ਮਨੋਰੰਜਨ ਦਾ ਨਵਾਂ ਖਜ਼ਾਨਾ ਫ਼ਿਲਮ ‘ਲੌਂਗ ਲਾਚੀ 2’

ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ। ਇਸ ਫ਼ਿਲਮ ਤੇ ਟਾਇਟਲ ਸੌਂਗ ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਜ਼ਿਕਰਯੋਗ ਹੈ ਕਿ ਹਰਮਨਜੀਤ ਦੇ ਲਿਖੇ ਤੇ ਮੰਨਤ ਨੂਰ ਦੇ ਗਾਏ ਇਸ ਗੀਤ ‘ਵੇ ਤੂੰ ਲੌਂਗ ਤੇ ਮੈਂ ਲੈਚੀ...’ ਯੂਟਿਊਬ ਦੀ ਦੁਨੀਆ ਵਿੱਚ ਭਾਰਤ ਪੱਧਰ ਤੇ ਪਹਿਲਾ ਗੀਤ ਸੀ ਜਿਸਨੇ ਬਾਲੀਵੁੱਡ ਗੀਤਾਂ ਨੂੰ ਪਛਾੜ ਕੇ ਇੱਕ ਵਿਲੀਅਨ ਨੂੰ ਟੱਚ ਕੀਤਾ। ਇਸ ਫ਼ਿਲਮ ਦੀ ਪ੍ਰਸਿੱਧੀ ਨੂੰ ਵੇਖਦਿਆਂ ਦਰਸ਼ਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਇਸ ਦਾ ਸੀਕੁਅਲ ਬਣਾਇਆ ਜਾਵੇ, ਹੁਣ ਦਰਸ਼ਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ ਅਤੇ ਅਗਲੇ ਹਫਤੇ 19 ਅਗਸਤ ਨੂੰ ਲੌਂਗ ਲਾਚੀ 2 ਪੰਜਾਬੀ ਸਿਨੇਮਿਆਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਟਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਵਿੱਚ ਨਵਾਂਪਣ ਹੈ ਜੋ ਫ਼ਿਲਮ ਦੇ ਕਿਰਦਾਰਾਂ ਦੇ ਪਿਛੋਕੜ ਦੀ ਗੱਲ ਕਰਦੀ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗੀ। ਅੰਬਰਦੀਪ ਨੇ ਇਸ ਫ਼ਿਲਮ ‘ਤੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਵਿੱਚ 1947 ਦੀ ਵੰਡ ਵੇਲੇ ਦਾ ਮਾਹੋਲ ਵੀ ਸ਼ਾਮਿਲ ਕੀਤਾ ਗਿਆ ਹੈ। ਐਮੀ ਵਿਰਕ ਦਾ ਕਿਰਦਾਰ ਵੀ ਪਹਿਲਾਂ ਨਾਲੋਂ ਹਟਕੇ ਹੋਵੇਗਾ। ਇਸ ਫ਼ਿਲਮ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ, ਨਿਰਮਾਤਾਵਾਂ ਨੇ ਪਹਿਲਾਂ ਟਰੇਲਰ ਤੇ ਹੁਣ ਲੌਂਗ ਲਾਚੀ 2’ ਦਾ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਵਿੱਚ ਨੀਰੂ ਬਾਜਵਾ, ਅੰਬਰਦੀਪ ਸਿੰਘ ਅਤੇ ਐਮੀ ਵਿਰਕ ਨਜ਼ਰ ਆ ਹਨ, ਇਹਨਾਂ ਦੀ ਤਿਗੜੀ ਗੀਤ ਵਿੱਚ ਖਾਸ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਜਿਸ ਨੂੰ ਸਿਮਰਨ ਭਾਰਦਵਾਜ ਨੇ ਗਾਇਆ ਹੈ। ਗੀਤ ਨੂੰ ਹਰਮਨਜੀਤ ਸਿੰਘ ਨੇ ਲਿਖਿਆ ਹੈ, ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਅਰਵਿੰਦ ਠਾਕੁਰ ਨੇ ਇਸ ਗੀਤ ਦੀ ਖੂਬਸੂਰਤ ਕੋਰੀਓਗ੍ਰਾਫੀ ਕੀਤੀ ਹੈ।ਫ਼ਿਲਮ ਵਿੱਚ ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਤੋਂ ਇਲਾਵਾ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਨੇ ਖੁਦ ਕੀਤਾ ਹੈ। ਇਹ ਫਿਲਮ ਵਿਲੇਜਰਜ਼ ਫਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ, ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ ਜਿਸ ਨੂੰ ਭਗਵੰਤ ਵਿਰਕ ਦੁਆਰਾ ਨਿਰਮਿਤ ਕੀਤਾ ਗਿਆ ਹੈ।

ਹਰਜਿੰਦਰ ਸਿੰਘ ਜਵੰਦਾ 94638 28000