You are here

ਮਾਂ-ਧੀ ਨੂੰ ਨਜਾਇਜ਼ ਹਿਰਾਸਤ 'ਚ ਰੱਖਣਾ ਹੀ ਮੁੱਢਲਾ ਦੋਸ਼- ਧਾਲੀਵਾਲ 

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ 118ਵੇਂ ਦਿਨ ਵੀ ਲਾਇਆ ਧਰਨਾ!

ਜਗਰਾਉਂ 18 ਜੁਲਾਈ ( ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜਾਇਜ ਹਿਰਾਸਤ ਚ ਰੱਖਣ ਅਤੇ ਥਾਣੇ ਵਿਚ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਿਚ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂਮ ਅਨੁਸਾਰ ਮ੍ਰਿਤਕਾ ਦੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਅੱਜ ਜਨਤਕ ਜੱਥੇਬੰਦੀਆਂ ਵਲੋਂ ਅਰੰਭ ਕੀਤਾ ਪੱਕਾ ਧਰਨਾ ਅੱਜ 118ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਰਾਮਗੜ੍ਹੀਆ ਭਾਈਚਾਰੇ ਦੇ ਆਗੂ ਬਲਜੀਤ ਸਿੰਘ ਸੋਹੀਅ‍ਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਵਲੋ ਪਰਵਿੰਦਰ ਸਿੰਘ ਕੁਲਾਰ, ਕਿਰਤੀ ਕਿਸਾਨ ਯੂਨੀਅਨ ਵਲੋਂ ਦਰਸ਼ਨ ਸਿੰਘ ਬੰਗਸੀਪੁਰਾ ਨੇ ਕਿਹਾ ਕਿ ਕੁਲਵੰਤ ਕੌਰ ਮਾਮਲੇ ਵਿਚ ਮੁੱਖ ਮੁੱਦਾ ਮਾਂ-ਧੀ ਨੂੰ ਘਰੋਂ ਚੁੱਕ ਕੇ ਨਜ਼ਾਇਜ਼ ਹਿਰਾਸਤ ਚ ਰੱਖਣ ਅਤੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਿਰ ਕੁੱਟਮਾਰ ਨੂੰ ਲਕੋਣ ਲਈ ਮ੍ਰਿਤਕਾ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਇੱਕ ਸਾਜ਼ਿਸ਼ ਤਹਿਤ ਫਰਜ਼ੀ ਕਹਾਣੀ ਅਤੇ ਫਰਜ਼ੀ ਗਵਾਹ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜ ਦਿੱਤਾ ਸੀ। ਉੱਧਰ ਦੂਜੇ ਦਿਨ ਪਿੰਡ ਰਸੂਲਪੁਰ ਦੇ ਪੰਚਾਇਤੀ ਲੋਕਾਂ ਨੇ ਥਾਣਾਮੁਖੀ ਦੀ ਨਜਾਇਜ ਹਿਰਾਸਤ ਚੋਂ ਛੁਡਾ ਕੇ ਪੀੜ੍ਹਤਾ ਡਾਕਟਰੀ ਮੁਲਾਹਜ਼ਾ ਕਰਵਾ ਕੇ ਲਿਖਤੀ ਸ਼ਿਕਾਇਤ ਦਾਇਰ ਕੀਤੀ ਅਤੇ ਪੜਤਾਲਾਂ ਸ਼ੁਰੂ ਕਰਵਾਈਆਂ ਅੰਤ ਪੁਲਿਸ ਨੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਜੋ ਹੁਣ ਡੀਅੈਸਪੀ ਹੈ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗੈਰ-ਜਮਾਨਤੀ ਸੰਗੀਨ ਧਰਾਵਾਂ ਹੋਣ ਬਾਵਜੂਦ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ। ਉੱਧਰ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਨੇ ਕਿਹਾ ਕਿ 118 ਦਿਨਾਂ ਤੋਂ ਸਰਕਾਰ ਵਲੋਂ ਸੁਣਵਾਈ ਨਾਂ ਕਰਨ ਤੋਂ ਨਰਾਜ਼ ਕਿਰਤੀ ਲੋਕ ਹੁਣ 22 ਜੁਲਾਈ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨਗੇ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਬੀਕੇਯੂ ਡਕੌਦਾ ਦੇ ਬਾਬਾ ਬੰਤਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸਿੰਘ ਜਗਰਾਉਂ, ਗੱਜਣ ਸਿੰਘ ਹਠੂਰ, ਜੱਥੇਦਾਰ ਚੜਤ ਸਿੰਘ, ਜੋਗਿੰਦਰ ਸਿੰਘ ਅਖਾੜਾ ਤੇ ਸੁਖਵਿੰਦਰ ਸਿੰਘ ਭੰਮੀਪੁਰਾ ਵੀ ਹਾਜ਼ਰ ਸਨ।