ਗੋਰਿਆਂ ਦੇ ਜਾਣ ਮਗਰੋਂ ਕਾਲਿਆਂ ਦਾ ਰਾਜ- ਬੈਂਸ

ਪਾਇਲ, ਅਗਸਤ 2019- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਅੱਜ ਇੱਥੇ ਕਿਹਾ ਕਿ ਅਸਲ ਆਜ਼ਾਦੀ ਤਾਂ ਕਾਗਜ਼ਾਂ ਤੱਕ ਹੀ ਸੀਮਤ ਹੈ ਕਿਉਂਕਿ ਆਜ਼ਾਦੀ ਦੇ 72 ਸਾਲ ਬੀਤਣ ਉਪਰੰਤ ਵੀ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ। ਸੂਬੇ ਅੰਦਰ ਗੋਰਿਆਂ ਦੇ ਜਾਣ ਉਪਰੰਤ ਕਾਲਿਆਂ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਖਾਕੀ ਸੱਤਾਧਾਰੀ ਤੇ ਚਿੱਟਾ ਵੇਚਣ ਵਾਲਿਆਂ ਦਾ ਹੁਕਮ ਚੱਲਦਾ ਹੈ। ਕਿਸੇ ਵੇਲੇ ਜੋ ਪੰਜਾਬ ਪੰਜ ਆਬ ਸੀ, ਉਹ ਸਿਰਫ਼ ਹੁਣ ਢਾਈ ਆਬ ਹੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਮੁਫ਼ਤ ਵਿੱਚ ਦਿੱਤੇ ਰਹੇ ਪਾਣੀ ਨੂੰ ਬੰਦ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਨੂੰ ਬੰਜਰ ਹੋਣ ਅਤੇ ਕੰਗਾਲੀ ਤੋਂ ਬਚਾਉਣ ਲਈ ਇਕ ਜਨ ਅੰਦੋਲਨ ‘ਸਾਡਾ ਪਾਣੀ ਸਾਡਾ ਹੱਕ’ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35-ਏ ਖਤਮ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਹੋਂਦ ਖਤਮ ਹੋ ਰਹੀ ਹੈ, ਹੁਣ ਅਕਾਲੀ ਦਲ ਸੁਖਬੀਰ ਸੈਨਾ ਬਣ ਕੇ ਰਹਿ ਗਿਆ ਹੈ।