ਬਾਰ੍ਹਵੀਂ ਜਮਾਤ ਦੇ ਪੁਨਰ ਮੁਲਾਂਕਣ ਤੋਂ ਬਾਅਦ ਏਕਮਰੀਤ ਕੌਰ ਪੰਜਾਬ ਵਿਚੋਂ ਪਹਿਲੇ ਅਤੇ ਭਾਰਤ ਵਿਚੋਂ ਤੀਜੇ ਸਥਾਨ ਤੇ ਰਹੀ

ਜਗਰਾਉ 27 ਅਗਸਤ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪਿਛਲੇ ਮਹੀਨੇ ਬਾਰ੍ਹਵੀਂ ਜਮਾਤ ਦੇ ਆਏ ਨਤੀਜੇ ਵਿਚ ਜਿੱਥੇ ਬਲੌਜ਼ਮਜ਼ ਦੀ ਏਕਮਰੀਤ ਕੌਰ ਨੇ ਜ਼ਿਲ੍ਹੇ ਵਿਚ ਟਾਪ ਕੀਤਾ ਉੱਥੇ ਉਸਨੂੰ ਆਪਣੀ ਮਿਹਨਤ ਤੇ ਪੂਰਾ ਮਾਣ ਸੀ ਜਿਸ ਵਿਚ ਉਸਦੇ ਬਿਜ਼ਨਸ ਸਟੱਡੀਜ਼ ਦੇ ਵਿਸ਼ੇ ਵਿਚ ਪੁਨਰ ਮੁਲਾਂਕਣ ਕਰਵਾਉਣ ਤੇ ਉਸਦੇ ਨੰਬਰ ਵੱਧ ਕੇ ਆਏ ਜਿਸਦੇ ਨਤੀਜੇ ਵੱਜੋਂ ਇਸ ਬੱਚੀ ਨੇ ਪੰਜਾਬ ਵਿਚੋਂ ਪਹਿਲਾ ਅਤੇ ਪੂਰੇ ਭਾਰਤ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਮੀਲ ਪੱਥਰ ਸਥਾਪਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚੇ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਬੱਚੇ ਦੀ ਮਿਹਨਤ ਤੇ ਮਾਣ ਮਹਿਸੂਸ ਕਰਦੇ ਹਾਂ ਜਿਸਨੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਾ ਕੇ ਪੂਰੇ ਭਾਰਤ ਵਿਚ ਮਸ਼ਹੂਰ ਕੀਤਾ ਹੈ। ਬੱਚੇ ਦੀ ਅਣਥੱਕ ਮਿਹਨਤ ਨੇ ਅੱਜ ਉਸਨੂੰ ਉੱਚ ਮੁਕਾਮ ਤੇ ਪਹੁੰਚਾ ਦਿੱਤਾ ਹੈ ਤੇ ਇਸਦਾ ਸਿਹਰਾ ਉੇਸਦੇ ਨਿੱਕੇ ਪੈਰੀਂ ਇਸ ਸਕੂਲ ਵਿਚ ਦਾਖਲ ਹੋਣ ਤੋਂ ਹੁਣ ਤੱਕ ਦੇ ਸਾਰੇ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ। ਇਹ ਬੱਚੀ ਬਾਕੀ ਬੱਚਿਆਂ ਲਈ ਪ੍ਰੇਰਨਾਸ੍ਰੋਤ ਹੈ। ਇਸ ਮੌਕੇ ਸਕੂਲ਼ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਪ੍ਰਿੰਸੀਪਲ, ਵਿਿਦਆਰਥੀ ਅਤੇ ਉਸਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।