ਲੁਧਿਆਣਾ ਜ਼ਿਲ੍ਹੇ 'ਚ ਹੁਣ ਤੱਕ ਮੌਂਕੀਪੌਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ : ਸਿਵਲ ਸਰਜਨ ਡਾ. ਹਿਤਿੰਦਰ ਕੌਰ


ਲੁਧਿਆਣਾ 26 ਜੁਲਾਈ (ਰਣਜੀਤ ਸਿੱਧਵਾਂ) :  ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸਾਂ ਹੇਠ ਮੌਂਕੀਪੌਕਸ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵੱਧ ਹੁੰਦੀ ਹੈ, ਹਾਂਲਾਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ।ਡਾ. ਕਲੇਰ ਨੇ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਬਿਮਾਰੀ ਵਿੱਚ ਆਮ ਤੌਰ 'ਤੇ ਬੁਖਾਰ, ਭੁੱਖ ਦਾ ਨਾ ਲੱਗਣਾ, ਸ਼ਰੀਰ ਦਾ ਕਮਜ਼ੋਰ ਪੈਣਾ ਅਤੇ ਗਲੇ ਵਿਚ ਛਾਲੇ ਹੋਣਾ, ਬੁਖਾਰ ਹੋਣ ਤੇ ਇੱਕ ਦੋ ਦਿਨ ਬਾਅਦ ਮੂੰਹ ਵਿੱਚ ਦੁੱਖਦਾਇਕ ਛਾਲੇ ਹੋਣ ਜਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਛਾਲੇ ਛੋਟੇ ਛੋਟੇ ਲਾਲ ਦਾਣਿਆਂ ਵਜੋ ਸਰੀਰ ਤੇ ਉਭਰਦੇ ਹਨ, ਹੌਲੀ ਹੌਲੀ ਇਹ ਛਾਲੇ ਵੱਡੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਫ਼ ਸਫ਼ਾਈ ਰੱਖਣਾ ਬਹੁਤ ਜਰੂਰੀ ਹੈ। ਪਾਣੀ ਦੀ ਮਾਤਰਾ ਜਿਆਦਾ ਲਈ ਜਾਵੇ, ਸਾਫ਼ ਸੁਥਰਾ ਪੌਸਟਿਕ ਖਾਣਾ ਜਰੂਰੀ ਹੈ। ਜੇਕਰ ਉਪਰੋਤਕ ਲੱਛਣ ਪਾਏ ਜਾਂਦੇ ਹਨ ਤਾਂ ਮਰੀਜ਼ ਨੂੰ ਤੁਰੰਤ ਆਪਣੇ ਨੇੜੇ ਦੇ ਹਸਪਤਾਲ ਵਿੱਚ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।