ਮੁਫ਼ਤ ਮਿਲਦੀਆਂ ਹਨ। ਬਾਕੀ ਰਹੀ ਡੇਰਿਆਂ ਦੀ ਗੱਲ ਤਾਂ ਇਹ ਵੀ ਆਮ ਗੱਲ ਹੈ ਕਿ ਕਈ ਥਾਵਾਂ ਤੇ ਲੋਕਾਂ ਨੂੰ ਰੱਜਵਾਂ ਪਿਆਰ,ਸਤਿਕਾਰ ਤੇ ਅਪਣੱਤ ਮਿਲ਼ਦੀ ਹੈ।ਸੇਵਾਦਾਰ ਹੱਥ ਜੋੜ ਕੇ ਖੜ੍ਹੇ ਹੁੰਦੇ ਹਨ ਤੇ ਜੇਕਰ ਕੁੱਝ ਕਹਿਣਾ ਵੀ ਹੋਵੇ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਨ। ਤੇ ਫ਼ੇਰ ਭਾਵੇਂ ਕੋਈ ਕਿੰਨਾ ਵੀ ਅਮੀਰ ਜਾਂ ਗ਼ਰੀਬ ਹੋਵੇ ਕੋਈ ਫ਼ਰਕ ਨਹੀਂ ਪੈਂਦਾ। ਫਿਰ ਜਿੱਥੇ ਐਨਾ ਪਿਆਰ ਸਤਿਕਾਰ ਮਿਲ਼ੇ ਉੱਥੇ ਬੰਦਾ ਕਿਉਂ ਨਹੀਂ ਜਾਵੇਗਾ?
ਸੋਚਣ ਦੀ ਲੋੜ ਇਹ ਹੈ ਕਿ ਸਾਡੇ ਸਿੱਖ ਭਾਈਚਾਰੇ ਕੋਲ਼ ਨਾ ਤਾਂ ਧੰਨ ਦੀ ਕਮੀ ਹੈ ਅਤੇ ਨਾ ਹੀ ਮਿਠਾਸ ਸੀ। ਸਤਿਗੁਰ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ:
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ।।
ਅਫ਼ਸੋਸ ਇਹ ਹੈ ਕਿ ਐਡੀ ਮਿੱਠੀ ਬਾਣੀ ਪੜ੍ਹਦੇ ਸੁਣਦੇ ਹੋਏ ਵੀ ਅਸੀਂ ਮਿਠਾਸ ਨਹੀਂ ਵੰਡਦੇ ਤੇ ਛੋਟੇ ਵੱਡੇ, ਊਚ-ਨੀਚ ਦੇ ਚੱਕਰਾਂ ਵਿੱਚ ਪਏ ਹੋਏ ਹਾਂ। ਜਿਵੇਂ ਅਸੀਂ ਹਰ ਜਗ੍ਹਾ ਲੰਗਰ ਲਗਾਉਂਦੇ ਹਾ ਉਵੇਂ ਹੀ ਅਸੀਂ ਸਿੱਖਿਆ ਅਤੇ ਹੋਰ ਸਹੂਲਤਾਂ ਵੀ ਦੇ ਸਕਦੇ ਹਾਂ। ਇਹਦਾ ਸਿੱਖਾਂ ਨੂੰ ਵੀ ਫ਼ਾਇਦਾ ਹੋਵੇਗਾ ਤੇ ਹੋਰ ਧਰਮਾਂ ਦੇ ਲੋਕ ਵੀ ਸਿੱਖ ਧਰਮ ਦੀ ਮਹਾਨਤਾ ਕਰਕੇ ਨਾਲ਼ ਜੁੜਨਗੇ।
ਸਿੱਖ ਧਰਮ ਬਹੁਤ ਮਹਾਨ ਧਰਮ ਹੈ।ਇਹ ਸਿੱਖੀ ਸਿਰ ਦੇ ਕੇ ਮਿਲ਼ੀ ਹੈ। ਬੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਪਾਤਸ਼ਾਹ ਸਤਗੁਰਾਂ ਨੇ। ਅੱਜ ਵੀ ਇਸ ਧਰਮ ਨੂੰ ਦੇਸ਼ ਵਿਦੇਸ਼ ਵਿੱਚ ਬਹੁਤ ਮਾਣ ਸਤਿਕਾਰ ਮਿਲਦਾ ਹੈ। ਬੱਸ ਜੇ ਅਸੀਂ ਕੁੱਝ ਕੁ ਕਮੀਆਂ ਦੂਰ ਕਰ ਲਈਏ ਤਾਂ ਲੋਕ ਸਾਡੇ ਨਾਲ਼ ਜੁੜਨਗੇ, ਟੁੱਟਣਗੇ ਨਹੀਂ।
ਅਖ਼ੀਰ ਮੈਂ ਇਹ ਜ਼ਰੂਰ ਕਹਾਂਗੀ ਕਿ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ ਤੇ ਨਾ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਕੋਈ ਮਕਸਦ ਹੈ।ਮੈਂ ਸਿਰਫ਼ ਧਰਮ ਦੇ ਅਸਲੀ ਮਾਇਨੇ ਸਮਝ ਕੇ ਆਪਸੀ ਪਿਆਰ ਤੇ ਸਾਂਝ ਵਧਾਉਣ ਲਈ ਬੇਨਤੀ ਕੀਤੀ ਹੈ। ਤੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਜਾਂ ਰੱਬ ਦੇ ਦੂਤ ਸਮਝਦੇ ਹਨ ਉਹਨਾਂ ਨੂੰ ਆਮ ਲੋਕਾਂ ਨਾਲ਼ ਨਰਮੀ ਤੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ।ਗੁਰਬਾਣੀ ਸਿਰਫ਼ ਪੜ੍ਹ ਕੇ ਨਹੀਂ ਅਮਲ ਵਿੱਚ ਅਪਣਾਈ ਜਾਵੇ ਤਾਂ ਸਾਰੇ ਦੁੱਖ ਕਲੇਸ਼ ਤੇ ਮੁਸੀਬਤਾਂ ਖ਼ਤਮ ਹੋ ਸਕਦੀਆਂ ਹਨ।
ਭੁੱਲ ਚੁੱਕ ਮੁਆਫ।
ਮਨਜੀਤ ਕੌਰ ਧੀਮਾਨ,ਸ਼ੇਰਪੁਰ, ਲੁਧਿਆਣਾ ਸੰ:9464633059