ਬਾਟੇ 'ਚ ਸ਼ਰਾਬ ਪਾ ਕੇ ਅੰਮ੍ਰਿਤ ਦੀ ਨਕਲ ਕਰਨ ਵਾਲੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ

ਲੁਧਿਆਣਾ, ਜੁਲਾਈ 2019 (ਮਨਜਿੰਦਰ ਗਿੱਲ) - ਲੁਧਿਆਣਾ ਦੇ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਬਾਟੇ 'ਚ ਪਾ ਕੇ ਅੰਮ੍ਰਿਤ ਦੀ ਨਕਲ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਦੀ ਬਲਜੀਤ ਸਿੰਘ ਦਾਦੂਵਾਲ ਅਤੇ ਅੰਮ੍ਰਿਤ ਸਿੰਘ ਅਜਨਾਲਾ ਦੀ ਅਗਵਾਈ 'ਚ ਬੈਠਕ ਹੋਈ, ਇਸ ਇਕੱਤਰਤਾ 'ਚ ਫੈਸਲਾ ਲਿਆ ਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ 14 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਮਾਮਲੇ ਵਿਚ ਪੁਲਿਸ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ, ਜੇਕਰ 14 ਜੁਲਾਈ ਤੱਕ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਆਪਣੀ ਅਗਲੀ ਰਣਨੀਤੀ ਬਣਾਈ ਜਾਵੇਗੀ।

ਨੌਜਵਾਨਾਂ ਵੱਲੋਂ ਖੰਡੇ ਬਾਟੇ ਦੇ ਵਿੱਚ ਸ਼ਰਾਬ ਪਾ ਕੇ ਅੰਮ੍ਰਿਤ ਛਕਣ ਦੀ ਨਕਲ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦੋਂ ਕਿ 11 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕਰਦਿਆਂ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਸਮੂਹ ਸਿੱਖ ਸੰਗਤ ਨੇ ਫੈਸਲਾ ਲਿਆ ਹੈ ਕਿ 14 ਤਰੀਕ ਤੱਕ ਦਾ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਜੇਕਰ ਉਦੋਂ ਤੱਕ ਪੁਲਿਸ ਨੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਸਿੱਖ ਸੰਗਤ ਮੁੜ ਤੋਂ ਇਕੱਤਰ ਹੋ ਕੇ ਅਗਲੀ ਰਣਨੀਤੀ ਤਿਆਰ ਕਰੇਗੀ। ਉਧਰ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਕਿਹਾ ਹੈ ਕਿ ਇਹ ਬਹੁਤ ਘਿਨੌਣੀ ਹਰਕਤ ਹੈ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਨੇਤਾ ਸਰਬੱਤ ਘੋਲਿਆ ਸੀ ਅਤੇ ਇਨ੍ਹਾਂ ਨੌਜਵਾਨਾਂ ਨੇ ਸ਼ਰਾਬ ਘੋਲ ਕੇ ਜੋ ਨਕਲ ਅੰਮ੍ਰਿਤ ਦੀ ਕੀਤੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਸਿੱਖ ਸੰਗਤ ਵੱਲੋਂ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ ਜੋ ਕਿ ਕਿਸੇ ਵੀ ਸੂਰਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ