ਛੱਤ ’ਤੇ ਚੜ੍ਹੀਆਂ ਨਰਸਾਂ

ਸੇਵਾਵਾਂ ਪੱਕੀਆਂ ਕਰਵਾਉਣ ਲਈ ਛੱਤ ’ਤੇ ਚੜ੍ਹੀਆਂ ਨਰਸਾਂ

ਪਟਿਆਲਾ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  ) ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਤਹਿਤ ਸਰਕਾਰੀ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਸਣੇ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਕੰਟਰੈਕਟ ਆਧਾਰਿਤ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਸਟਾਫ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਉਧਰ, ਨਰਸਿਜ਼ ਅਤੇ ਐਨਸਿਲਰੀ ਸਟਾਫ ਦੇ ਛੇ ਮੈਂਬਰ ਅੱਜ ਸਵੇਰੇ ਹੀ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਇਮਾਰਤ ਦੇ ਸਿਖ਼ਰ ’ਤੇ ਜਾ ਬੈਠੀਆਂ। ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਅੱਗੇ ਧਰਨਾ ਮਾਰਿਆ ਹੋਇਆ ਹੈ।
ਛੱਤ ’ਤੇ ਚੜ੍ਹਨ ਵਾਲੀਆਂ ਮਹਿਲਾ ਮੁਲਾਜ਼ਮਾਂ ਵਿੱਚ ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ ਦੀ ਚੇਅਰਪ੍ਰਸਨ ਸੰਦੀਪ ਕੌਰ ਬਰਨਾਲ਼ਾ ਸਣੇ ਰੁਪਿੰਦਰ ਕੌਰ ਬੁਢਲਾਡਾ, ਮਨਪ੍ਰੀਤ ਕੌਰ ਸਿੱਧੂ, ਬਲਜੀਤ ਕੌਰ ਖ਼ਾਲਸਾ, ਗੁਰਮੀਤ ਕੌਰ ਰਾਏਕੋਟ ਤੇ ਗੁਰਪ੍ਰੀਤ ਕੌਰ ਜਸਧੌਰ ਸ਼ਾਮਲ ਹਨ। ਉਹ ਅੱਜ ਸਵੱਖਤੇ ਹੀ ਇੱਥੇ ਆ ਚੜ੍ਹੀਆਂ। ਭਾਵੇਂ ਕਿ ਛੱਤ ਤੱਕ ਉਹ ਪੱਕੀਆਂ ਪੌੜੀਆਂ ਰਾਹੀਂ ਪੁੱਜੀਆਂ, ਪਰ ਇਸ ਇਮਾਰਤ ਦੇ ਸਿਖ਼ਰ ਤੱਕ ਪੁੱਜਣ ਲਈ ਉਨ੍ਹਾਂ ਨੇ ਲੱਕੜ ਦੀ ਪੌੜੀ ਦਾ ਇਸਤੇਮਾਲ ਕੀਤਾ ਤੇ ਬਾਅਦ ਵਿਚ ਪੌੜੀ ਉਤਾਂਹ ਖਿੱਚ ਲਈ। ਇਸ ਉਪਰੰਤ ਐਸੋਸੀਏਸ਼ਨ ਦੀਆਂ ਬਾਕੀ ਮੈਂਬਰ ਇਮਾਰਤ ਦੇ ਹੇਠਾਂ ਧਰਨਾ ਮਾਰ ਕੇ ਬੈਠ ਗਈਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਹੇਠਾਂ ਉੱਤਰਨ ਲਈ ਕਿਹਾ ਪਰ ਉਨ੍ਹਾਂ ਨੇ ਮੰਗ ਪੂਰੀ ਹੋਣ ਤਕ ਹੇਠਾਂ ਆਉਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਦਫ਼ਤਰ ਸਾਹਮਣੇ ਦਿਨ ਭਰ ਚੱਲੇ ਧਰਨੇ ਦੌਰਾਨ ਐਸੋਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ 2009 ਵਿਚ ਉਨ੍ਹਾਂ ਦੀ ਭਰਤੀ ਸਾਰੀਆਂ ਲੋੜੀਂਦੀਆਂ ਸ਼ਰਤਾਂ ਨਾਲ਼ ਹੋਈ ਸੀ, ਪਰ ਵਾਰ ਵਾਰ ਵਾਅਦੇ ਕਰਕੇ ਵੀ ਸਰਕਾਰ ਉਨ੍ਹਾਂ ਨੂੰ ਰੈਗੂਲਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ ਵੱਲੋਂ ਸਾਰੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਸਟਾਫ ਨੇ ਪੰਜ ਫਰਵਰੀ ਨੂੰ ਹੜਤਾਲ਼ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਧਰਨਾ ਮਾਰਿਆ ਸੀ, ਜੋ ਦੇਰ ਸ਼ਾਮੀ 7 ਫਰਵਰੀ ਲਈ ਸਿਹਤ ਮੰਤਰੀ ਨਾਲ਼ ਮੀਟਿੰਗ ਮੁਕੱਰਰ ਹੋਣ ਉਪਰੰਤ ਚੁੱਕਿਆ ਗਿਆ ਸੀ ਪਰ ਹੜਤਾਲ਼ ਅੱਜ ਦੂਜੇ ਦਿਨ ਵੀ ਜਾਰੀ ਰਹੀ।
ਜ਼ਿਕਰਯੋਗ ਹੈ ਕਿ ਇਸੇ ਮੰਗ ਤਹਿਤ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਦੋ ਸਾਲ ਪਹਿਲਾਂ ਭਾਖੜਾ ਨਹਿਰ ਵਿਚ ਛਾਲ਼ ਮਾਰ ਦਿੱਤੀ ਸੀ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਉਹ ਭਲ਼ਕੇ ਮੀਟਿੰਗ ਵਿਚ ਤਾਂ ਸ਼ਾਮਲ ਹੋਣਗੀਆਂ, ਪਰ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਹੋਰ ਤਿੱਖਾ ਪ੍ਰੋਗਰਾਮ ਉਲੀਕਿਆ ਜਾਵੇਗਾ। ਦੇਰ ਰਾਤ ਤੱਕ ਵੀ ਛੇ ਜਣੀਆਂ ਛੱਤ ’ਤੇ ਹੀ ਮੌਜੂਦ ਸਨ। ਧਰਨੇ ਨੂੰ ਮੁਲਾਜ਼ਮ ਆਗੂ ਕਾਕਾ ਸਿੰਘ ਪਹਾੜੀਪੁਰ, ਬਿਕਰਮਜੀਤ ਸਿੰਘ ਤੇ ਮੇਹਰ ਚੰਦ ਆਦਿ ਨੇ ਵੀ ਸੰਬੋਧਨ ਕੀਤਾ।