ਗੁਰੂਸਰ ਸੁਧਾਰ /ਲੁਧਿਆਣਾ 27 ਸਤੰਬਰ(ਟੀ. ਕੇ.) ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਗੋਦ ਲਏ ਪਿੰਡ ਸੁਧਾਰ ਵਿਚ ਇਕ ਸਿਹਤ ਜਾਂਚ ਕੈਂਪ ਲਾਇਆ| ਇਹ ਕੈਂਪ ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਦੇ ਸਿਲਸਿਲੇ ਵਿਚ ਆਯੋਜਿਤ ਇਸ ਕੈਂਪ ਦਾ ਉਦੇਸ਼ ਪੇਂਡੂ ਲੋਕਾਂ ਵਿਚ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਖਾਣ ਪੀਣ ਦੀਆਂ ਸਿਹਤਮੰਦ ਅਤੇ ਸਾਫ਼-ਸੁਥਰੀਆਂ ਆਦਤਾਂ ਦਾ ਪ੍ਰਸਾਰ ਕਰਨਾ ਸੀ| ਇਸ ਕੈਂਪ ਰਾਹੀਂ ਲੋਕਾਂ ਨੂੰ ਸਮਝਾਇਆ ਗਿਆ ਕਿ ਸੰਤੁਲਿਤ ਖੁਰਾਕ ਚੰਗੀ ਸਿਹਤ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਅਤੇ ਖੁਰਾਕ ਨਾਲ ਹੀ ਬਿਮਾਰੀਆਂ ਤੋਂ ਬਚਾਅ ਕਰਕੇ ਸਰੀਰਕ ਊਰਜਾ ਅਤੇ ਰੋਗਾਂ ਨਾਲ ਲੜਨ ਦੀ ਸਮਰਥਾ ਵਿਚ ਵਾਧਾ ਕੀਤਾ ਜਾ ਸਕਦਾ ਹੈ|
ਇਸ ਕੈਂਪ ਨੂੰ ਆਯੋਜਿਤ ਕਰਕੇ ਪਿੰਡ ਵਾਸੀਆਂ ਨੂੰ ਇਹ ਦੱਸਿਆ ਕਿ ਚੰਗੀ ਖੁਰਾਕ ਰਾਹੀਂ ਚੁਸਤ ਅਤੇ ਖੁਸ਼ਹਾਲ ਜ਼ਿੰਦਗੀ ਕਿਵੇਂ ਜੀਵੀ ਜਾ ਸਕਦੀ ਹੈ| ਇਹ ਕੈਂਪ ਸਿਵਲ ਹਸਪਤਾਲ ਦੀ ਸਿਹਤ ਸੇਵਾਵਾਂ ਸੰਬੰਧੀ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ. ਅਮਨਦੀਪ ਸਿੰਘ, ਸਿਮਰਨਜੀਤ ਕੌਰ, ਗੁਰਵਿੰਦਰ ਕੌਰ ਅਤੇ ਪਰਮਿੰਦਰ ਸਿੰਘ ਪ੍ਰਮੁੱਖ ਹਨ| ਕੈਂਪ ਵਿਚ ਸ਼ਾਮਿਲ ਹੋਏ 75 ਦੇ ਕਰੀਬ ਕਿਸਾਨਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਜਿਸ ਵਿਚ ਕੱਦ ਦੇ ਨਾਲ-ਨਾਲ ਭਾਰ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਪਰਖ ਪ੍ਰਮੁੱਖ ਸੀ| ਡਾ. ਸ਼ਿਵਾਨੀ ਰਾਣਾ ਨੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਖੂਨ ਦੀ ਕਮੀ ਅਤੇ ਇਸ ਤੋਂ ਬਚਾਅ ਦੇ ਤਰੀਕੇ ਦੱਸੇ| ਨਾਲ ਹੀ ਉਹਨਾਂ ਨੇ ਖਰ੍ਹਵੇ ਅਨਾਜਾਂ ਦੇ ਲਾਭ ਵੀ ਗਿਣਾਏ| ਅੰਤ ਵਿਚ ਡਾ. ਰਾਣਾ ਨੇ ਟੀਮ ਦੇ ਡਾਕਟਰਾਂ, ਪਿੰਡ ਦੇ ਸਰਪੰਚ ਅਤੇ ਮੁੱਖ ਬੁਲਾਰੇ ਸ਼੍ਰੀਮਤੀ ਤਜਿੰਦਰ ਕੌਰ ਦਾ ਧੰਨਵਾਦ ਕੀਤਾ|