ਹਿਰਾਸਤੀ ਮੌਤ- ਨੌਜਵਾਨ ਭਾਰਤ ਸਭਾ ਵੱਲੋਂ ਅਰਥੀ ਫੂਕ ਮੁਜ਼ਾਹਰੇ

ਕੋਟਕਪੂਰਾ, ਮਈ 2019  ਨੌਜਵਾਨ ਭਾਰਤ ਸਭਾ ਵੱਲੋਂ ਅੱਜ ਪਿੰਡ ਮੌੜ ’ਤੇ ਢਿਲਵਾਂ ਕਲਾਂ ’ਚ ਪੁਲੀਸ ਹਿਰਾਸਤ ’ਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ, ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ ਪੰਜਾਬ ਪੁਲੀਸ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਨੌਜਵਾਨ ਭਾਰਤ ਸਭਾ ਦੇ ਆਗੂ ਸੁਖਪ੍ਰੀਤ ਮੌੜ ਨੇ ਦੱਸਿਆ ਕਿ ਲੰਘੀ 18 ਮਈ ਨੂੰ ਜਸਪਾਲ ਸਿੰਘ ’ਤੇ ਵੋਟਾਂ ’ਚ ਗੜਬੜੀ ਕਰਨ ਦਾ ਦੋਸ਼ ਲਾਉਂਦਿਆਂ ਉਸ ਨੂੰ ਪਿੰਡ ਰੱਤੀਰੋੜੀ ਤੋਂ ਰਾਤ ਨੂੰ ਗਿਆਰਾਂ ਵਜੇ ਸੀਆਈਏ ਫ਼ਰੀਦਕੋਟ ਦੇ ਪੁਲੀਸ ਅਧਿਕਾਰੀਆਂ ਨੇ ਜਬਰਦਸਤੀ ਚੁੱਕ ਲਿਆ ਸੀ ਅਤੇ ਸੀਆਈਏ ਸਟਾਫ ਵੱਲੋਂ ਹਿਰਾਸਤ ’ਚ ਰੱਖ ਕੀਤੀ ਕਥਿਤ ਕੁੱਟਮਾਰ ਕਾਰਨ ਉਸਦੀ ਮੌਤ ਹੋ ਗਈ ਤੇ ਉਸ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਜਿਸ ਦੀ ਕੈਮਰਿਆਂ ਵਿੱਚ ਰਿਕਾਰਡਿੰਗ ਵੀ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਨੌਜਵਾਨ ਭਾਰਤ ਸਭਾ ਵੱਲੋਂ ਇਸ ਦੇ ਵਿਰੋਧ ਵਿੱਚ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਪੁਲਿਸ ਦੀਆਂ ਅਰਥੀਆਂ ਫੂਕੀਆਂ ਗਈਆਂ ਅਤੇ 29 ਮਈ ਨੂੰ ਵੱਡੇ ਪੱਧਰ ਤੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਤਾਂ ਜੋ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਜਗਮੀਤ ਮੌੜ, ਅਰਸ਼, ਬਲਰਾਜ ਮੌੜ, ਹੈਪੀ, ਜਸਕਰਨ ਸਿੰਘ, ਪੰਮਾ ਸਿੰਘ, ਬਲਜੀਤ ਸਿੰਘ ਆਦਿ ਸਾਥੀ ਹਾਜ਼ਰ ਸਨ।