ਸੜਕਾਂ ’ਤੇ ਡੇਰੇ ਲਾਉਣਗੇ ਮੁਲਾਜ਼ਮ

ਚੰਡੀਗੜ੍ਹ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  ) ਪੰਜਾਬ ਵਿਧਾਨ ਸਭਾ ਦੇ 12 ਫਰਵਰੀ ਨੂੰ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਦਫ਼ਤਰੀ ਕੰਮ ਠੱਪ ਕਰ ਕੇ ਸੜਕਾਂ ’ਤੇ ਡੇਰੇ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਮਿੰਨੀ ਸਕੱਤਰੇਤ ਵਿਚ ਰੈਲੀ ਦੌਰਾਨ ਸਰਕਾਰ ਨੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਅਤੇ 8 ਫਰਵਰੀ ਨੂੰ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ।
ਸਰਕਾਰ ਵੱਲੋਂ ਬਜਟ ਸੈਸ਼ਨ ਅਤੇ ਲੋਕ ਸਭਾ ਚੋਣਾਂ ਤਕ ਛੁੱਟੀਆਂ ਬੰਦ ਕਰਨ ਦੇ ਜਾਰੀ ਹੁਕਮਾਂ ਤੋਂ ਬੇਪ੍ਰਵਾਹ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਨੇ ਅੱਜ ਮੁੜ ਮਿੰਨੀ ਸਕੱਤਰੇਤ ਅੱਗੇ ਧਰਨਾ ਦੇ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਐਕਸ਼ਨ ਕਮੇਟੀ ਦੇ ਪ੍ਰਧਾਨ ਐੱਨ ਪੀ ਸਿੰਘ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ 7 ਫਰਵਰੀ ਨੂੰ ਦੋਵਾਂ ਸਕੱਤਰੇਤਾਂ ਵਿਚ ਕਲਮ ਛੋੜ ਹੜਤਾਲ ਕਰ ਕੇ ਸਮੁੱਚਾ ਕੰਮ ਠੱਪ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲੇ ਸਕੱਤਰੇਤ ਪ੍ਰਸ਼ਾਸਨ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੂੰ ਤੁਰੰਤ ਇੱਥੋਂ ਨਾ ਬਦਲਿਆ ਗਿਆ ਤਾਂ ਮੁਲਾਜ਼ਮ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਕੱਤਰੇਤ ਦੀਆਂ ਸਾਰੀਆਂ ਸ਼ਾਖ਼ਾਵਾਂ ਦਾ ਕੰਮ ਠੱਪ ਕਰ ਦੇਣਗੇ। ਸਕੱਤਰੇਤ ਦੇ ਮੁਲਾਜ਼ਮਾਂ ਦੇ ਰੋਹ ਨੂੰ ਦੇਖਦਿਆਂ ਸਰਕਾਰ ਨੇ ਹੰਗਾਮੀ ਹਾਲਤ ਵਿਚ ਸਕੱਤਰੇਤ ਦੇ ਮੁਲਾਜ਼ਮ ਆਗੂਆਂ ਐਨਪੀ ਸਿੰਘ, ਸੁਖਚੈਨ ਖਹਿਰਾ, ਮਲਕੀਤ ਸਿੰਘ ਔਜਲਾ, ਬਲਰਾਜ ਸਿੰਘ ਦਾਓਂ, ਮਹੇਸ਼ ਚੰਦਰ, ਭੁਪਿੰਦਰ ਸਿੰਘ ਤੇ ਜਸਪਾਲ ਸਿੰਘ ਨਾਲ ਗੱਲਬਾਤ ਦਾ ਦੌਰ ਚਲਾਇਆ। ਬਾਅਦ ਵਿਚ ਸ੍ਰੀ ਖਹਿਰਾ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 8 ਫਰਵਰੀ ਨੂੰ ਮੁਲਾਜ਼ਮ ਮੰਗਾਂ ਬਾਰੇ ਫ਼ੈਸਲੇ ਲਏ ਜਾਣਗੇ, ਜਿਸ ਕਾਰਨ ਐਕਸ਼ਨ ਕਮੇਟੀ ਨੇ 7 ਫਰਵਰੀ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਅਤੇ 8 ਫਰਵਰੀ ਨੂੰ ਸਰਕਾਰ ਦਾ ਰੁਖ਼ ਦੇਖਣ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸੇ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਅੱਜ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ।
ਯੂਨੀਅਨ ਦੇ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲੇ ਦਿਨ 12 ਫਰਵਰੀ ਨੂੰ ਪੰਜਾਬ ਭਰ ਵਿਚ ਬਾਜ਼ਾਰਾਂ ਅਤੇ ਸੜਕਾਂ ਉਪਰ ਵਾਹਨਾਂ ਰਾਹੀਂ ਰੋਸ ਮਾਰਚ ਕਰ ਕੇ ਕੈਪਟਨ ਸਰਕਾਰ ਦੇ ਝੂਠੇ ਅਤੇ ਫੋਕੇ ਵਾਅਦਿਆਂ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ 13 ਤੋਂ 15 ਫਰਵਰੀ ਤਕ ਸੂਬਾ ਭਰ ਵਿਚ ਕਲਮ ਛੋੜ ਹੜਤਾਲ ਕਰ ਕੇ ਸਰਕਾਰੀ ਮਸ਼ੀਨਰੀ ਜਾਮ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ 6 ਮੁਲਾਜ਼ਮ ਫੈਡਰੇਸ਼ਨਾਂ ਸਮੇਤ ਹੋਰ ਕਈ ਜਥੇਬੰਦੀਆਂ ਦੇ ਆਧਾਰਿਤ ਬਣੀ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਜਟ ਸੈਸ਼ਨ ਦੇ ਦੂਜੇ ਦਿਨ 13 ਫਰਵਰੀ ਨੂੰ ਸੂਬਾਈ ਹੱਲਾ ਬੋਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮਾਂ ਵੱਲੋਂ ਮੁਹਾਲੀ ਵਿਚ ਕੀਤੀ ਜਾ ਰਹੀ ਇਸ ਰੈਲੀ ਦੌਰਾਨ ਕੈਪਟਨ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਘੇਰਨ ਦਾ ਐਲਾਨ ਵੀ ਕਰਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ 31 ਦਸੰਬਰ 2019 ਤਕ ਕਰਨ ਕਾਰਨ ਮੁਲਾਜ਼ਮ ਵਰਗ ਦੀ ਆਖ਼ਰੀ ਆਸ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਕੈਪਟਨ ਸਰਕਾਰ ਵੱਲੋਂ ਆਪਣੇ 22 ਮਹੀਨਿਆਂ ਦੇ ਰਾਜ ਭਾਗ ਦੌਰਾਨ ਡੀਏ ਦੀਆਂ 4 ਕਿਸ਼ਤਾਂ ਬਕਾਇਆ ਪਈਆਂ ਹੋਣ ਕਾਰਨ ਇਹ ਵਰਗ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਿਹਾ ਹੈ।