ਸੁਰਜੀਤ ਗੱਗ ਦੀ ਪਲਸ ਮੰਚ ਵੱਲੋਂ ਤਿੱਖੀ ਆਲੋਚਨਾ

ਬਰਨਾਲਾ /ਮਹਿਲ ਕਲਾਂ - 26 ਜੁਲਾਈ - (ਗੁਰਸੇਵਕ ਸੋਹੀ ) - ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਸੁਰਜੀਤ ਗੱਗ ਵੱਲੋਂ ਬਾਬਾ ਨਾਨਕ ਦੀ ਤਸਵੀਰ ਨੂੰ ਮਨਮਾਨੇ ਢੰਗ ਨਾਲ, ਬਿਨਾਂ ਕਿਸੇ ਠੋਸ ਇਤਿਹਾਸਕ ਪ੍ਰਮਾਣ ਦੇਣ ਦੇ ਪਾ ਕੇ ਬੇਲੋੜੇ ਵਾਦ-ਵਿਵਾਦ, ਭੜਕਾਹਟ ਨੂੰ ਜਨਮ ਅਤੇ ਬੜਾਵਾ ਦੇਣ ਦਾ ਮਾਹੌਲ ਸਿਰਜਣ ਦਾ ਕੰਮ ਕਰਨਾ ਹਰ ਸੁਹਿਰਦ ਲੇਖਕ, ਕਵੀ, ਸਾਹਿਤਕਾਰ, ਚਿਤਰਕਾਰ,ਆਲੋਚਕ ਦੀ ਨਜ਼ਰ ਵਿਚ ਨਿੰਦਣਯੋਗ ਹੈ।
ਪਲਸ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਜਦੋਂ ਆਰ ਐਸ ਐਸ, ਮੋਦੀ ਅਮਿਤ ਸ਼ਾਹ ਜੋੜੀ ਦੀ ਭਾਜਪਾ ਹਕੂਮਤ ਹਰ ਕੋਝਾ ਹੱਥਕੰਡਾ ਅਪਣਾ ਕੇ ਸਮਾਜ ਅੰਦਰ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਨਾਂਅ ਤੇ ਵੰਡੀਆਂ ਪਾਉਣ, ਫਿਰਕੂ ਦਹਿਸ਼ਤਗਰਦੀ ਦੇ ਭਾਂਬੜ ਬਾਲਣ ਲਈ ਥਾਂ ਥਾਂ ਤੇਲ ਛਿੜਕਣ ਅਤੇ ਤੀਲੀਆਂ ਸੁੱਟਣ ਦੇ ਕਾਰੇ ਕਰ ਰਹੀ ਹੈ ਅਜਿਹੇ ਮੌਕੇ ਗੱਗ, ਅਜਿਹੀ ਹੋਛੀ ਕਲਮ ਘਸਾਈ ਕਰਕੇ ਆਖ਼ਰ ਕੀ ਹਾਸਲ ਕਰਨਾ ਚਾਹੁੰਦਾ ਹੈ,ਇਸ ਨਾਲ ਲੋਕਾਂ ਦਾ ਕੀ ਸੰਵਰਦਾ ਹੈ ਇਹ ਸੰਵੇਦਨਸ਼ੀਲ ਲੋਕਾਂ ਦਾ ਉਸ ਅੱਗੇ ਤਿੱਖਾ ਸੁਆਲ ਹੈ।
    ਮੰਚ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਉਪਰ ਮੋਦੀ ਹਕੂਮਤ ਦੇ ਵਹਿਸ਼ੀ ਪੰਜੇ ਝਪਟ ਰਹੇ ਹਨ, ਜਦੋਂ ਵਿਵੱਸਥਾ ਦੀ ਚਾਕਰੀ ਕਰਦੇ ਆਪੇ ਬਣੇ ਮਹਾਂ ਵਿਦਵਾਨ ਸੁਹਿਰਦ ਸੰਪਾਦਕਾਂ, ਪੱਤਰਕਾਰਾਂ, ਲੋਕ ਪੱਖੀ ਕਾਮਿਆਂ ਉਪਰ ਤਿੱਖੇ ਹਮਲੇ ਕਰ ਰਹੇ ਹਨ , ਇਹਨਾਂ ਨੂੰ ਸਿੱਧੇ ਮੱਥੇ ਟੱਕਰਨ ਦੀ ਬਜਾਏ ਗੱਗ, ਫੋਕੀ ਸ਼ੋਹਰਤ ਦੀ ਭੁੱਖ ਪੂਰੀ ਕਰਨ ਦੀ ਦੌੜ ਵਿਚ ਹਾਬੜਿਆ ਆਪਣੇ ਦੱਬੇ ਕੁਚਲੇ ਲੋਕਾਂ ਦੀ ਬਾਤ ਪਾਉਣ ਤੋਂ ਕਿਨਾਰਾ ਕਸ਼ੀ ਕਰਕੇ ਅਜਿਹਾ ਕੰਮ ਕਰ ਰਿਹਾ ਹੈ ਜਿਸ ਨਾਲ ਫਿਰਕੂ ਟੋਲਿਆਂ ਦੇ ਹੀ ਢਿੱਡ ਲੱਡੂ ਫੁੱਟਦੇ ਹਨ।
 ਉਹਨਾਂ ਕਿਹਾ ਕਿ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ, ਬਿਜਲੀ, ਮਹਿਗਾਈ, ਸਾਮਰਾਜੀ, ਵਿਸ਼ਵ ਬੈਂਕ, ਵਿਸ਼ਵ ਕਾਰਪੋਰੇਟ ਘਰਾਣਿਆਂ ਦੇ ਚੌਤਰਫੇ ਹੱਲੇ, ਬੁੱਧੀਜੀਵੀਆਂ ਨੂੰ ਬਿਨਾਂ ਵਜਾਹ ਸੀਖਾਂ ਪਿੱਛੇ ਡੱਕਿਆ, ਮਾਰਿਆ, ਸਾੜਿਆ ਅਤੇ ਤਿਲ਼ ਤਿਲ਼ ਕਰਕੇ ਮੌਤ ਦੇ ਜਬਾੜਿਆਂ ਚ ਧੱਕਿਆ ਜਾ ਰਿਹਾ ਹੈ ਗੱਗ ਵੱਲੋਂ ਉਸ ਪਾਸੇ ਵੱਲ ਕਲਮ ਚਲਾਉਣ ਦੀ ਬਜਾਏ ਉਹ ਕੰਮ ਕੀਤਾ ਜਾ ਰਿਹਾ ਜ਼ੋ ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਕਰ ਰਿਹਾ ਹੈ।
ਜਦ ਕਿ ਲੋੜ ਵੱਖ ਵੱਖ ਧਰਮਾਂ, ਫਿਰਕਿਆਂ ਵਿਚ ਵੰਡੇ ਲੋਕਾਂ ਦੀ ਵਿਸ਼ਾਲ ਜਨਤਕ ਲਹਿਰ ਉਸਾਰਨ ਦੀ ਹੈ।