5 ਫ਼ਰਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼ ਗੁਰਮਤਿ ਪ੍ਰਚਾਰ ਅਤੇ ਸੇਵਾ ਨੂੰ ਸਮਰਪਿਤ- ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਵਾਲੇ

ਸਧਾਰਨ ਮਨੁੱਖ ਆਪਣੇ ਆਪ ਜਾਂ ਪਰਿਵਾਰ ਲਈ ਜਿਊਂਦੇ ਹਨ ਪਰ ਮਹਾਂਪੁਰਸ਼ ਦੇਸ਼-ਵਿਦੇਸ਼ ਅਤੇ ਸਮਾਜ ਲਈ ਜਿਉੂਂਦੇ ਹਨ। ਅਜਿਹੇ ਮਹਾਂਪੁਰਸ਼ਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਪਰ ਉਹ ਆਪਣੀ ਲਗਨ ਘਾਲਣਾ ਨਾਲ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ।
ਮਹਾਂਪੁਰਸ਼ਾਂ ਦਾ ਕੰਮ ਹੈ ਸੰਗਤਾਂ ਨੂੰ ਗੁਰੂ ਨਾਲ ਜੋੜਨਾ, ਬਾਣੀ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਚਾਨਣਾ ਪਾਉਣਾ, ਨੌਜਵਾਨਾਂ ਨੂੰ ਨਸ਼ਿਆਂ ਵਰਗੀ ਭੈੜੀ ਬਿਮਾਰੀ ਤੋਂ ਜਾਣੂ ਕਰਵਾਉਣਾ ਤੇ ਮਾਤਾ-ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਾ, ਲੋਕਾਂ ਦੇ ਸੁੱਖਾਂ ਲਈ ਆਪਣੇ ਸੁੱਖਾਂ ਦਾ ਤਿਆਗ ਕਰ ਦੇਣਾ, ਹਮੇਸ਼ਾਂ ਹੀ ਸੰਗਤਾਂ ਨੂੰ ਚੰਗੇ ਕੰਮ ਕਰਨ ਲਈ ਸੰਦੇਸ਼ ਦੇਣਾ, ਵਹਿਮਾਂ ਭਰਮਾਂ ਵਿੱਚੋਂ ਕੱਢਣਾ, ਧਾਗੇ ਤਵੀਤਾਂ ਤੋਂ ਦੂਰ ਕਰਨਾ, ਦਸਾਂ-ਨਹੁੰਆਂ ਦੀ ਕਿਰਤ ਕਰਨਾ ਆਦਿ। ਇਹ ਵਿਚਾਰ ਹਨ ਬਾਬਾ ਗੁਰਦੀਪ ਸਿੰਘ ਜੀ ਪਿੰਡ ਚੰਦਪੁਰਾਣਾ ਦੇ।
ਬਾਬਾ ਗੁਰਦੀਪ ਸਿੰਘ ਜੀ, ਸਵ: ਸੰਤ ਬਾਬਾ ਨਛੱਤਰ ਸਿੰਘ ਜੀ ਦੇ ਛੋਟੇ ਭਰਾ ਹਨ। ਬਾਬਾ ਗੁਰਦੀਪ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਚੰਦਪੁਰਾਣਾ ਵਿਖੇ 5 ਫ਼ਰਵਰੀ 1974 ਈ: ਨੂੰ ਪਿਤਾ ਸਵ: ਸ੍ਰ: ਭਜਨ ਸਿੰਘ ਦੇ ਗ੍ਰਹਿ ਮਾਤਾ ਮੁਖਤਿਆਰ ਕੌਰ ਜੀ ਦੀ ਕੁੱਖੋਂ ਹੋਇਆ। ਆਪ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਆਪ ਜੀ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਆਪ ਪੜ੍ਹਾਈ ਦੇ ਨਾਲ-ਨਾਲ ਸੇਵਾ ਦੇ ਕਾਰਜ ਵੀ ਅੱਗੇ ਹੋ ਕੇ ਕਰਦੇ ਸਨ। ਆਪ ਨੇ ਸਰਕਾਰੀ ਮਿਡਲ ਸਕੂਲ ਪਿੰਡ ਚੰਦਪੁਰਾਣਾ ਤੋਂ ਅੱਠਵੀਂ ਜਮਾਤ ਕੀਤੀ, ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਤੋਂ 10+2 ਕਰਕੇ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਤੋਂ ਬੀ.ਏ. ਭਾਗ ਪਹਿਲਾ ਤੱਕ ਪੜ੍ਹਾਈ ਕੀਤੀ।
ਬਾਬਾ ਗੁਰਦੀਪ ਸਿੰਘ ਜੀ, ਸੰਤ ਬਾਬਾ ਨਛੱਤਰ ਸਿੰਘ ਜੀ ਦੇ ਹੁੰਦਿਆਂ ਵੀ ਇਸ ਅਸਥਾਨ ਉੱਪਰ ਚੱਲ ਰਹੇ ਕਾਰਜਾਂ ਵਿੱਚ ਭਰਪੂਰ ਯੋਗਦਾਨ ਪਾਉਂਦੇ ਸਨ। ਆਈਆਂ ਸੰਗਤਾਂ ਦੀਆਂ ਫਰਿਆਦਾਂ ਸੁਣਦੇ ਸਨ। ਸੰਗਰਾਂਦ ਦੇ ਦਿਹਾੜੇ ਤੇ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ, ਪੁੰਨਿਆਂ ਦੇ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਲਈ ਪ੍ਰਬੰਧ, ਮਾਰਚ ਮਹੀਨੇ ਵਿੱਚ ਜੋੜ-ਮੇਲੇ ਦੀ ਰੂਪ-ਰੇਖਾ, ਅੰਤਰਰਾਸ਼ਟਰੀ ਪੱਧਰ ਦਾ ਟੂਰਨਾਮੈਂਟ, ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਪੇ੍ਰਰਨਾ ਆਦਿ।
ਇੱਕ ਦਿਨ ਅੰਮ੍ਰਿਤ ਵੇਲੇ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ‘‘ਬਾਬਾ ਜੀ! ਇਹ ਸਭ ਤੁਹਾਡੀ ਕਿਰਪਾ ਦਾ ਸਦਕਾ ਹੈ, ਮੈਂ ਤਾਂ ਸਿੱਧਾ-ਸਾਦਾ ਇਨਸਾਨ ਹਾਂ। ਮੈਨੂੰ ਤਾਂ ਧਾਰਮਿਕ ਕੰਮਾਂ ਬਾਰੇ ਗਿਆਨ ਨਹੀਂ। ਇਹ ਤਾਂ ਤੁਹਾਡੀ ਮਿਹਰ ਹੈ, ਮੇਰਾ ਜੀਵਨ ਥੋੜ੍ਹਾ ਹੀ ਹੈ, ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਪਹੁੰਚਣਾ ਹੈ। ਇਸ ਅਸਥਾਨ ਦੀ ਸੇਵਾ-ਸੰਭਾਲ ਬਾਰੇ ਹੁਕਮ ਕਰੋ।’’ ਸੰਤ ਬਾਬਾ ਨਛੱਤਰ ਸਿੰਘ ਜੀ ਨੂੰ ਬਾਬਾ ਤੇਗ਼ਾ ਸਿੰਘ ਜੀ ਦੇ ਬਚਨ ਦਾ ਫੁਰਨਾ ਹੋਇਆ ਕਿ ਤੇਰੇ ਤੋਂ ਬਾਅਦ ਭਾਈ ਗੁਰਦੀਪ ਸਿੰਘ ਜੀ ਨੂੰ ਅਸੀਂ ਇਹ ਸੇਵਾ ਸੰਭਾਲਣੀ ਹੈ।
ਸੰਤ ਬਾਬਾ ਨਛੱਤਰ ਸਿੰਘ ਜੀ 18 ਜੂਨ 2011 ਈ: ਦਿਨ ਸ਼ਨੀਵਾਰ ਨੂੰ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਸੰਪੂਰਨ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਤੋਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ ਦੀ ਸੇਵਾ-ਸੰਭਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਹੋਰ ਸੰਤਾਂ-ਮਹਾਂਪੁਰਖਾਂ ਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਦਸਤਾਰਾਂ ਸਜਾ ਕੇ ਬਾਬਾ ਗੁਰਦੀਪ ਸਿੰਘ ਜੀ ਨੂੰ ਸੌਂਪ ਦਿੱਤੀ। ਬਾਬਾ ਗੁਰਦੀਪ ਸਿੰਘ ਜੀ ਨੇ ਜਦੋਂ ਤੋਂ ਸੇਵਾ-ਸੰਭਾਲੀ ਹੈ, ਉਸ ਸਮੇਂ ਤੋਂ ਹੀ ਗੁਰਦੁਆਰਾ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਬਾਬਾ ਗੁਰਦੀਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਹੇਠ ਲਿਖੇ ਅਦਾਰੇ ਸਫਲਤਾਪੂਰਵਕ ਚੱਲ ਰਹੇ ਹਨ।
J ਬਾਬਾ ਤੇਗ਼ਾ ਸਿੰਘ ਮੈਮੋਰੀਅਲ ਹਸਪਤਾਲ
J ਬਾਬਾ ਤੇਗ਼ਾ ਸਿੰਘ ਅਜਾਇਬ ਘਰ
J ਬਾਬਾ ਤੇਗ਼ਾ ਸਿੰਘ ਜੀ ਬਿਰਧ ਆਸ਼ਰਮ
J ਭੋਰਾ ਸਾਹਿਬ
J 68 ਤੀਰਥਾਂ ਦੇ ਜਲ ਵਾਲਾ ਸਰੋਵਰ
J ਸੱਚ-ਖੰਡ ਸਾਹਿਬ (ਸ਼ੀਸ਼ੇ ਦਾ ਆਲੀਸ਼ਾਨ ਪੰਜ ਮੰਜ਼ਿਲਾ)
J ਹਰ ਸਾਲ ਮਾਰਚ ਅਤੇ ਜੂਨ ਮਹੀਨੇ ਸਾਲਾਨਾ ਬਰਸੀ ਸਮਾਗਮ
J 40 ਫੁੱਟ ਉੱਚੀ ਪਹਾੜੀ ’ਤੇ ਸੁੰਦਰ ਪਾਰਕ
J ਅੰਗੀਠਾ ਸਾਹਿਬ ਸੰਤ ਬਾਬਾ ਨਛੱਤਰ ਸਿੰਘ ਜੀ
ਬਾਬਾ ਗੁਰਦੀਪ ਸਿੰਘ ਜੀ ਦੇ ਅਨੁਸਾਰ ‘‘ਆਪਣੇ ਬਜ਼ੁਰਗਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਪਰ ਅੱਜ-ਕੱਲ੍ਹ ਬਜ਼ੁਰਗਾਂ ਦੀ ਸੇਵਾ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਅਸੀਂ ਆਪਣੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ। ਸਾਡਾ ਸਭ ਤੋਂ ਮੁੱਢਲਾ ਫ਼ਰਜ਼ ਹੈ ਮਾਂ-ਬਾਪ ਦੀ ਸੇਵਾ ਕਰਨਾ, ਉਹਨਾਂ ਦਾ ਸਤਿਕਾਰ ਕਰਨਾ। ਇਹ ਸਭ ਤੋਂ ਵੱਡਾ ਪੁੰਨ ਹੈ।’’
ਬਾਬਾ ਗੁਰਦੀਪ ਸਿੰਘ ਜੀ ਨਾਮ ਦੇ ਰਸੀਏ ਤੇ ਪਰ-ਉਪਕਾਰੀ ਹਨ। ਉਹ ਭੁੱਲੇ-ਭਟਕੇ ਜੀਵਾਂ ਨੂੰ ਸੱਚ ਦਾ ਮਾਰਗ ਦਰਸਾ ਰਹੇ ਹਨ। ਆਪ ਨਾਮ ਦੀ ਕਮਾਈ ਕਰਦੇ ਹਨ ਤੇ ਦਿਨ-ਰਾਤ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਤੇ ਨਾਮ ਜਪਣ ਦੀ ਪੇ੍ਰਰਨਾ ਦਿੰਦੇ ਹਨ। ਬਾਬਾ ਗੁਰਦੀਪ ਸਿੰਘ ਜੀ ਵੱਲੋਂ ਇਸਤਰੀ ਵਰਗ ਨੂੰ ਉੱਚਾ ਸਨਮਾਨ ਦੇਣ ਲਈ ਲੋਹੜੀ ਅਤੇ ਮਾਘੀ ਮੌਕੇ ਔਰਤਾਂ ਤੇ ਲੜਕੀਆਂ ਨੂੰ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ ਕਰਦੇ ਹਨ। ਗ਼ਰੀਬ ਅਤੇ ਬੇਸਹਾਰਾ ਲੜਕੀਆਂ ਦੇ ਵਿਆਹ ਕਰਵਾਉਂਦੇ ਹਨ। ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦਿੰਦੇ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਚਲਾ ਸਕਣ। ਬਾਬਾ ਗੁਰਦੀਪ ਸਿੰਘ ਜੀ ਦੀ ਸਰਪ੍ਰਸਤੀ ਹੇੇਠ ਹਰ ਪੂਰਨਮਾਸ਼ੀ ਨੂੰ ਗੁਰਦੁਆਰਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਅੰਮ੍ਰਿਤਪਾਨ ਕਰਨ ਵਾਲੇ ਸਾਰੇ ਪ੍ਰਾਣੀਆਂ ਨੂੰ ਕਕਾਰ ਮੁਫ਼ਤ ਦਿੱਤੇ ਜਾਂਦੇ ਹਨ। ਸੰਗਰਾਂਦ ਦੇ ਦਿਹਾੜੇ ਤੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ।
ਬਾਬਾ ਗੁਰਦੀਪ ਸਿੰਘ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ, ਹੋਰ ਕਿਸੇ ਵੀ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ। ਉਹ ਸੰਗਤਾਂ ਤੋਂ ਮੱਥਾ ਨਹੀਂ ਟਿਕਾਉਂਦੇ, ਸੰਗਤਾਂ ਨੂੰ ਵੀ ਮੱਥਾ ਟੇਕਣ ਤੋਂ ਰੋਕਦੇ ਹਨ। ਉਹ ਇਹ ਹੀ ਕਹਿੰਦੇ ਹਨ ਕਿ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਇਆ ਕਰੋ।
ਬਾਬਾ ਗੁਰਦੀਪ ਸਿੰਘ ਜੀ ਅਨੁਸਾਰ ਆਪਣੇ ਆਸ-ਪਾਸ ਦਾ ਮਾਹੌਲ ਅਜਿਹਾ ਬਣਾਉਣਾ ਚਾਹੀਦਾ ਹੈ ਜਿਸ ਤੋਂ ਪਿਆਰ ਦੀ ਖੁਸ਼ਬੋ ਆਏ ਅਤੇ ਆਪਣੇ ਬੱਚੇ ਉਸ ਮਾਹੌਲ ਦਾ ਅਸਰ ਕਬੂਲ ਸਕਣ। ਜੇਕਰ ਸਾਡੇ ਘਰ ਦਾ ਮਾਹੌਲ ਮਾੜਾ ਹੋਵੇਗਾ ਤਾਂ ਉੱਥੇ ਪਰਮਾਤਮਾ ਦੇ ਸਿਮਰਨ ਦੀ ਘਾਟ ਹੋਵੇਗੀ। ਇਸ ਦਾ ਸਾਡੇ ਬੱਚਿਆਂ ਤੇ ਬੁਰਾ ਅਸਰ ਪਵੇਗਾ। ਸਾਨੂੰ ਹਮੇਸ਼ਾਂ ਸਿਮਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਵਿਅਕਤੀ ਦੇ ਮਨ ਦੀ ਭਟਕਣਾ ਦੂਰ ਹੁੰਦੀ ਹੈ। ਦੂਜਾ ਉਹ ਪਰਮਾਤਮਾ ਦੇ ਚਰਨੀਂ ਲੱਗਿਆ ਰਹਿੰਦਾ ਹੈ।
ਬਾਬਾ ਗੁਰਦੀਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਮਾਰਚ ਮਹੀਨੇ ਬਾਬਾ ਤੇਗ਼ਾ ਸਿੰਘ ਜੀ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਯਾਦ ’ਚ ਜੋੜ-ਮੇਲਾ ਮਨਾਇਆ ਜਾਂਦਾ ਹੈ। ਸਮਾਗਮ ਵਿੱਚ ਦੇਸ਼ਾਂ-ਵਿਦੇਸ਼ਾਂ ’ਚੋਂ, ਦੁਨੀਆਂ ਦੇ ਕੋਨੇ-ਕੋਨੇ ’ਚੋਂ ਸੰਗਤਾਂ ਹਾਜ਼ਰੀਆਂ ਭਰਦੇ ਹਨ। ਬਾਬਾ ਗੁਰਦੀਪ ਸਿੰਘ ਜੀ ਪ੍ਰਵਚਨ ਕਰਦੇ ਹੋਏ ਕਹਿੰਦੇ ਹਨ।
੍ਰ੍ਰJ ਸਾਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ
J ਚੰਗੀ ਸੰਗਤ ਕਰਨ ਵਾਲੇ ਨੂੰ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
J ਕਿਸੇ ਦਾ ਦਿਲ ਦੁਖਾਉਣਾ ਸਭ ਤੋਂ ਵੱਡਾ ਗੁਨਾਹ ਹੈ, ਸਾਨੂੰ ਅਜਿਹੇ ਗੁਨਾਹਾਂ ਤੋਂ ਬਚਣਾ ਚਾਹੀਦਾ ਹੈ।
J ਆਪਣੇ ਵਿੱਚੋਂ ਹੰਕਾਰ ਨੂੰ ਕੱਢ ਕੇ ਨਿਮਰਤਾ ਨੂੰ ਵਸਾਉ।
J ਆਪਣੇ ਮਨ ਵਿੱਚੋਂ ਪੰਜ ਚੋਰਾਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਨੂੰ ਮਾਰੋ।
J ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਨਾਮ ਜਪੋ। ਪੰਜ ਕਕਾਰਾਂ ਦੀ ਪਾਲਣਾ ਕਰੋ।
J ਜੂਠ ਖਾਣ ਤੋਂ ਅਤੇ ਝੂਠ ਬੋਲਣ ਤੋਂ ਪਰਹੇਜ਼ ਕਰੋ।
J ਹਰ ਧਰਮ ਦਾ ਸਤਿਕਾਰ ਅਤੇ ਸਭ ਨਾਲ ਪਿਆਰ ਕਰੋ।  
ਬਾਬਾ ਗੁਰਦੀਪ ਸਿੰਘ ਜੀ, ਬਾਬਾ ਨਛੱਤਰ ਸਿੰਘ ਜੀ ਦੀ ਚਲਾਈ ਹੋਈ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅਤੇ ਉਸ ਨੂੰ ਅੱਗੇ ਤੋਰਦੇ ਹੋਏ ਸਮਾਜ-ਸੇਵੀ ਕੰਮਾਂ ਵਿੱਚ ਯੋਗਦਾਨ ਪਾ ਰਹੇ ਹਨ। ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸਮੇਂ-ਸਮੇਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਖੇਡਣ ਲਈ ਪੇ੍ਰਰਿਤ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਆਰਥਿਕ ਮਦਦ ਕਰਨ ਦੇ ਇਲਾਵਾ ਖਿਡਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੀ ਮੁਹੱਈਆ ਕਰਵਾ ਰਹੇ ਹਨ। ਬਾਬਾ ਗੁਰਦੀਪ ਸਿੰਘ ਜੀ ਵੱਲੋਂ ਗ਼ਰੀਬ ਲੋਕਾਂ ਨੂੰ ਜੋ ਆਪਣੇ ਘਰ ਬਣਾਉਣ ਤੋਂ ਅਸਮਰਥ ਸਨ। ਉਹਨਾਂ ਨੂੰ ਰਹਿਣ ਲਈ ਘਰ ਵੀ ਬਣਾ ਕੇ ਦਿੱਤੇ ਗਏ ਹਨ। ਬਾਬਾ ਗੁਰਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।
ਬਾਬਾ ਗੁਰਦੀਪ ਸਿੰਘ ਜੀ ਨੂੰ ਪਰਮਾਤਮਾ ਏਨੀ ਸਮਰੱਥਾ ਬਖ਼ਸ਼ੇ ਕਿ ਉਹ ਗੁਰਮਤਿ ਦਾ ਪ੍ਰਚਾਰ ਹੋਰ ਵੱਧ ਤੋਂ ਵੱਧ ਕਰਨ, ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਬਲ ਪ੍ਰਦਾਨ ਕਰੇ ਅਤੇ ਹਮੇਸ਼ਾਂ ਹੀ ਲੋਕ-ਸੇਵਾ ਦੇ ਪਵਿੱਤਰ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ। ਇਹਨਾਂ ਸਤਰਾਂ ਦੇ ਲੇਖਕ ਵੱਲੋਂ ਬਾਬਾ ਗੁਰਦੀਪ ਸਿੰਘ ਜੀ ਨੂੰ ਜਨਮ-ਦਿਨ ਦੀ ਲੱਖ-ਲੱਖ ਵਧਾਈ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।