ਬਜਟ ਲਈ ਲੋਕਾਂ ਦੇ ਸੁਝਾਅ ਮੰਗਣੇ ਪੰਜਾਬ ਲਈ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ : ਚੀਮਾ

- ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਲੈ ਰਹੇ ਨੇ ਫੈਸਲੇ 

 

- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ ਲਈ ਸਨਅਤਕਾਰਾਂ ਦੇ ਲਏ ਸੁਝਾਅ 

 

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ 06 ਮਈ   (ਰਣਜੀਤ ਸਿੱਧਵਾਂ)  : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵੱਲੋਂ ਬਜਟ ਲਈ ਲੋਕਾਂ ਦੇ ਸੁਝਾਅ ਮੰਗੇ ਜਾ ਰਹੇ ਹਨ, ਅਜਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ,  ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ 2022-23 ਲਈ ਸਨਅਤਕਾਰਾਂ ਦੇ ਸੁਝਾਅ ਲੈਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  

ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਉਦਯੋਗਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਜੇਕਰ ਹੁਣ ਵੀ ਉਦਯੋਗਾਂ ਦੇ ਵਿਕਾਸ ਲਈ ਕੁਝ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ  ਹਨ ਤੇ ਸੂਬਾ ਤਰੱਕੀ ਨਹੀਂ ਕਰ ਸਕੇਗਾ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਜਨਤਾ ਬਜਟ ਲਈ ਲੋਕਾਂ ਦੇ ਸੁਝਾਅ ਲੈ ਕੇ ਲੋਕ ਹਿੱਤ ਵਿੱਚ ਹਰ ਵਰਗ ਨਾਲ ਸਬੰਧਤ ਬਜਟ ਪੇਸ਼ ਕੀਤਾ ਜਾਵੇਗਾ। ਮੰਡੀ ਗੋਬਿੰਦਗੜ੍ਹ, ਜੋ ਕਿ ਉਦਯੋਗਿਕ ਹੱਬ ਹੈ, ਦੇ ਉਦਯੋਗਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਸੁਝਾਅ ਲਏ ਜਾਣਗੇ ਤਾਂ ਲੋਕ ਆਪਣੀਆਂ ਮੁਸ਼ਕਲਾਂ ਵੀ ਦੱਸਣਗੇ ਅਤੇ ਉਸੇ ਅਨੁਸਾਰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਬਜਟ ਲਈ ਵੱਧ ਤੋਂ ਵੱਧ ਹਾਂ ਪੱਖੀ ਸੁਝਾਅ ਦਿੱਤੇ ਜਾਣ ਤਾਂ ਜੋ ਪੰਜਾਬ ਅੰਦਰ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਰੇਤ ਮਾਫੀਏ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਰੇਤ ਮਾਫੀਏ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਨਾਲ ਰੇਤ ਮਾਫੀਏ ਵੱਲੋਂ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਗਈਆਂ ਅਤੇ ਰੇਤ ਮਾਫੀਏ ਦਾ ਸਿਆਸੀ ਲੋਕਾਂ ਨਾਲ ਗਠਜੋੜ ਖਤਮ ਕੀਤਾ ਜਾ ਰਿਹਾ ਹੈ, ਜਿਹੜਾ ਕਿ ਛੇਤੀ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਵੀ ਜਲਦ ਸਾਹਮਣੇ ਆ ਜਾਵੇਗੀ। ਵਿੱਤ ਮੰਤਰੀ ਨੇ ਰਿਸ਼ਵਤਖੋਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਿਸ਼ਵਤਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਰਿਸ਼ਵਤਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ. ਚੀਮਾ ਨੇ ਦੱਸਿਆ ਕਿ  ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਿਛਲੇ ਲੰਮੇਂ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਪਛਵਾੜਾ ਕੋਲਾ ਖਾਣ ਦਾ ਛੇਤੀ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਬਿਜਲੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੋਰਟਲ finance.punjab.gov.in. ਤੇ ਹੁਣ ਈ ਮੇਲ ਆਈ.ਡੀ. punjabdabudget@gmail.com ਵੀ ਜਾਰੀ ਕੀਤੀ ਗਈ ਹੈ ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਵੀ ਸੁਝਾਅ ਦੇ ਸਕਦੇ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਸੁਝਾਅ ਇਕੱਤਰ ਕਰਨ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ  ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਸੀ ਪਠਾਣਾ ਦੇ ਫੋਕਲ ਪੁਆਂਇੰਟ ਦੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਛੇਤੀ ਹੀ ਛੁਡਵਾਇਆ ਜਾਵੇਗਾ ਅਤੇ ਉਦਯੋਗਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਹਲਕਾ ਅਮਲੋਹ ਦੇ ਆਪ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਜਨਤਾ ਬਜਟ ਦੀ ਸ਼ੁਰੂਆਤ ਮੰਡੀ ਗੋਬਿੰਦਗੜ੍ਹ ਤੋਂ ਕਰਨ ਨਾਲ ਇਸ ਉਦਯੋਗਿਕ ਹੱਬ ਦੇ ਸਰਵਪੱਖੀ ਵਿਕਾਸ ਦੇ ਰਾਹ ਖੁੱਲ੍ਹਣਗੇ ਅਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ ਕੇ ਦਿੱਤਾ ਜਾ ਸਕੇਗਾ। ਉਨ੍ਹਾਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਲਈ ਕੁਝ ਸਮਾਂ ਦਿੱਤਾ ਜਾਵੇ ਅਤੇ ਵਿਰੋਧੀਆਂ ਦੀਆਂ ਗੁਮਰਾਹਕੁੰਨ ਗੱਲਾਂ ਵੱਲ ਗੌਰ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਹੀ ਨਵੇਂ ਪੰਜਾਬ ਦੀ ਦਿੱਖੀ ਸਭ ਦੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਨਵੇਂ ਪੰਜਾਬ ਦਾ ਨਿਰਮਾਣ ਕਰਕੇ ਲੋਕਾਂ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਬਜਟ ਲਈ ਸੁਝਾਅ ਲੈਣ ਦਾ ਫੈਸਲਾ ਪੰਜਾਬ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਥੋੜ੍ਹੇ ਦਿਨਾਂ ਵਿੱਚ ਜੋ ਫੈਸਲੇ ਕੀਤੇ ਗਏ ਹਨ, ਉਹ ਇਤਿਹਾਸਕ ਫੈਸਲੇ ਸਾਬਤ ਹੋ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵੱਖ-ਵੱਖ ਸਨਅਤਕਾਰਾਂ ਨੇ ਜਨਤਾ ਬਜਟ ਲਈ ਆਪਣੇ ਸੁਝਾਅ ਦਿੱਤੇ, ਜਿਸ ’ਤੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਬਜਟ ਤਿਆਰ ਕਰਨ ਵਿੱਚ ਇਨ੍ਹਾਂ ਸੁਝਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

ਇਸ ਮੌਕੇ ਡਿਪਟੀ ਸਕੱਤਰ, ਵਿੱਤ, ਸ. ਉਦੈਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਪੀ.(ਡੀ) ਸ. ਰਾਜਪਾਲ ਸਿੰਘ, ਐਸ.ਡੀ.ਐਮ. ਅਮਲੋਹ ਸ਼੍ਰੀਮਤੀ ਜੀਵਨਜੋਤ ਕੌਰ, ਜੀ.ਐਮ. ਇੰਡਸਟਰੀ ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।