ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲੇ ਖ਼ਿਲਾਫ਼ ਲੋਕਾਂ ਦਾ ਗੁੱਸਾ ਨਿੱਕਲਿਆ ਸੜਕਾਂ 'ਤੇ

 ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ 

ਬਰਨਾਲਾ, 11 ਫਰਬਰੀ (ਗੁਰਸੇਵਕ ਸੋਹੀ) ਇਨਕਲਾਬੀ ਕੇਂਦਰ, ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਰਜਿੰਦਰ ਪਾਲ ਉੱਤੇ ਸਮਾਜ ਵਿਰੋਧੀ ਹਨਅਨਸਰਾਂ ਨੇ ਜਾਨ ਲੇਵਾ ਹਮਲਾ ਕਰਕੇ ਗੰਭੀਰ ਫੱਟੜ ਕਰਨ ਨਾਲ ਇਨਕਲਾਬੀ ਜਮਹੂਰੀ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਅੱਜ ਵੱਖ-ਵੱਖ ਇਨਕਲਾਬੀ ਜਮਹੂਰੀ  ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਗੁਰਪ੍ਰੀਤ ਸਿੰਘ ਰੂੜੇਕੇ, ਰਮੇਸ਼ ਹਮਦਰਦ,ਮੇਲਾ ਸਿੰਘ ਕੱਟੂ, ਬਲਵੰਤ ਸਿੰਘ ਉੱਪਲੀ,ਸ਼ਿੰਦਰ ਧੌਲਾ,ਬਾਬੂ ਸਿੰਘ ਖੁੱਡੀ ਕਲਾਂ,ਨਿਰਮਲ ਚੁਹਾਣਕੇ ਹਰਿੰਦਰ ਮੱਲੀਆਂ, ਅਮਰਜੀਤ ਕੌਰ ਆਦਿ ਦੀ ਅਗਵਾਈ ਵਿੱਚ ਬਹੁਤ ਸਾਰੇ ਸਾਥੀ ਸਿਵਲ ਹਸਪਤਾਲ ਬਰਨਾਲਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਡੀ ਐਸ ਪੀ ਦਫਤਰ ਵੱਲ ਜੋਸ਼ ਭਰਪੂਰ ਮੁਜ਼ਾਹਰਾ ਕੀਤਾ ਗਿਆ।  ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਹਮਲਾ ਪੂਰੀ ਸਾਜ਼ਿਸ਼ ਨਾਲ 40-50 ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹੈ।  ਇਹ ਹਮਲਾ ਕਰਨ ਤੋਂ ਇੱਕ ਦਿਨ ਪਹਿਲਾਂ ਦੁਕਾਨ ਉੱਪਰ ਆਕੇ ਧਮਕੀ ਦਿੱਤੀ ਅਤੇ ਥਾਣੇ ਵਿੱਚ ਇੱਕ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ। ਯਾਦ ਰਹੇ ਕਿ ਸੇਖਾ ਰੋਡ ਦੀਆਂ ਗਲੀਆਂ 10-11 ਵਿੱਚ ਅਣ -ਅਧਿਕਾਰਤ ਤੌਰ ਤੇ ਗੁਦਾਮਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ਨੇ ਮੁਹੱਲਾ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸਾਲ ਭਰ ਤੋਂ ਮੁਹੱਲਾ ਵਾਸੀ ਸੰਘਰਸ਼ ਕਮੇਟੀ ਵੱਲੋਂ ਇਨ੍ਹਾਂ ਨਜਾਇਜ਼ ਗੁਦਾਮਾਂ ਨੂੰ ਬੰਦ ਕਰਵਾਉਣ ਲਈ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਮੁਹੱਲਾ ਵਾਸੀਆਂ ਦੀ ਮੁਸ਼ਕਲ ਵੱਲ ਕੰਨ ਨਹੀਂ ਧਰ ਰਿਹਾ। ਡਾ ਰਜਿੰਦਰ ਪਾਲ ਸੰਘਰਸ਼ ਕਮੇਟੀ ਦੀ ਅਗਵਾਈ ਕਰਨ ਕਰਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੀ ਅੱਖ ਵਿੱਚ ਰੜਕ ਰਿਹਾ ਸੀ। ਸਿੱਟਾ ਕੱਲ੍ਹ ਡਾ ਰਜਿੰਦਰ ਪਾਲ ਉੱਪਰ ਜਾਨਲੇਵਾ ਦੇ ਹਮਲੇ ਦੇ ਰੂਪ ਵਿੱਚ ਨਿੱਕਲਿਆ ਹੈ।ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਡਾ ਰਜਿੰਦਰ ਪਾਲ ਉੱਪਰ ਹੋਏ ਜਾਨਲੇਵਾ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਬੁਲਾਰਿਆਂ ਨੇ ਪੁਲਿਸ ਵੱਲੋਂ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦੱਸਿਆ। ਪੁਲਿਸ ਦੀ ਗੁੰਡਾ ਅਨਸਰਾਂ ਨਾਲ  ਅਜਿਹੀ ਢਿੱਲਮੱਠ ਦੀ ਕਾਰਵਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਸਾਰੀਆਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਸਮੇਂ ਹਰਚਰਨ ਸਿੰਘ ਚੰਨਾਂ,ਰਾਮ ਸਿੰਘ, ਜਸਪਾਲ ਸਿੰਘ ਚੀਮਾ, ਹਰਪਾਲ ਸਿੰਘ ਹੰਢਿਆਇਆ, ਬਲਰਾਜ ਸਿੰਘ ਹੰਢਿਆਇਆ, ਭਾਗ ਸਿੰਘ ਚੰਨਣਵਾਲ, ਪਰਮਜੀਤ ਸਿੰਘ, ਜਗਜੀਤ ਸਿੰਘ, ਕੁਲਵੀਰ ਸਿੰਘ, ਪ੍ਰੇਮਪਾਲ ਕੌਰ, ਕਿਰਨ ਕੌਰ,ਹਰਪ੍ਰੀਤ ਸਿੰਘ,ਡਾ ਅਮਰਜੀਤ ਸਿੰਘ ਕਾਲਸਾਂ,ਰਾਮ ਸਿੰਘ ਠੀਕਰੀਵਾਲਾ, ਪਲਵਿੰਦਰ ਸਿੰਘ ਠੀਕਰੀਵਾਲਾ ਆਦਿ ਆਗੂ ਵੀ ਹਾਜ਼ਰ ਸਨ।