ਲੋਕ ਸਭਾ ਦੀ ਤਰਜ਼ ਤੇ ਵਿਧਾਨ ਸਭਾ ਦੇ ਹਰ ਮੈਂਬਰ ਨੂੰ ਜਾਰੀ ਹੋਵੇ ਅਖ਼ਤਿਆਰੀ ਫੰਡ  - ਮਨਪ੍ਰੀਤ ਸਿੰਘ ਇਆਲੀ  


ਵਿਧਾਨ ਸਭਾ ਚ  ਸਰਕਾਰ ਵਿਰੋਧੀ ਵਿਧਾਇਕਾਂ ਨਾਲ ਫੰਡਾਂ ਦੇ ਮਾਮਲੇ ਵਿੱਚ ਹੁੰਦੀ ਵਿਤਕਰੇਬਾਜ਼ੀ ਦਾ ਮੁੱਦਾ ਉਠਾਇਆ 
ਮੁੱਖ ਮੰਤਰੀ ਨੇ ਵਿਧਾਇਕ ਇਯਾਲੀ ਵੱਲੋਂ ਮਨਰੇਗਾ ਰਾਹੀਂ ਕਰਵਾਏ ਕੰਮਾਂ ਦੀ ਕੀਤੀ ਤਾਰੀਫ  

ਮੁੱਲਾਂਪੁਰ ਦਾਖਾ,28 ਜੂਨ( ਸਤਵਿੰਦਰ ਸਿੰਘ ਗਿੱਲ) ਹਲਕਾ ਦਾਖਾ ਤੋਂ ਵਿਧਾਇਕ ਅਤੇ ਅਕਾਲੀ ਬਸਪਾ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲਗਾਤਾਰ ਆਪਣੀ ਭਰਪੂਰ ਹਾਜ਼ਰੀ ਲਵਾਉਂਦੇ ਹੋਏ ਤੀਸਰੇ ਦਿਨ  ਸਰਕਾਰ ਵਿਰੋਧੀ ਵਿਧਾਇਕਾਂ ਨਾਲ ਫੰਡਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਵਿਤਕਰੇਬਾਜ਼ੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ। ਉਨ੍ਹਾਂ ਸਦਨ ਵਿੱਚ ਬੋਲਦਿਆਂ ਕਿਹਾ ਕਿ  ਵਿਧਾਨ ਸਭਾ ਚੋਣਾਂ ਦੌਰਾਨ ਹਰ ਹਲਕੇ ਦੇ ਵੋਟਰ ਲੋਕਤੰਤਰ ਰਾਹੀਂ ਮਿਲੇ ਹੱਕਾਂ ਦੀ ਵਰਤੋਂ ਕਰਦੇ ਹੋਏ ਆਪਣੀ  ਵੋਟ ਨਾਲ ਆਪਣਾ ਨੁਮਾਇੰਦਾ  ਚੁਣਦੇ ਹਨ, ਪ੍ਰੰਤੂ ਜਦੋਂ ਸੂਬੇ ਅੰਦਰ ਵਿਰੋਧੀ ਸਰਕਾਰ ਬਣ ਜਾਵੇ ਤਾਂ ਉਕਤ ਹਲਕੇ ਅੰਦਰ ਵਿਕਾਸ ਪੱਖੋਂ ਵੱਡੀ ਖੜੋਤ ਆ ਜਾਂਦੀ ਹੈ ਕਿਉਂਕਿ ਸਰਕਾਰ ਵੱਲੋਂ  ਉਸ ਵਿਧਾਇਕ ਨੂੰ ਗਰਾਂਟਾਂ ਦੇ ਮਾਮਲੇ ਵਿਚ ਅਣਗੌਲਿਆਂ ਕਰਦੇ ਹੋਏ ਫੰਡ ਜਾਰੀ ਨਹੀਂ ਕੀਤੇ ਜਾਂਦੇ ਜਿਸ ਕਾਰਨ  ਲੋਕ ਬੁਨਿਆਦੀ ਸਹੂਲਤਾਂ ਹਾਸਲ ਕਰਨ ਵਿੱਚ ਵੀ ਅਸਫਲ ਹੋ ਜਾਂਦੇ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਲੋਕ ਸਭਾ ਦੀ ਤਰਜ਼ ਤੇ ਵਿਧਾਨ ਸਭਾ ਦੇ ਵੀ ਹਰ ਮੈਂਬਰ ਨੂੰ ਅਖਤਿਆਰੀ ਕੋਟਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ  ਸਮੁੱਚੇ ਵਿਧਾਇਕ ਆਪੋ ਆਪਣੇ ਹਲਕਿਆਂ ਅੰਦਰ ਲੋੜ ਅਨੁਸਾਰ ਵਿਕਾਸ ਕੰਮ ਕਰਵਾ ਕੇ  ਲੋਕਾਂ ਨੂੰ ਸਹੂਲਤ ਦੇ ਸਕਣ। ਵਿਧਾਇਕ ਇਯਾਲੀ ਵੱਲੋਂ ਉਠਾਏ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਵਿਕਾਸ ਲਈ ਕਈ ਸਕੀਮਾਂ ਹਨ, ਪ੍ਰੰਤੂ ਵਿਧਾਇਕਾਂ ਨੂੰ ਅਖਤਿਆਰੀ ਕੋਟਾ ਦੇਣ ਬਾਰੇ ਸਰਕਾਰ ਦੀ ਅਜੇ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ  ਵਿਸ਼ੇਸ਼ ਤੌਰ ਤੇ ਮਨਰੇਗਾ ਸਕੀਮ ਦਾ ਜ਼ਿਕਰ ਕਰਦਿਆਂ ਪਿਛਲੇ ਸਮੇਂ ਦੌਰਾਨ ਵਿਧਾਇਕ ਇਯਾਲੀ ਵੱਲੋਂ ਆਪਣੇ ਹਲਕੇ ਦੇ ਕਰੀਬ 70 ਪਿੰਡਾਂ ਅੰਦਰ ਬਣਾਏ ਗਏ ਆਧੁਨਿਕ ਖੇਡ ਮੈਦਾਨ ਕੰਮ ਪਾਰਕਾਂ ਦੀ ਤਾਰੀਫ਼ ਕੀਤੀ।

ਵਿਧਾਨ ਸਭਾ ਵਿੱਚ ਹੋਈ ਇਆਲੀ ਵੱਲੋਂ ਬਣਾਈਆਂ ਖੇਡ ਪਾਰਕਾਂ ਦੀ ਚਰਚਾ    

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਪਿੰਡਾਂ ਦੇ ਨਿਕਾਸੀ ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਕੀਤੇ ਕੰਮਾਂ ਬਦਲੇ ਕੇਂਦਰ ਦੀ ਤਤਕਾਲੀ ਯੂਪੀਏ ਕਾਂਗਰਸ ਸਰਕਾਰ ਤੋਂ ਖਿਤਾਬ ਹਾਸਲ ਕਰਨ ਵਾਲੇ ਇਆਲੀ ਅੱਜ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਹਲਕੇ ਅੰਦਰ ਬਣਾਏ ਖੇਡ ਮੈਦਾਨ ਕੰਮ ਪਾਰਕਾਂ ਦੇ ਮਾਮਲੇ ਵਿੱਚ  ਆਪ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਤਾਰੀਫ ਕਰਵਾਉਣ ਵਿੱਚ ਕਾਮਯਾਬ ਰਹੇ। ਸਦਨ ਦੌਰਾਨ ਵਿਧਾਇਕ ਇਯਾਲੀ ਵੱਲੋਂ ਵਿਧਾਇਕਾਂ ਦੇ ਅਖ਼ਤਿਆਰੀ ਫੰਡਾਂ ਬਾਰੇ ਸਵਾਲ ਉਠਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ  ਵਿਧਾਇਕ ਇਯਾਲੀ ਦੁਆਰਾ ਮਨਰੇਗਾ ਸਕੀਮ ਤਹਿਤ ਬਣਾਏ ਗਏ ਖੇਡ ਪਾਰਕਾਂ ਦਾ  ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ