ਸਰਕਾਰ ਵੱਲੋਂ ਬਜਟ ਚ ਔਰਤਾਂ ਲਈ ਹਜ਼ਾਰ ਰੁਪਏ ਮਹੀਨੇ ਵਾਅਦੇ ਲਈ ਰਾਸ਼ੀ ਨਾ ਰੱਖਣੀ ਵੱਡਾ ਧੋਖਾ :- ਇਯਾਲੀ


ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਕਰਵਾਏ ਯਾਦ  
ਸ਼ਹੀਦ ਸਰਾਭਾ ਦਾ ਜਨਮ ਤੇ ਸ਼ਹੀਦੀ ਦਿਹਾੜਾ  ਸਰਕਾਰੀ ਪੱਧਰ ਤੇ ਮਨਾਉਣ ਦੀ ਮੰਗ  

ਮੁੱਲਾਪੁਰ ਦਾਖਾ,28 ਜੂਨ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅੱਜ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਏ ਅਤੇ ਪ੍ਰਤੀ ਔਰਤ ਦਿੱਤੇ ਜਾਣ ਵਾਲੇ ਹਜ਼ਾਰ ਰੁਪਏ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਪ ਦੀ ਸਰਕਾਰ ਬਣਨ ਤੋਂ ਬਾਅਦ ਮਹਿਜ਼ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ 10 ਹਜ਼ਾਰ ਕਰੋੜ ਦੇ ਕਰੀਬ ਦਾ ਕਰਜ਼ਾ ਲਿਆ ਗਿਆ ਹੈ, ਜਦ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਐਕਸਾਈਜ਼ ਪਾਲਿਸੀ ਰਾਹੀਂ ਵੱਡੀ ਪੱਧਰ ਤੇ ਫੰਡ ਇਕੱਤਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰੰਤੂ ਮੌਜੂਦਾ ਸਮੇਂ ਐਕਸਾਈਜ਼ ਪਾਲਿਸੀ ਬੁਰੀ ਤਰ੍ਹਾਂ ਫੇਲ੍ਹ  ਸਾਬਤ ਹੋ ਰਹੀ ਅਤੇ ਸਰਕਾਰ ਨੂੰ ਕਰੀਬ 350 ਕਰੋੜ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਤੋਂ ਇਲਾਵਾ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ  ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਮਾਲ ਵਿਭਾਗ ਤੋਂ ਇਕੱਤਰ ਹੋਣ ਵਾਲਾ ਮਾਲੀਆ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜਟ ਦੌਰਾਨ ਬੇਸ਼ੱਕ ਵੱਡੇ ਵਾਅਦੇ ਕੀਤੇ ਗਏ ਹਨ ਪ੍ਰੰਤੂ ਇਸ ਨੂੰ ਪੂਰਾ ਕਰਨ ਲਈ ਪ੍ਰਾਪਤ ਹੋਣ ਬਾਰੇ ਮਾਲੀਏ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ, ਜਦ ਕਿ ਸਰਕਾਰ ਵੱਲੋਂ ਲੰਬੜਦਾਰਾਂ ਦੇ ਬਕਾਇਆ ਭੱਤੇ ਨੂੰ ਜਾਰੀ ਕਾਰਨ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ, ਕਿਸਾਨਾਂ ਨੂੰ ਸਬਸਿਡੀ ਲਈ ਵੀ ਬਜਟ ਵਿੱਚ ਕੁਝ ਨਹੀਂ ਰੱਖਿਆ ਗਿਆ। ਵਿਧਾਇਕ ਇਯਾਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡੇਢ ਸੌ ਕਰੋੜ ਦਾ ਕਰਜ਼ ਮੁਆਫ਼ ਕਰਨ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਹੋਣ ਤੋਂ ਰੋਕਣ ਲਈ ਆਰਥਿਕ ਪੈਕੇਜ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਨੂੰ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈ ਪ੍ਰੰਤੂ ਦੇਸ਼ ਲਈ ਛੋਟੀ ਉਮਰੇ ਕੁਰਬਾਨੀ ਦੇਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਰਕਾਰੀ ਤੌਰ ਤੇ ਕਿਤੇ ਵੀ ਮਾਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸ਼ਹੀਦ ਸਰਾਭਾ ਜੀ ਦਾ ਜਨਮ ਅਤੇ ਸ਼ਹੀਦੀ ਦਿਹਾੜਾ ਸਰਕਾਰੀ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਸਰਾਭਾ ਜੀ ਦਾ ਜਨਮ ਅਤੇ ਸ਼ਹੀਦੀ ਦਿਹਾਡ਼ਾ ਸਰਕਾਰੀ ਤੌਰ ਤੇ ਮਨਾਇਆ ਜਾਵੇ। ਵਿਧਾਇਕ ਇਯਾਲੀ ਨੇ ਕਿਹਾ ਕਿ 26500 ਦੇ ਕਰੀਬ ਨਵੀਂ ਭਰਤੀ ਲਈ ਟੈਸਟ ਪਾਸ ਕਰ ਚੁੱਕੇ ਆਪਣੀ ਜੁਆਇਨਿੰਗ ਉਡੀਕ ਰਹੇ ਪੰਜਾਬ ਪੁਲੀਸ ਅਤੇ ਵੱਖ ਵੱਖ ਵਿੰਗਾਂ  ਦੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਪਿਛਲੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕੇ ਕਰਨ ਦੀ ਮੰਗ ਸਮੇਤ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਮੰਗ ਵੀ ਰੱਖੀ। ਮੁੱਖ ਮੰਤਰੀ ਪੰਜਾਬ ਵੱਲੋਂ ਮਨਰੇਗਾ ਰਾਹੀਂ ਹਲਕਾ ਦਾਖਾ ਅੰਦਰ ਬਣਾਏ ਗਏ ਖੇਡ ਪਾਰਕਾਂ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਵਿਧਾਇਕ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਅੰਦਰ ਬਣੇ ਖੇਡ ਪਾਰਕ ਮਹਿਜ਼ ਮਨਰੇਗਾ ਰਾਹੀਂ ਹੀ ਨਹੀਂ ਬਣਾਏ ਗਏ ਜਿਸ ਲਈ  ਪੰਜਾਬ ਸਰਕਾਰ ਦੀਆਂ ਹੋਰ ਗਰਾਂਟਾਂ ਦਾ ਹਿੱਸਾ ਵੀ ਜ਼ਰੂਰੀ ਹੈ, ਤਦ ਹੀ ਵਿਕਾਸ ਦੀ ਰਫ਼ਤਾਰ ਚੱਲਦੀ ਰਹਿ ਸਕੇਗੀ।