ਕੱਟੜਪੰਥੀ,ਪੰਜਾਬ ਦੇ ਮਹੌਲ ਨੂੰ ਗੰਧਲਾ ਨਾ ਕਰਨ-ਕੇਂਦਰੀ ਚੇਅਰਮੈਨ ਡਾ ਰਮੇਸ ਬਾਲੀ

ਮਹਿਲ ਕਲਾਂ 06 ਨਵੰਬਰ (ਡਾ ਸੁਖਵਿੰਦਰ ਬਾਪਲਾ )  ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ (ਰਜਿ:) ਦਿੱਲੀ ਦੇ ਕੇਂਦਰੀ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਾਡੇ ਪੰਜਾਬ ਦੇ ਮਹੌਲ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਫਿਰ  ਹਸਦੇ ਵਸਦੇ ਲੋਕਾਂ ਨੂੰ ਵੈਣਾਂ ਵਂਲ ਧੱਕਿਆ ਜਾ ਰਿਹਾ ਹੈ। ਪੰਜਾਬ ਵਿੱਚ ਹਰ ਧਰਮ ਦੇ ਲੋਕ ਪਿਆਰ ਭਾਵਨਾ ਨਾਲ ਰਹੇ  ਹਨ। ਲੋਕ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਇਨਸਾਨੀਅਤ ਦੀ ਜਿੰਦਗੀ ਲਈ ਤੱਤਪਰ   ਹਨ। ਪਰ ਦੇਸ਼ ਵਿੱਚ ਫੁੱਟ ਪਾਉਣ ਵਾਲੇ ਲੋਕ ਆਪਣੇ ਕੱਟੜਵਾਦ ਨਾਲ ਹਿੰਸਾ ਫੈਲਾ ਰਹੇ  ਹਨ। ਡਾ ਬਾਲੀ ਨੇ  ਪੰਜਾਬ ਵਿੱਚ ਵਸਦੇ , ਹਰ ਧਰਮ ਦੇ ਲੋਕਾਂ ਨੂੰ , ਹਰ ਜਾਤੀ ਦੇ ਲੋਕਾਂ ਨੂੰ  ਪਿਆਰ ਭਾਵਨਾ ਨਾਲ ਰਹਿਣ ਲਈ ਅਤੇ ਗੁਮਰਾਹ ਕਰਨ ਵਾਲੇ ਭਾਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇਕ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ,ਜਿਸ ਵਿੱਚ  ਓਹਨਾਂ ਨੇ ਦੱਸਿਆ ਕਿ ਇਕ ਆਦਮੀ ਸਵੇਰੇ ਜਾਗਣ ਤੋਂ ਬਾਅਦ ਦੰਦਾਂ ਨੂੰ ਬਰੱਸ਼ ਕਰਦਾ ਹੈ ,ਨਹਾਉਂਦਾ ਹੈ ,ਤਿਆਰ ਹੋ ਕੇ ਨਾਸ਼ਤਾ ਕਰਦਾ ਹੈ,ਘਰੋਂ ਕੰਮ ਵਾਸਤੇ ਨਿੱਕਲ ਜਾਂਦਾ ਹੈ ,ਰਿਕਸ਼ਾ ਫੜਦਾ ਹੈ , ਲੋਕਲ ਬੱਸ ਲੋਕਲ ਟਰੇਨ ਜਾਂ ਆਪਣੇ ਸਾਧਨ ਰਾਹੀਂ ਦਫਤਰ ਜਾਂ ਆਪਣੇ ਕੰਮ ਧੰਦੇ 'ਤੇ ਪਹੁੰਚ ਜਾਂਦਾ ਹੈ।
ਓਥੇ ਪੂਰਾ ਦਿਨ ਕੰਮ ਕਰਦਾ ਹੈ , ਚਾਹ ਪਾਣੀ ਪੀਂਦਾ ਹੈ , ਸ਼ਾਮ ਨੂੰ ਵਾਪਸ ਘਰ ਵਾਸਤੇ ਚਲ ਪੈਂਦਾ ਹੈ। ਘਰ ਆਉਂਦਿਆਂ ਰਸਤੇ ਚ ਬਚਿਆਂ ਵਾਸਤੇ ਟਾਫੀਆਂ , ਸਬਜੀ,ਫਲ ਫਰੂਟ,ਮਠਿਆਈਆਂ ਲੈਂਦਾ ਹੈ ,ਮੋਬਾਈਲ ਵਿੱਚ ਰੀਚਾਰਜ ਕਰਵਾਉਂਦਾ ਹੈ , ਹੋਰ ਛੋਟੇ ਮੋਟੇ ਕੰਮ ਨਿਪਟਾਉਂਦਾ ਹੋਇਆ ਘਰ ਪਹੁੰਚਦਾ ਹੈ ,
ਹੁਣ ਦੇਖੋ ਉਸਨੂੰ  ਦਿਨ ਭਰ ਕਿਤੇ  ਕੋਈ "ਹਿੰਦੂ"  "ਮੁਸਲਮਾਨ"  ਜਾਂ ਕੋਈ ਕਥਿਤ "ਦਲਿਤ"  ਮਿਲਿਆ ? ਕੀ ਉਸਨੇ  ਦਿਨ ਵਿੱਚ ਕਿਸੇ "ਹਿੰਦੂ"  "ਮੁਸਲਮਾਨ" ਜਾਂ "ਦਲਿਤ" ਉੱਤੇ ਕੋਈ ਅਤਿਆਚਾਰ ਕੀਤਾ ? ਉਸਨੂੰ ਦਿਨ ਭਰ ਜੋ ਮਿਲੇ ਉਹ ਸਨ •••••••ਅਖਬਾਰ ਵਾਲਾ ਭਾਈ ,ਦੁੱਧ ਵਾਲਾ ਭਾਈ , ਰਿਕਸ਼ੇ ਵਾਲਾ ਭਾਈ , ਬਸ ਕੰਡਕਟਰ , ਦਫਤਰ ਜਾਂ ਕੰਮ ਕਾਰ ਵਾਲੀ ਜਗ੍ਹਾ ਦੇ ਦੋਸਤ ਮਿੱਤਰ ,ਕੁਝ ਅਨਜਾਣ ਲੋਕ , ਚਾਹ ਵਾਲਾ ਭਾਈ,ਕਰਿਆਨੇ ਵਾਲਾ ਭਾਈ ,ਮਠਿਆਈਆਂ ਵਾਲਾ ਭਾਈ ,ਜਦੋਂ ਇਹ ਸਾਰੇ ਲੋਕ ਭਾਈ ਅਤੇ ਦੋਸਤ ਮਿੱਤਰ ਹਨ ਤਾਂ ਇਨ੍ਹਾਂ ਵਿੱਚ "ਹਿੰਦੂ"  "ਮੁਸਲਮਾਨ" ਜਾਂ "ਦਲਿਤ" ਕਿੱਥੇ ਹਨ ??
ਦਿਨ ਭਰ ਉਸਨੇ ਕਿਸੇ ਨੂੰ ਪੁੱਛਿਆ ਕਿ ਭਾਈ ਤੂੰ "ਹਿੰਦੂ" ਹੈਂ ?  "ਮੁਸਲਮਾਨ" ਹੈਂ ?? ਜਾਂ "ਦਲਿਤ" ਹੈਂ ?  ਜੇ ਤੂੰ "ਮੁਸਲਮਾਨ"  "ਹਿੰਦੂ" ਜਾਂ ਕਥਿਤ "ਦਲਿਤ" ਹੈਂ ਤਾਂ ਤੇਰੀ ਬਸ ਵਿੱਚ ਸਫਰ ਨਹੀਂ ਕਰਾਂਗਾ ,ਤੇਰੇ ਹੱਥੋਂ ਚਾਹ ਨਹੀਂ ਪੀਵਾਂਗਾ,ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗਾ ,ਕੀ ਉਸਨੇ ਘਰ ਦਾ ਸਮਾਨ ਖਰੀਦਣ ਸਮੇਂ ਕਿਸੇ ਨੂੰ ਇਹ ਸਵਾਲ ਕੀਤਾ ਕਿ ਇਹ ਸਭ ਸਮਾਨ ਬਨਾਉਣ ਵਾਲੇ ਜਾਂ ਉਗਾਉਣ ਵਾਲੇ ਹਿੰਦੂ ,ਮੁਸਲਮਾਨ ਜਾਂ ਕਥਿਤ ਦਲਿਤ ਹਨ ?
"ਜੇ ਸਾਡੀ ਰੋਜਮਰਾ ਦੀ ਜਿੰਦਗੀ ਚ ਮਿਲਣ ਵਾਲੇ ਲੋਕ ਹਿੰਦੂ ਮੁਸਲਮਾਨ ਜਾਂ ਕਥਿਤ ਦਲਿਤ ਨਹੀਂ ਹੁੰਦੇ ਤਾਂ ਫਿਰ ਕੀ ਕਾਰਣ ਹੈ ਕਿ "ਵੋਟਾਂ" ਆਉਂਦਿਆਂ ਹੀ ਅਸੀਂ ਸਾਰੇ ਹਿੰਦੂ , ਮੁਸਲਮਾਨ, ਸਿੱਖ , ਜਾਂ ਕਥਿਤ ਦਲਿਤ ਹੋ ਜਾਂਦੇ ਹਾਂ ?
ਸਾਡੇ ਸਮਾਜ ਦੇ ਤਿੰਨ ਜਹਿਰ ,ਟੈਲੀਵਿਜ਼ਨ ਦੀ ਬਕਵਾਸ ਬਹਿਸ ,ਰਾਜਨੇਤਾਵਾਂ ਦੇ ਜਹਿਰੀਲੇ ਬੋਲ , ਅਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ,ਆਦਿ। ਇਨ੍ਹਾਂ ਤੋਂ ਦੂਰ ਰਹਿਣ ਨਾਲ ਸ਼ਾਇਦ ਕੁੱਝ ਹਦ ਤਕ ਸਮਸਿਆ ਹੱਲ ਹੋ ਜਾਵੇਗੀ । 
ਅਖੀਰ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ  ਅਤੇ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੇਂਦਰੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ  ਪੰਜਾਬ ਦੇ ਨਾਗਰਿਕ ,ਇਨ੍ਹਾਂ ਅਫ਼ਵਾਹਾਂ ਵੱਲ ਬਿਲਕੁਲ ਧਿਆਨ ਨਾ ਦੇਣ ਤਾਂ  ਕਿ ਸਾਡੀ  ਸਮਾਜਿਕ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ ।