ਖ਼ਾਲਸਾ ਪਰਿਵਾਰ ਨੇ ਆਪਣੇ ਕੋ ਆਰਡੀਨੇਟਰ ਦਾ ਜਨਮ ਦਿਨ ਪੌਦੇ ਲਾ ਕੇ ਮਨਾਇਆ

 ਵਾਤਾਵਰਨ ਦੀ ਸ਼ੁੱਧਤਾ ਸਮੇਂ ਦੀ ਵੱਡੀ ਲੋੜ: ਪ੍ਰਤਾਪ ਸਿੰਘ
 ਜਗਰਾਉਂ (ਅਮਿਤ ਖੰਨਾ ): ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਖ਼ਾਲਸਾ ਪਰਿਵਾਰ ਜਗਰਾਉਂ ਨੇ ਖ਼ਾਲਸਾ ਪਰਿਵਾਰ ਦੇ ਕੋ ਆਰਡੀਨੇਟਰ ਪ੍ਰਤਾਪ ਸਿੰਘ ਦਾ ਜਨਮਦਿਨ ਖ਼ਾਲਸਾ ਸਕੂਲ ਵਿੱਚ ਪੌਦੇ ਲਾ ਕੇ ਮਨਾਇਆ। ਇਸ ਮੌਕੇ ਪ੍ਰਤਾਪ ਸਿੰਘ ਨੇ ਆਖਿਆ ਕਿ ਜਿਸ ਤਰ੍ਹਾਂ ਰੁੱਖਾਂ ਦੀ ਕਟਾਈ ਨਾਲ ਵਾਤਾਵਰਨ ਦੂਸ਼ਿਤ ਹੋ ਗਿਆ ਹੈ। ਉਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਦਾ ਸਾਫ਼ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹਵਾ ਅਤੇ ਪਾਣੀ ਨੂੰ ਉੱਚਾ ਦਰਜਾ ਦਿੱਤਾ ਹੈ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸਮੇਂ ਦੀਆਂ ਸਰਕਾਰਾਂ ਨੇ ਵੀ ਵਿਕਾਸ ਦੇ ਨਾਂ ਤੇ ਬਿਨਾਂ ਕਿਸੇ ਯੋਜਨਾਵਾਂ ਤੋਂ ਦਰੱਖਤਾਂ ਦੀ ਕਟਾਈ ਵੱਡੇ ਪੱਧਰ ਤੇ ਕੀਤੀ ਹੈ, ਜਿਸ ਕਰ ਕੇ ਦਰੱਖਤਾਂ ਦੀ ਕਮੀ ਨਾਲ ਵਾਤਾਵਰਨ ਦੂਸ਼ਿਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋਣ ਦੀ ਕਗਾਰ ਤੇ ਹੈ ਇਸ ਵਿੱਚ ਸਾਡਾ ਵੀ ਵੱਡਾ ਕਸੂਰ ਹੈ, ਅਸੀਂ ਵੀ ਇੱਕੋ ਫ਼ਸਲ ਦੇ ਮਗਰ ਪਏ ਹੋਏ ਹਾਂ ਤੇ ਫ਼ਸਲਾਂ ਦੀ ਵਿਭਿੰਨਤਾ ਨੂੰ ਤਰਜੀਹ ਨਹੀਂ ਦਿੰਦੇ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੇ ਤਾਂ ਅਜੇ ਧਰਤੀ ਹੇਠਲਾ ਪਾਣੀ ਵਰਤਣਾ ਵੀ ਸ਼ੁਰੂ ਨਹੀਂ ਕੀਤਾ ਪਰ ਅਸੀਂ ਕਈ ਸੌ ਫੁੱਟ ਥੱਲੇ ਚਲੇ ਗਏ ਹਾਂ। ਜਿਸ ਕਰਕੇ ਨਵੀਂ ਪੀੜ੍ਹੀ ਪਾਣੀ ਨੂੰ ਵੀ ਤਰਸਿਆ ਕਰੇਗੀ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਦਰੱਖਤ ਲਾ ਕੇ ਪੌਣ ਪਾਣੀ ਨੂੰ ਸੰਭਾਲਣਾ ਚਾਹੀਦਾ ਹੈ।  ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਤੇ ਬੇਮੌਸਮਾ ਹੋ ਰਿਹਾ ਮੌਸਮ ਵੀ ਠੀਕ ਹੋ ਸਕੇ। ਉਨ੍ਹਾਂ ਗਰੀਨ ਮਿਸ਼ਨ ਪੰਜਾਬ ਟੀਮ ਦੇ ਪ੍ਰਮੁੱਖ ਮੈਂਬਰ ਸਤਪਾਲ ਸਿੰਘ ਦੇਹਡ਼ਕਾ ਦੀ ਵੀ ਸਹਾਰਨਾ ਕੀਤੀ ਜਿਹੜੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਆਪਣੇ ਸਾਥੀਆਂ ਨਾਲ ਜੀਅ-ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਖਾਲਸਾ ਪਰਿਵਾਰ ਵੱਲੋਂ ਹਰੇਕ ਮਹੀਨੇ ਲੋਕ ਭਲਾਈ ਦਾ ਪ੍ਰਾਜੈਕਟ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਨ ਗੁਰਪ੍ਰੀਤ ਸਿੰਘ ਭਜਨਗਡ਼੍ਹ, ਪ੍ਰਿਥਵੀਪਾਲ ਸਿੰਘ ਚੱਢਾ, ਚਰਨਜੀਤ ਸਿੰਘ ਚੀਨੂੰ, ਰਾਜਿੰਦਰ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਤਾਪ ਸਿੰਘ ਤੇ ਗਰੀਨ ਮਿਸ਼ਨ ਪੰਜਾਬ ਦੇ ਪ੍ਰਮੁੱਖ ਸੱਤਪਾਲ ਸਿੰਘ ਦੇਹਡ਼ਕਾ ਤੇ ਜਸਵੰਤ ਸਿੰਘ ਵੀ ਹਾਜ਼ਰ ਸਨ।