ਖੁਸ਼ਵੰਤਨਾਮਾ- "ਅਜ਼ਾਦ ਅਤੇ ਖਰੀ ਕਲਮ ਦਾ ਧਨੀ" ✍️ ਕੁਲਦੀਪ ਸਿੰਘ ਰਾਮਨਗਰ

 

ਵਿਗਿਆਨਕ, ਤਰਕਵਾਦ, ਉਦਾਰ ਮਾਨਵਤਾਵਾਦ ਅਤੇ ਕਦੇ ਕਦੇ ਰੋਮਾਂਟਿਕ ਰਚਨਾਵਾਂ ਖੁਲ ਕੇ ਲਿਖਣ ਵਾਲੇ ਹਰ ਭਾਸ਼ਾ ਦੇ ਲੇਖਕ ਖ਼ੁਸ਼ਵੰਤ ਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (1895–1985) ਪੰਜਾਬ ਅਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਉਹਨਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਵਰਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਹਨਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁਝ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਹਨਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।
ਖੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ। ਜਿਸ ਉਮਰ ਵਿੱਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਸ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦੇ ਸਨ। ਉਨ੍ਹਾਂ ਦੀ ਜੀਵਨ-ਸ਼ੈਲੀ ਵਿੱਚ ਦੀਰਘ-ਉਮਰ ਦਾ ਰਾਜ਼ ਛੁਪਿਆ ਹੋਇਆ ਸੀ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤੱਕ ਮਾਣਦਾ ਰਿਹਾ। ਉਹ ਮਿਰਜ਼ਾ ਗ਼ਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦਾ ਦੀਵਾਨਾ ਸੀ। ਉਨ੍ਹਾਂ ਆਪਣੇ ਕਾਲਮਾਂ ਵਿੱਚ ਉਰਦੂ ਸ਼ਾਇਰੀ ਨੂੰ ਖਾਸੀ ਜਗ੍ਹਾ ਦਿੱਤੀ ਜਦੋਂਕਿ ਜੁਝਾਰੂ ਕਵੀਆਂ ਦਾ ਕਲਾਮ ਉਸ ਦੀ ਕਲਮ ਤੋਂ ਕੋਹਾਂ ਦੂਰ ਹੀ ਰਿਹਾ। ਖੁਸ਼ਵੰਤ ਸਿੰਘ ਕੋਲ ਦੂਜਿਆਂ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਕਲਮ ਨਹੀਂ ਸੀ। ਇਸੇ ਲਈ ਸ਼ਾਇਦ ਉਸ ਨੇ ਜੁਝਾਰੂ-ਕਾਵਿਆ ਨੂੰ ਆਪਣੇ ਕਾਲਮਾਂ ਵਿੱਚ ਘੱਟ-ਬੱਧ ਹੀ ਥਾਂ ਦਿੱਤੀ ਸੀ। 
ਖੁਸ਼ਵੰਤ ਸਿੰਘ ਦੀ ਤਾਂ ਸਵੈ-ਜੀਵਨੀ ਦਾ ਨਾਂ ਹੀ ‘ਮੌਜ-ਮੇਲਾ’ ਸੀ। ਉਹ ਆਪਣੇ ਜੀਵਨ ਵਿੱਚ ਆਏ ਮਰਦ ਅਤੇ ਔਰਤਾਂ ਬਾਰੇ ਲਿਖਦਾ ਇੰਨੀ ਖੁੱਲ੍ਹ ਲੈ ਜਾਂਦਾ ਸੀ ਜੋ ਕਈ ਘਰਾਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦੇ ਸਨ। ਉਹ ਧਾਰਮਿਕ ਰਹੁ-ਰੀਤਾਂ ਵਿੱਚ ਯਕੀਨ ਨਹੀਂ ਸੀ ਰੱਖਦਾ, ਫਿਰ ਵੀ ਉਸ ਨੇ ਸਿੱਖ ਧਰਮ ਦੇ ਕੁਝ ਅਸੂਲਾਂ ’ਤੇ ਚੱਲਣ ਦੀ ਸਦਾ ਕੋਸ਼ਿਸ਼ ਕੀਤੀ ਸੀ। ਇਹਨਾਂ ਅਸੂਲਾਂ ਵਿੱਚ ਸੱਚ ਨੂੰ ਧਰਮ ਦਾ ਨਿਚੋੜ ਮੰਨਿਆ ਗਿਆ ਹੈ।  ਉਹ ਹਮੇਸ਼ਾ ਕਹਿੰਦੇ ਸਨ ਕਿ ਸੱਚ ਬੋਲਣ ਤੇ ਲਿਖਣ ਵਿੱਚ ਬਹੁਤ ਬਰਕਤਾਂ ਹਨ। ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਸੱਚ ਬੋਲ ਕੇ ਉਸ ਨੂੰ ਯਾਦ ਹੀ ਨਹੀਂ ਰੱਖਣਾ ਪੈਂਦਾ। 
ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ’ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖਿਆਈ ਦਰਪੇਸ਼ ਹੋਵੇ। ਉਸ ਨੇ ਜੋ ਵੀ ਲਿਖਿਆ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਵੀ ਸਹਿਜੇ ਹੀ ਸਮਝ ਸਕਦਾ ਸੀ। ਦੂਜਿਆਂ ਦੇ ਮੁਕਾਬਲੇ ਉਸ ਵਿਚ ਫ਼ਰਕ ਬੱਸ ਇੰਨਾ ਸੀ ਕਿ ਉਸ ਨੂੰ ਮਿਰਚ-ਮਸਾਲੇ ਧੂੜ ਕੇ ਆਪਣੀ ਲੇਖਣੀ ਨੂੰ ਪਾਠਕਾਂ ਸਾਹਮਣੇ ਪਰੋਸਣ ਦਾ ਵੱਲ ਖ਼ੂਬ ਆਉਂਦਾ ਸੀ।। ਉਹ ਦਾਅਵਾ ਕਰਦਾ ਸੀ ਕਿ ਉਸ ਨੇ ਕਦੇ ਵੀ ਜਾਣ-ਬੁੱਝ ਕੇ ਕੋਈ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਹ ਦੱਸਦੇ ਸਨ ਕਿ ‘ਮੈਂ ਤਾਂ ਹਮੇਸ਼ਾਂ ਇਹੀ ਚਾਹਿਆ ਕਿ ਖ਼ਰੀ ਗੱਲ ਇਮਾਨਦਾਰੀ ਨਾਲ ਲਿਖਾਂ’। ਉਹ ਆਪਣੇ ਸਮਕਾਲੀ ਲੇਖਕਾਂ ਨੂੰ ਮਸ਼ਵਰਾ ਦਿੰਦਾ ਸੀ ਕਿ ਬੰਦੇ ਨੂੰ ਪਾਖੰਡਵਾਦ ਅਤੇ ਫੂੰ-ਫਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਔਖੇ ਸ਼ਬਦ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ। ਉਹ ਕਸ਼ੀਦੀ ਹੋਈ ਸਿਆਣਪ ਦਾ ਆਸ਼ਿਕ ਸੀ ਜੋ ਲੋਕਾਂ ਲਈ ਰਾਹ-ਦਸੇਰਾ ਹੁੰਦੀ ਹੈ।
ਉਹ ਅੰਧਵਿਸ਼ਵਾਸ ਦੀ ਧੁੰਦ ਬਖੇਰਨ ਵਾਲੇ ਅਖੌਤੀ ਸਾਧੂਆਂ-ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਆਦਿ ਨੂੰ ਆੜੇ ਹੱਥੀਂ ਲੈਂਦਾ ਸੀ। ਉਹ ਕਹਿੰਦਾ, ‘ਪੁਜਾਰੀਆਂ ਦੇ ਸਵਾਰਥੀ ਹਿੱਤ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਤੋਰੀ-ਫੁਲਕਾ ਇਹਨਾਂ ’ਤੇ ਨਿਰਭਰ ਹੁੰਦਾ ਹੈ। ਉਹ ਅਖੌਤੀ ਸਾਧਾਂ ਨੂੰ ਜੋਕਾਂ ਕਹਿਣ ਦੀ ਜੁਰਅਤ ਰੱਖਦਾ ਸੀ ਜੋ ਭਗਵੇ ਕੱਪੜੇ ਪਾ ਕੇ ਮਿਹਨਤਕਸ਼ਾਂ ਦੀ ਕਮਾਈ ’ਤੇ ਵੱਧਦਾ-ਫੁੱਲਦੇ ਹਨ। ਉਹ ਸਾਰੀਆਂ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਕੋਸਦਾ ਸੀ ਜੋ ‘ਸ਼ੁਭ ਮਹੂਰਤ’ ਕਢਵਾਉਣ ਲਈ ਜੋਤਸ਼ੀਆਂ ਤੇ ਨਜੂਮੀਆਂ ਦੇ ਦਰਾਂ ’ਤੇ ਭਟਕਦੇ ਸਨ। 
ਆਬਾਦੀ ਵਿਸਫੋਟ ਬਾਰੇ ਖੁਸ਼ਵੰਤ ਸਿੰਘ ਬੇਹੱਦ ਗੰਭੀਰ ਸੀ। ਉਸ ਨੇ ਲਿਖਿਆ ਸੀ, ‘‘ਸਾਡੇ ਕੋਲ ਤੇਜ਼ੀ ਨਾਲ ਵਧ ਰਹੇ ਮੂੰਹਾਂ ਵਿੱਚ ਪਾਉਣ ਲਈ ਲੋੜੀਂਦੀਆਂ ਬੁਰਕੀਆਂ ਨਹੀਂ ਹਨ।’’ ਇਸ ਲਈ ਉਸ ਨੇ ਬਾਅਦ ਵਿੱਚ ਤਬਾਹੀ ਵੱਲ ਵਧ ਰਹੀ ਆਬਾਦੀ ਨੂੰ ਰੋਕਣ ਲਈ ਜਬਰੀ ਢੰਗ-ਤਰੀਕੇ ਅਪਨਾਉਣ ਦੀ ਵਕਾਲਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ, ‘‘ਜਿਨ੍ਹਾਂ ਜੋੜਿਆਂ ਦੇ ਦੋ ਤੋਂ ਵੱਧ ਬੱਚੇ ਹੋਣ, ਉਹਨਾਂ ਦਾ ਅਧਿਕਾਰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ’ਤੇ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ’ਤੇ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ।’’  ਕਾਸ਼! ਖੁਸ਼ਵੰਤ ਸਿੰਘ ਆਪਣੀ ਅਉਧ ਦਾ ਸੈਂਕੜਾ ਪੂਰ ਕਰ ਜਾਂਦੇ ਤਾਂ ਜੋ ਆਬਾਦੀ ਵਿਸਫੋਟ ਵਰਗੇ ਗੰਭੀਰ ਵਿਸ਼ਿਆਂ ’ਤੇ ਕੁਝ ਹੋਰ ਲਿਖਿਆ ਜਾਂਦਾ। 
ਆਪਣੀ ਕੌਮ ਦੇ ਬਾਰੇ ਲਤੀਫ਼ੇਬਾਜ਼ੀ ਕਰਕੇ ਆਪਣਾ ਨਾਂ ਚਮਕਾਉਣ ਵਾਲੇ ਖੁਸ਼ਵੰਤ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਉਸ ਨੂੰ ਨਿੱਤਨੇਮ ਕੰਠ ਸੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਉਨ੍ਹਾਂ ਨੇ ‘ਪਦਮ ਭੂਸ਼ਨ’ ਵਾਪਸ ਕੀਤਾ ਤਾਂ ਉਸ ਦੇ ਕੱਟੜ ਆਲੋਚਕ ਉਸ ਦੇ ਪ੍ਰਸ਼ੰਸਕ ਬਣ ਗਏ ਸਨ। ਦੂਜੇ ਪਾਸੇ ਉਸ ਦੇ ਅਣਗਿਣਤ ਪ੍ਰਸ਼ੰਸਕ ਕੱਟੜ ਵਿਰੋਧੀ ਬਣ ਗਏ ਸਨ। 
ਖੁਸ਼ਵੰਤ ਸਿੰਘ ਦੇ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਕੁਝ ਪੱਕੇ ਅਸੂਲ ਸਨ ਜਿਵੇਂ ਕਿ ਵਕਤ ਦੀ ਕਦਰ ਕਰਨੀ ਉਹ ਆਪਣਾ ਵਕਤ ਮਾਲਾ ਫੇਰਨ, ਅੰਧਵਿਸ਼ਵਾਸ, ਅਤੇ ਰੱਬ ਨੂੰ ਪ੍ਰਾਪਤ ਕਰਨ ਵਿੱਚ ਵਿਅਰਥ ਨਹੀਂ ਸਨ ਕਰਦੇ। ਉਨ੍ਹਾਂ ਦਾ ਆਪਣੀ ਜ਼ਿੰਦਗੀ ਨੂੰ ਇੱਕ ਮੌਜ ਮੇਲੇ ਦੀ ਤਰ੍ਹਾਂ ਜੀਣਾ ਵੀ ਸ਼ਾਇਦ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਸੀ। ਉਨ੍ਹਾਂ ਦੀ ਕਲਮ ਜ਼ਿਦਗੀ ਦੇ ਆਖਰੀ ਸਾਹ ਤੱਕ ਚਲਦੀ ਰਹੀ ਅਖੀਰ ਇਹ ਨਿਧੜਕ ਅਤੇ ਖੁਸ਼ਮਿਜ਼ਾਜ਼ ਕਲਮ 20 ਮਾਰਚ 2014 ਨੂੰ 99 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਖਾਮੋਸ਼ ਹੋ ਗਈ।

ਇੰਜ.ਕੁਲਦੀਪ ਸਿੰਘ ਰਾਮਨਗਰ
9417990040