ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਮੀਟਿੰਗ

ਫਾਜ਼ਿਲਕਾ 29 ਜੂਨ (ਰਣਜੀਤ ਸਿੱਧਵਾਂ) :
ਚੇਅਰਮੈਨ, ਸਬ-ਡਵੀਜਨਲ ਕਮੇਟੀ-ਕਮ ਉਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ ਸ਼੍ਰੀ ਰਵਿੰਦਰ ਸਿੰਘ ਅਰੌੜਾ ਦੀ ਪ੍ਰਧਾਨਗੀ ਹੇਠ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਰਜਿਸਟਰਡ ਲਾਭਪਾਤਰੀਆਂ ਵੱਲੋਂ ਆਨਲਾਈਨ ਪ੍ਰਾਪਤ ਅਰਜੀਆਂ ਨੂੰ ਵਿਚਾਰਨ ਸਬੰਧੀ ਗਠਿਤ ਸਬ-ਡਵੀਜਨਲ ਕਮੇਟੀ ਫਾਜਿਲਕਾ ਦੀ ਮੀਟਿੰਗ ਕੀਤੀ ਗਈ। ਸਬ-ਡਵੀਜਨ ਫਾਜ਼ਿਲਕਾ ਨਾਲ ਸਬੰਧਤ ਪ੍ਰਾਪਤ ਹੋਈਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਕੁੱਲ 2027 ਅਰਜੀਆਂ ਕੁਲ ਰਕਮ ਰੁਪਏ 3,30,65,406/- (ਤਿੰਨ ਕਰੌੜ, ਤੀਹ ਲੱਖ, ਪੈਂਹਟ ਹਜ਼ਾਰ, ਚਾਰ ਸੋਂ ਛੇ ਰੁਪਏ) ਦੀ ਪੜਚੋਲ ਸਮੂਹ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਸਾਰੇ ਸਬੰਧਤ ਲਾਭਪਾਤਰੀ ਅਤੇ ਉਨ੍ਹਾਂ ਦੀਆਂ ਅਰਜੀਆਂ ਰੂਲਾਂ ਮੁਤਾਬਕ ਯੋਗ ਪਾਈਆਂ ਗਈਆ। ਕਮੇਟੀ ਮੈਬਰਾਂ ਵੱਲੋ ਇਹਨਾਂ ਅਰਜੀਆਂ ਨੂੰ ਪ੍ਰਵਾਨਗੀ ਦਿੰਦੇ ਹੋਏ ਅਗਲੀ ਕਾਰਵਾਈ ਲਈ ਮਾਨਯੋਗ ਡਿਪਟੀ ਕਮਿਸ਼ਨਰ, ਫਾਜਿਲਕਾ ਜੀ ਨੂੰ ਭੇਜਣ ਬਾਰੇ ਸਹਿਮਤੀ ਦਿੱਤੀ ਗਈ। ਸ਼੍ਰੀ ਬਲਜੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ, ਫਾਜ਼ਿਲਕਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਿਰਤੀਆਂ ਨੂੰ ਬੋਰਡ ਵੱਲੋ ਜਾਰੀ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਜਿਵੇਂ ਕਿ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ/ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ/ਟਾਈਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ, ਦਾ ਕੰਮ ਆਦਿ ਕਰਨ ਵਾਲੇ ਅਤੇ ਕਿਸੇ ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ, ਜਾਂ ਟੈਲੀਫੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ-ਰਖਾਵ ਜਾਂ ਤੋੜ੍ਹ-ਫੋੜ੍ਹ ਦੇ ਕੰਮ ਲਈ ਕੁਸ਼ਲ, ਅਰਧ-ਕੁਸ਼ਲ ਕਾਰੀਗਰ ਦੇ ਤੌਰ ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਹੋਣ, ਉਸਾਰੀ ਕਿਰਤੀ ਅਖਵਾਉਂਦੇ ਹਨ। ਇਸ ਤੋਂ ਇਲਾਵਾ ਭੱਠਿਆਂ ਤੇ ਪਥੇਰ, ਕੱਚੀ ਇੱਟ ਤੀ ਭਰਾਈ ਵਾਲੇ, ਟੈਂਟ ਲਗਾਉਣ ਵਾਲੇ, ਹੋਰਡਿੰਗ, ਬੈਨਰ ਬਣਾਉਣ ਦਾ ਕੰਮ ਕਰਦੇ ਵਰਕਰ ਉਸਾਰੀ ਕਿਰਤੀ ਅਖਵਾਉਂਦੇ ਹਨ। ਜੇਕਰ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿੱਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਮੈਂਬਰ ਬਣ ਸਕਦੇ ਹੋ। ਇਕ ਵਾਰ ਬੋਰਡ ਪਾਸ ਬਤੌਰ  ਲਾਭਪਤਾਰੀ ਰਜਿਸਟਰਡ ਹੋਣ ਉਪਰੰਤ, ਪੰਜੀਕ੍ਰਿਤ ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਹੇਠ ਲਿਖਿਆ ਭਲਾਈ ਸਕੀਮਾਂ ਦਾ ਲਾਭ ਲੇ ਸਕਦੇ ਹਨ। ਸਹਾਇਕ ਕਿਰਤ ਕਮਿਸ਼ਨਰ, ਫਾਜਿਲਕਾ ਵੱਲੋਂ ਦੱਸਿਆ ਗਿਆ ਕਿ ਬੋਰਡ ਅਧੀਨ ਸਕੀਮਾਂ ਵਿੱਚ ਆਯੂਸ਼ਮਾਨ ਭਾਰਤ-ਸਰਬਤ ਸਿਹਤ ਬੀਮਾ ਯੋਜਨਾ ਅਧੀਨ ਪੰਜੀਕ੍ਰਿਤ ਲਾਭਪਾਤਰੀ ਅਤੇ ਉਸ ਦੇ ਪਰਿਵਾਰ  ਨੂੰ 5 ਲੱਖ ਰੁਪੈ ਸਲਾਨਾ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ, ਐਕਸਗ੍ਰੇਸ਼ੀਆ ਸਕੀਮ ਅਧੀਨ 4 ਲੱਖ ਰੁਪਏ, ਉਸਾਰੀ ਕਿਰਤੀਆਂ ਦੇ ਬੱਚਿਆ ਲਈ ਵਜੀਫਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਲੜਕੀਆਂ ਦੀ ਸ਼ਾਦੀ ਤੇ ਸ਼ਗਨ ਸਕੀਮ 31,000/- ਰੁਪਏ, ਕਿਰਤੀਆਂ ਨੂੰ ਛੁੱਟੀ ਦੋਰਾਨ ਯਾਤਰਾ ਲਈ 2000/- ਰੁਪਏ, ਕਿਰਤੀਆਂ ਅਤੇ ਉਹਨਾਂ ਦੇ ਆਸ਼ਰਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁਪਏ ਤੱਕ ਦੇ ਖਰਚੇ ਦੀ ਪ੍ਰਤੀ-ਪੂਰਤੀ ਬਾਰੇ ਸਕੀਮ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ “ਐਨਕ (ਨਜ਼ਰ ਦੇ ਚਸ਼ਮੇ 800/-ਰਪੁਏ), (ਦੰਦ’5000/- ਰੁਪਏ  ਅਤੇ ਸੁਣਨ-ਯੰਤਰ 6000/- ਰੁਪਏ) ਲਗਵਾਉਣ ਲਈ ਵਿੱਤੀ ਸਹਾਇਤਾ ਦੇਣ ਬਾਰੇ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀ ਦੀ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ ਸੰਸਕਾਰ ਅਤੇ ਅੰਤਿਮ ਕ੍ਰਿਆ-ਕ੍ਰਮ ਦੇ ਖਰਚੇ ਲਈ 20,000/- ਦੀ ਵਿੱਤੀ ਸਹਾਇਤਾ ਦੇਣ ਬਾਰੇ ਭਲਾਈ ਸਕੀਮ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਆਪਣੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇ ਪੁਰਸ਼ ਲਾਭਪਾਤਰੀ ਨੂੰ ਪ੍ਰਸੂਤਾ ਸਕੀਮ ਅਧੀਨ 5000/- ਦੀ ਅਤੇ ਇਸਤਰੀ ਲਾਭਪਾਤਰੀ ਨੂੰ 21000/- ਰੁਪਏ ਦੀ ਸਹਾਇਤਾ ਰਾਸ਼ੀ, ਲਾਭਪਾਤਰੀਆਂ ਦੀ ਲੜਕੀ ਦੇ ਜਨਮ ਸਮੇਂ 51000/- ਰੁਪਏ ਦੀ ਫਿਕਸ ਰਾਸ਼ੀ ਜਮ੍ਹਾਂ ਕਰਵਾਉਣ ਬਾਰੇ ਸਕੀਮ,ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20,000/- ਰੁਪਏ ਵਿਤੀ ਸਹਾਇਤਾ ਪ੍ਰਤੀ ਸਾਲ ਸਕੀਮ, ਉਸਾਰੀ ਕਿਰਤੀ ਨੂੰ 60 ਸਾਲ ਦੀ ਉਮਰ ਉਪਰੰਤ ਪੈਨਸ਼ਨ ਸਕੀਮ ਆਦਿ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ, ਫਾਜਿਲਕਾ ਵੱਲੋਂ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੇਵਾ ਕੇਂਦਰਾਂ ਵਿੱਚ ਜਾ ਕੇ ਲਾਭਪਾਤਰੀ ਰਜਿਸਟਰਡ ਹੋਣ ਲਈ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ।