ਪੰਜਾਬ ਸਰਕਾਰ ਨੇ ਧੌਲਾ ਸਕੂਲ ਦਾ ਨਾਮ ਉੱਘੇ ਸਾਹਿਤਕਾਰ ਰਾਮ ਸਰੂਪ ਅਣਖੀ ਦੇ ਨਾਮ ’ਤੇ ਰੱਖਿਆ - ਮੀਤ ਹੇਅਰ

ਸਰਕਾਰੀ ਪ੍ਰਾਇਮਰੀ ਸਕੂਲ ਸਹਿਣਾ ਦਾ ਨਾਂ ਬਲਵੰਤ ਗਾਰਗੀ ਦੇ ਨਾਮ ’ਤੇ ਰੱਖਣ ਦੀ ਕਵਾਇਦ ਸ਼ੁਰੂ

ਉਚੇਰੀ ਸਿੱਖਿਆ ਮੰਤਰੀ ਵੱਲੋਂ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦਾ ਕੈਲੰਡਰ ਜਾਰੀ

ਬਰਨਾਲਾ, 5 ਜਨਵਰੀ  (ਗੁਰਸੇਵਕ ਸੋਹੀ )  ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੇ ਉਘੇ ਸਾਹਿਤਕਾਰਾਂ ਨੂੰ ਸਨਮਾਨ ਦੇਣ ਦੀ ਵਿੱਢੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਦਾ ਨਾਮ ਰਾਮ ਸਰੂਪ ਅਣਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੌਲਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਸਹਿਣਾ (ਲੜਕੇ) ਦਾ ਨਾਮ ਉਘੇ ਸਾਹਿਤਕਾਰ ਬਲਵੰਤ ਗਾਰਗੀ ਜੀ ਦੇ ਨਾਮ ’ਤੇ ਰੱਖਣ ਦੀ ਕਵਾਇਦ ਸਿੱਖਿਆ ਵਿਭਾਗ ਰਾਹੀਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਗਟਾਵਾ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਥੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਬਰਨਾਲਾ ਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੈਲੰਡਰ ਜਾਰੀ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅੇੈਲੀਮੈਂਟਰੀ ਸਿੱਖਿਆ ਦਫਤਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ’ਚੋਂ ਬਰਨਾਲੇ ਦਾ ਇਕਲੌਤਾ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦਫਤਰ ਹੈ, ਜਿਸ ਨੇ ਕੈਲੰਡਰ ਦਾ ਉਪਰਾਲਾ ਕੀਤਾ ਹੈ, ਜਿਸ ਰਾਹੀਂ ਜ਼ਿਲ੍ਹੇ ਦੇ ਸਾਰੇ 182 ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਿਹਤਰੀਨ ਸਿੱਖਿਆ ਢਾਂਚੇ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਕੈਲੰਡਰ ਤਿਆਰ ਕਰਨ ਦਾ ਮਨੋਰਥ ਸਕੂਲੀ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਵੀ ਕੈਲੰਡਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿਚ ਪੰਜਾਬ ਦੇ ਪਹਿਲੇ ਸਮਾਰਟ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ, ਵਿਸ਼ੇਸ਼ ਬੱਚਿਆਂ ਦੀ ਸੂਬਾਈਆਂ ਖੇਡਾਂ ’ਚੋਂ ਪ੍ਰਾਪਤੀਆਂ, ਸਟੇਟ ਐਵਾਰਡੀ ਅਧਿਆਪਕਾਂ, ਸੁਰਜੀਤਪੁਰਾ ਸਕੂਲ ’ਚ ਸਥਾਪਿਤ ਨਰਸਰੀ ਆਦਿ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ, ਪੜ੍ਹੋ ਪੰਜਾਬ ਦੇ ਜ਼ਿਲ੍ਹਾ ਕੋ-ਆਰਡੀਨੇਟਰ ਕੁਲਦੀਪ ਸਿੰਘ ਭੁੱਲਰ, ਪਰਦੀਪ ਕੁਮਾਰ ਹੈੱਡਮਾਸਟਰ ਅਤੇ ਡਾ. ਸੰਜੈ ਸਿੰਗਲਾ ਹਾਜ਼ਰ ਸਨ।