"ਅਸਲ ਲੋਹਡ਼ੀ" ✍️ ਨਰਪਿੰਦਰ ਸਿੰਘ ਮੁਸਾਫ਼ਿਰ

ਲੋਹਡ਼ੀ ਲੋਹਡ਼ੀ ਹਰ ਕੋਈ ਆਖੇ,

ਲੋਹਡ਼ੀ ਅਸਲ ਮਨਾਵੇ ਕੌਣ?

ਬੁਰਾ ਨਹੀਂ ਹੈ ਜਸ਼ਨ ਮਨਾਉਣੇ,

ਪਰ ਸਿੱਖਿਆ ਯਾਦ ਕਰਾਵੇ ਕੌਣ?

ਗੁੜ੍ਹ ਰਿਉੜੀ ਤਿਲ ਪਏ ਸਾੜਨ,

"ਮੈਂ ਮੇਰੀ" ਨੂੰ ਅੱਗ ਲਾਵੇ ਕੌਣ?

ਦੁੱਲਾ ਭੱਟੀ ਹਰ ਕੋਈ ਗਾਉਂਦਾ,

ਗਰੀਬ ਦੀ ਧੀ ਵਿਆਹਵੇ ਕੌਣ?

ਹਰ ਪਾਸੇ ਦੇਖੋ ਧੂਮ ਧੜੱਕਾ,

ਪਰ ਮਨ ਨੂੰ ਚੁੱਪ ਕਰਾਵੇ ਕੌਣ?

ਇੱਕ ਦੂਜੇ ਲਈ ਸਾੜਾ ਦਿਲ ਵਿੱਚ,

ਸਭਨਾਂ ਨੂੰ ਗਲੇ ਲਗਾਵੇ ਕੌਣ?

ਜਿਹਨਾਂ ਨੂੰ ਨ੍ਹੇਰੇ ਨਿੱਤ ਡਰਾਵਣ,

ਉਸ ਘਰ ਦੀਪ ਜਗਾਵੇ ਕੌਣ?

ਸ਼ੁਗਲ ਮੇਲੇ ਵਿਚ ਗਿੱਝੀ ਦੁਨੀਆ,

ਦੂਜਿਆਂ ਦਾ ਦੁੱਖ ਵੰਡਾਵੇ ਕੌਣ₹

ਰੁੱਸ ਰੁੱਸ ਬਹਿ ਗਏ ਆਕੜ ਮਾਰੇ,

ਇੱਕ ਦੂਜੇ ਤਾਈਂ ਮਨਾਵੇ ਕੌਣ?

ਸਾਂਝਾ ਮੁੱਕੀਆਂ ਪਾਣੀ ਦੇ ਵਾਂਗਰ,

ਇਹ ਰਿਸ਼ਤੇ,ਧਰਤ ਬਚਾਵੇ ਕੌਣ?

ਦੂਜੇ ਦੀ ਹੱਥ ਚੁੱਕੀ ਤੂੰ ਫਿਰਦਾ,

ਆਪਣੀ ਕਮੀ ਗਿਣਾਵੇ ਕੌਣ?

ਲੱਗੀ ਸ਼ੋਹਰਤ ਵਾਲੀ ਦੌੜ ਚੁਫੇਰੇ,

"ਮੁਸਾਫ਼ਿਰ" ਸਾਥ ਨਿਭਾਵੇ ਕੌਣ?

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ