ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਸਾਊਥਾਲ/ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮਨੁੱਖ ਨੇ ਅੱਜ ਕੁਦਰਤ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਹਰ ਖੇਤਰ 'ਚ ਸਾਡੀ ਅਗਵਾਈ ਕਰਦੀ ਹੈ, ਹਰ ਵਿਸ਼ੇ 'ਤੇ ਗੁਰਬਾਣੀ 'ਚ ਚਰਚਾ ਹੈ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਨੀਤਕ ਹੋਵੇ, ਸਮਾਜਿਕ ਹੋਵੇ ਜਾਂ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਹੋਰ ਵਿਸ਼ਾ ਹੋਵੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸਿੱਖਾਂ ਦਾ ਫ਼ਰਜ਼ ਹੈ | ਉਨ੍ਹਾਂ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਪ੍ਰਚਾਰਕ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ, ਖ਼ੁਦ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪੜ੍ਹਨਾ ਅਤੇ ਵਿਚਾਰਨਾ ਚਾਹੀਦਾ ਹੈ ਅਤੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ | ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਥਕ ਮਸਲਿਆਂ ਦੇ ਹੱਲ ਲਈ ਉਹ ਕੌਮ ਦੀ ਯੋਗ ਅਗਵਾਈ ਕਰ ਰਹੇ ਹਨ | ਇਸ ਮੌਕੇ ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਪ੍ਰਭਜੋਤ ਸਿੰਘ ਮੋਹੀ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟੀ ਅਮਰਜੀਤ ਸਿੰਘ ਦਾਸਨ, ਸੁਰਿੰਦਰ ਸਿੰਘ ਢੱਟ, ਸਤਨਾਮ ਸਿੰਘ ਚੌਹਾਨ, ਗੁਰਮੀਤ ਸਿੰਘ ਸਿੱਧੂ, ਬਲਜੀਤ ਸਿੰਘ ਮੱਲ੍ਹੀ, ਮਨਜੀਤ ਸਿੰਘ ਆਦਿ ਹਾਜ਼ਰ ਸਨ |