ਅਕਾਲ ਯੂਨੀਵਰਸਿਟੀ ਵਿਚ ਫਿਜੀਕਸ ਵਿਭਾਗ ਵੱਲੋਂ ਪੋਸਟਰ ਬਣਾਉਣ ਦਾ ਕਰਵਾਇਆ ਮੁਕਾਬਲਾ

ਤਲਵੰਡੀ ਸਾਬੋ, 21 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦਾ ਫਿਜੀਕਸ ਵਿਭਾਗ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਦੀ ਦਿਸ਼ਾ ਵਿਚ ਕੰਮ ਕਰਦਿਆਂ ਕਈ ਸਿਰਜਣਾਤਮਕ ਗਤੀਵਿਧੀਆਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸ ਲੜੀ ਵਿਚ ਹੀ ਵਿਭਾਗ ਵੱਲੋਂ ਅੰਤਰ-ਵਿਭਾਗੀ ਪੋਸਟਰ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ‘ਸਾਇੰਸ, ਟਕਨਾਲੌਜੀ ਅਤੇ ਸਮਾਜ’ ਸੀ। ਪ੍ਰੋਗਰਾਮ ਤੋਂ ਕੁਝ ਦਿਨ ਪਹਿਲਾਂ ਹੀ ਇਕ ਨੋਟਿਸ ਵਿਭਾਗ ਵੱਲੋਂ ਜਾਰੀ ਕਰਕੇ ਸਮੂਚੇ ਪ੍ਰੋਗਰਾਮ ਦੀ ਰੂਪਰੇਖਾ ਅਤੇ ਨਿਯਮਾਂ ਦੀ ਸੂਚੀ ਸਾਂਝੀ ਕੀਤੀ ਗਈ। ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਪ੍ਰੋਗਰਾਮ ਦਾ ਉਦਘਾਟਨ ਫਿਜੀਕਸ ਵਿਭਾਗ ਦੇ ਮੁਖੀ ਡਾ. ਬੀਰਬਿਕਰਮ ਸਿੰਘ ਨੇ ਕੀਤਾ। ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੀ ਪੇਂਟਿੰਗ ਤੇ ਸਕੈਚਿੰਗ ਕਰਕੇ ਆਪਣੀ ਕਲਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਜੇਤੂਆਂ ਦੀ ਚੋਣ ਕਰਨ ਲਈ ਜਜ ਸਾਹਿਬਾਨ ਦੀ ਭੂਮਿਕਾ ਰਸਾਇਣ ਸ਼ਾਸਤਰ ਵਿਭਾਗ ਤੋਂ ਡਾ. ਸੰਦੀਪ ਕੁਮਾਰ ਅਤੇ ਗਣਿਤ ਵਿਭਾਗ ਤੋਂ ਡਾ. ਸੰਦੀਪ ਸਿੰਘ ਨੇ ਨਿਭਾਈ। ਮੁਕਾਬਲੇ ਵਿਚ ਫਿਜੀਕਸ ਵਿਭਾਗ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਅਤੇ ਜਯੋਤੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਜੇ ਸਥਾਨ ਉੱਤੇ ਬੋਟਨੀ ਵਿਭਾਗ ਦੇ ਸੁਖਪਾਲ ਕੌਰ ਅਤੇ ਅਰਸ਼ਪ੍ਰੀਤ ਕੌਰ ਰਹੇ। ਮੌਕੇ ਉੱਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਰਹੇ। ਅਧਿਆਪਕਾਂ ਨੇ ਮੁਕਾਬਲੇ ਦੌਰਾਨ ਵਿਦਿਆਰਥੀਆਂ ਦਾ ਸਕਾਰਾਤਮਕ ਉਤਸ਼ਾਹ ਵੇਖਕੇ ਇਸ ਦੀ ਸ਼ਲਾਘਾ ਕੀਤੀ। ਉਪਰੰਤ ਜੇਤੂਆਂ ਨੂੰ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਅੰਤ ਫਿਜੀਕਸ ਵਿਭਾਗ ਦੇ ਮੁਖੀ ਡਾ. ਬੀਰਬਿਕਰਮ ਸਿੰਘ ਦੇ ਧੰਨਵਾਦੀ ਸ਼ਬਦਾਂ ਨਾਲ ਹੋਇਆ।