ਜਗਰਾਉਂ, 02 ਜੁਲਾਈ ( ਗੁਰਕੀਰਤ ਜਗਰਾਉਂ ) ਅੱਜ ਕੱਲ੍ਹ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹ ਸ਼ਰੇਆਮ ਭਰੇ ਬਾਜ਼ਾਰ ਵਿੱਚ ਬਿਨਾਂ ਖ਼ੌਫ ਖਾਧੇ ਦੇ ਰਹੇ ਨੇ ਲੁੱਟਾਂ ਨੂੰ ਅੰਜਾਮ । ਬੀਤੇ ਦਿਨੀ ਜਗਰਾਉਂ ਦੇ ਮਸ਼ਹੂਰ ਸ਼ਿਵ ਮੰਦਰ ਬਾਬਾ ਸ਼ਿਵਾਲਕ ਦੇ ਸਾਹਮਣੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਔਰਤ ਤੋਂ ਉਸ ਦਾ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਇਕ ਨੂੰ ਕਾਬੂ ਕਰ ਲਿਆ ਗਿਆ। ਇਕੱਤਰ ਜਾਣਕਾਰੀ ਮੁਤਾਬਕ ਪਰਸ ਖੋਹਣ ਤੋਂ ਬਾਅਦ ਉਸ ਔਰਤ ਵੱਲੋਂ ਰੌਲਾ ਪਾਉਣ ਤੇ ਕੋਲ ਦੀ ਲੰਘ ਰਹੇ ਮੋਟਰਸਾਈਕਲ ਸਵਾਰ ਪੱਤਰਕਾਰ ਚਰਨਜੀਤ ਸਿੰਘ ਚੰਨ ਨੇ ਜਦੋਂ ਔਰਤ ਦਾ ਰੌਲਾ ਸੁਣਿਆ ਤਾਂ ਤੁਰੰਤ ਪਰਸ ਖੋਹ ਕੇ ਭੱਜ ਰਹੇ ਲੁਟੇਰਿਅਾਂ ਨੂੰ ਦੇਖ ਕੇ ਉਨ੍ਹਾਂ ਮਗਰ ਮੋਟਰਸਾਈਕਲ ਲਗਾ ਦਿੱਤਾ। ਲੁਟੇਰੇ ਸੁਭਾਸ਼ ਗੇਟ ਤੋਂ ਸਰਾਂ ਵੱਲ ਹੁੰਦੇ ਹੋਏ ਮੰਦਰ ਵਾਲੀ ਗਲੀ ਵਿਚ ਦੀ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਵੱਲ ਦੀ ਭੱਜਣ ਲੱਗੇ, ਇਸ ਦੌਰਾਨ ਦਲੇਰੀ ਨਾਲ ਚਰਨਜੀਤ ਸਿੰਘ ਵਲੋਂ ਉਨ੍ਹਾਂ ਨੂੰ ਰੁਕਣ ਲਈ ਧਮਕਾਇਆ ਤਾਂ ਇਕ ਲੁਟੇਰੇ ਵੱਲੋਂ ਦੂਸਰੇ ਲੁਟੇਰੇ ਨੂੰ ਕਿਹਾ ਗਿਆ ਕਿ ਮਾਰ ਇਸ ਦੇ ਖੰਡਾ ਪਰ ਉਸ ਨੇ ਦਲੇਰੀ ਦਿਖਾਉਂਦੇ ਹੋਏ ਬਿਨਾਂ ਡਰ ਤੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਜਦੋਂ ਲੁਟੇਰਿਆਂ ਦਾ ਮੋਟਰਸਾਈਕਲ ਚੁੰਗੀ ਨੰਬਰ ਪੰਜ ਕੋਲ ਪਹੁੰਚਿਆ ਤਾਂ ਦਲੇਰ ਚੰਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਸੁੱਟ ਦਿੱਤਾ ।ਮੋਟਰ ਸਾਈਕਲ ਡਿੱਗਣ ਤੇ ਇਕ ਲੁਟੇਰਾ ਜਿਸ ਕੋਲ ਖੰਡਾ ਸੀ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ, ਉਸਦੇ ਦੂਸਰੇ ਸਾਥੀ ਨੂੰ ਇਕ ਹੋਰ ਨੌਜਵਾਨ ਨੇ ਹੱਥੋਪਾਈ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਚਲਾਕੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਇਸ ਮੌਕੇ ਸਥਾਨਕ ਲੋਕਾਂ ਵੱਲੋਂ ਫੜੇ ਗਏ ਲੁਟੇਰੇ ਦੀ ਕੁੱਟਮਾਰ ਕੀਤੀ ਗਈ । ਪੁਲੀਸ ਵੱਲੋਂ ਪੈਟਰੋਲਿੰਗ ਕਰਦਾ ਪੀ. ਸੀ. ਆਰ. ਦਸਤਾ ਮੋਟਰਸਾਈਕਲ ਮੌਕੇ ਤੇ ਪਹੁੰਚ ਗਿਆ। ਪੀ. ਸੀ. ਆਰ. ਦੇ ਮੁਲਾਜ਼ਮਾਂ ਨੇ ਬੜੀ ਸੂਝ ਬੂਝ ਨਾਲ ਲੁਟੇਰੇ ਨੂੰ ਲੋਕਾਂ ਦੀ ਕੁੱਟਮਾਰ ਤੋਂ ਬਚਾਉਂਦੇ ਹੋਏ ਕਾਬੂ ਕਰ ਕੇ ਥਾਣਾ ਸਿਟੀ ਜਗਰਾਉਂ ਨੂੰ ਸੂਚਨਾ ਦੇ ਕੇ ਹੋਰ ਮੁਲਾਜ਼ਮਾਂ ਨੂੰ ਬੁਲਾ ਕੇ ਲੁਟੇਰੇ ਤੇ ਉਸ ਦੇ ਮੋਟਰਸਾਈਕਲ ਨੂੰ ਥਾਣਾ ਸਿਟੀ ਜਗਰਾਉਂ ਵਿਖੇ ਲੈ ਗਏ।
ਇਸ ਮੌਕੇ ਪੱਤਰਕਾਰ ਚਰਨਜੀਤ ਸਿੰਘ ਚੰਨ ਜੋ ਕਿ ਦਲੇਰ ਤੇ ਹਸਮੁੱਖ ਇਨਸਾਨ ਹੈ।ਉਸ ਵੱਲੋਂ ਦਿਖਾਈ ਗਈ ਦਲੇਰੀ ਦੀ ਲੋਕਾਂ ਵੱਲੋਂ ਬਹੁਤ ਪ੍ਰਸੰਸਾ ਕੀਤੀ ਗਈ । ਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਫੜੇ ਗਏ ਲੁਟੇਰੇ ਅਤੇ ਉਸ ਲੁਟੇਰੇ ਦੇ ਦੋ ਸਾਥੀਆਂ ਤੇ ਮੁਕੱਦਮਾ ਨੰਬਰ 106 ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲੀਸ ਨੇ ਦੱਸਿਆ ਕਿ ਬਾਕੀ ਫਰਾਰ ਲੁਟੇਰਿਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ । ਇਸ ਸਾਰੀ ਘਟਨਾ ਦੇ ਨਾਲ ਨਾਲ ਉਸ ਬਹਾਦੁਰ ਨੌਜਵਾਨ ਦੀ ਵੀ ਪੂਰੇ ਸ਼ਹਿਰ ਵਿੱਚ ਖੂਬ ਚਰਚਾ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਊਨਾ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਕਾਬੂ ਕੀਤਾ।