ਬਾਰਸ਼ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਸ਼ਰਧਾਲੂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪੁੱਜੇ

ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ’ਚ ਕੋਈ ਕਮੀ ਨਹੀਂ-ਮੈਨੇਜਰ ਬਲਦੇਵ ਸਿੰਘ

ਸ੍ਰੀ ਮੁਕਤਸਰ ਸਾਹਿਬ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-
ਦੋ ਦਿਨਾਂ ਦੌਰਾਨ ਮੁਕਤਸਰ ’ਚ 26.2 ਐੱਮ.ਐੱਮ. ਬਾਰਸ਼ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਅੱਜ 40 ਮੁਕਤਿਆਂ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਲੱਖਾਂ ਸ਼ਰਧਾਲੂ ਮੁਕਤਸਰ ਪੁੱਜੇ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕੀਤਾ। ਲੋਹੜੀ ਵਾਲੀ ਰਾਤ 12 ਵਜੇ ਤੋਂ ਇਸ਼ਨਾਨ ਸ਼ੁਰੂ ਹੋ ਗਿਆ ਸੀ ਤੇ ਅੱਜ ਸਾਰਾ ਦਿਨ ਸੰਗਤਾਂ ਦੀ ਆਮਦ ਬਣੀ ਰਹੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ’ਚ ਕੋਈ ਕਮੀ ਨਹੀਂ ਆਈ। ਦਰਬਾਰ ਸਾਹਿਬ ਵਿਖੇ ਪ੍ਰਦਰਸ਼ਨੀ ਵੀ ਲਾਈ ਗਈ ਹੈ। ਸਕਾਊਟਸ ਦੇ ਕੈਡਿਟ ਜੋੜਿਆਂ ਦੀ ਸੇਵਾ ਕਰ ਰਹੇ ਹਨ। ਵੱਡੀ ਗਿਣਤੀ ‘ਚ ਲੋਕ ਪੈਦਲ, ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਉੱਪਰ ਆਏ ਪਰ ਇਸ ਦੌਰਾਨ ਪ੍ਰਸ਼ਾਸਨ ਨੇ ਢਿੱਲੇ ਪ੍ਰਬੰਧਾਂ ਨੇ ਸ਼ਰਧਾਲੂਆਂ ਨੂੰ ਭਾਰੀ ਬਿਪਤਾ ਵਿਚ ਪਾਈ ਰੱਖਿਆ।