You are here

ਸੰਤ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ MP ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ

ਲੰਡਨ, 01 ਅਗਸਤ ( ਖਹਿਰਾ)- ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਯਾਤਰਾ ਦੌਰਾਨ ਇੰਗਲੈਂਡ ਦੀ ਪਾਰਲੀਮੈਂਟ ਦਾ ਦੌਰਾ ਕੀਤਾ ਤੇ ਉਥੋਂ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਉਥੋਂ ਦੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਕਾਰਵਾਈ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਹ ਦੋਵੇਂ ਹਾਊਸ ਕੰਮ ਕਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਨਮਨਜੀਤ ਸਿੰਘ ਨਾਲ ਗੱਲਬਾਤ ਕਰਦਿਆ ਪੁੱਛਿਆ ਕਿ ਇੰਗਲੈਂਡ ਦਾ ਤਾਪਮਾਨ ਪਹਿਲੀਵਾਰ 40 ਡਿਗਰੀ ਤੋਂ ਵੱਧ ਮਾਪਿਆ ਗਿਆ ਸੀ ਤੇ ਇਹ ਸਾਰਾ ਵਰਤਾਰਾ ਆਲਮੀ ਤਪਸ਼ ਦੇ ਵੱਧਣ ਕਾਰਨ ਹੀ ਵਾਪਰ ਰਿਹਾ ਹੈ ਆਲਮੀ ਤਪਸ਼ ਨੂੰ ਘਟਾਉਣ ਲਈ ਯੂਰਪੀਅਨ ਦੇਸ਼ ਕਿਹੜੇ ਕਦਮ ਚੁੱਕ ਰਹੇ ਹਨ। ਜਿਸਤੇ ਸ. ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆਲਮੀ ਤਪਸ਼ ਦਾ ਵੱਧਣਾ ਇਸ ਸਮੇਂ ਸਮੁੱਚੀ ਦੁਨੀਆ ਲਈ ਖਤਰੇ ਦੀ ਘੰਟੀ ਹੈ ਤੇ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਮੁਲਕਾਂ ਨੂੰ ਰਲ ਕੇ ਹੰਭਾਲਾ ਮਾਰਨਾ ਪਵੇਗਾ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ ਮੌਕੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਪਹਿਲੇ ਪੱਗੜੀਧਾਰੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੱਤੀ ਕਿ ਉਹ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਬਾਖੂਬੀ ਲੜਦੇ ਰਹੇ ਹਨ ਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਕਾਰਵਾਈਆਂ ਦੀ ਉਹ ਆਵਾਜ਼ ਬਣਦੇ ਹਨ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰੀ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਆਦਿ ਹਾਜ਼ਰ ਸਨ ।