ਮੇਰਾ ਬਾਪੂ ✍️ ਸਲੇਮਪੁਰੀ ਦੀ ਚੂੰਢੀ 

- ਬਾਪੂ ਬਾਪੂ ਕਹਿੰਦੇ ਸੀ,
ਬੜੇ ਸੁਖਾਲੇ ਰਹਿੰਦੇ ਸੀ!
ਬਾਪੂ ਕਹਾਉਣਾ ਪਿਆ!
ਬੜਾ ਬੋਝ ਉਠਾਉਣਾ ਪਿਆ!
ਦੋਸਤੋ -
ਮੇਰੇ ਪਿਤਾ ਜੀ ਨੇ ਅੱਤ ਦੀ ਗਰੀਬੀ ਵਿੱਚ ਰਹਿੰਦਿਆਂ, ਪਰ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਸਾਨੂੰ ਪਾਲਿਆ, ਕਿਸੇ ਅੱਗੇ ਹੱਥ ਨਹੀਂ ਅੱਡਿਆ।
ਮੈਨੂੰ ਯਾਦ ਆ, ਮੇਰੇ ਪਿਤਾ ਜੀ ਨੇ ਇੱਕ ਵਾਰ ਮਨ ਬਣਾਇਆ ਕਿ ਮੈਂ ਆਪਣੇ ਬੱਚਿਆਂ ਨੂੰ ਮੱਝ ਲੈ ਕੇ ਦੇਵਾਂ ਤਾਂ ਜੋ ਉਹ ਦੁੱਧ ਪੀਣਗੇ ਅਤੇ ਵੱਡੇ ਹੋ ਕੇ ਮੇਰੇ ਨਾਲ ਕੰਮ ਕਰਨਗੇ  ਪਰ ਦੁਖਾਂਤ ਇਸ ਗੱਲ ਦਾ ਸੀ ਕਿ ਮੱਝ ਲੈਣ ਲਈ ਉਨ੍ਹਾਂ ਦੀ ਜੇਬ ਵਿਚ ਕੋਈ ਵੀ ਪੈਸਾ ਨਹੀਂ ਸੀ, ਜਿਸ ਕਰਕੇ ਉਨ੍ਹਾਂ  ਬੈਂਕ ਤੋਂ ਕਰਜਾ ਲੈਣ ਲਈ ਮਨ ਬਣਾ ਲਿਆ। ਜਦੋਂ ਉਹ  ਕਰਜਾ ਲੈਣ ਲਈ ਬੈਂਕ ਗਏ ਤਾਂ ਮੈਨੇਜਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਪਹਿਲਾਂ ਕੋਈ ਗਾਰੰਟਰ ਲਿਆਵੋ, ਫਿਰ ਕਰਜਾ ਮਿਲੇਗਾ। ਮੇਰੇ ਪਿਤਾ ਜੀ ਨੇ ਇੱਕ ਕਿਸਾਨ, ਜਿਸ ਦਾ ਸਾਰਾ ਪਰਿਵਾਰ ਸਵੇਰੇ - ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਦਾ ਸੀ, ਨੂੰ ਗਾਰੰਟੀ ਪਾਉਣ ਲਈ ਕਿਹਾ, ਪਰ ਅੱਗਿਓਂ ਕਿਸਾਨ ਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ, ਪਰ ਫਿਰ ਹਾਂ ਕਰ ਦਿੱਤੀ। ਵਾਢੀਆਂ ਦੇ ਦਿਨ ਚੱਲ ਰਹੇ ਸਨ, ਕਿਸਾਨ ਨੇ ਗਾਰੰਟਰ ਬਣਨ ਲਈ ਫਾਇਦਾ ਸੋਚਦਿਆਂ ਘੱਟੋ-ਘੱਟ 15 ਦਿਨ ਮੁਫਤ ਵਿਚ ਕੰਮ ਕਰਵਾਇਆ, ਕਿਉਂਕਿ ਕਰਜਾ ਲੈਣ ਲਈ 10-12 ਦਿਨ ਤਾਂ ਬੈਂਕ ਵਿਚ ਗੇੜੇ ਮਾਰਨ ਲਈ ਮਜਬੂਰ ਹੋਣਾ ਪਿਆ, ਜਿਸ ਦਿਨ ਜਾਣਾ ਹੁੰਦਾ ਸੀ, ਉਸ ਦਿਨ ਕਿਸਾਨ ਦੇ ਖੇਤਾਂ ਵਿਚ ਕੰਮ ਕਰਨਾ ਪੈਂਦਾ ਸੀ, ਹੋਰ ਤਾਂ ਹੋਰ ਜਦੋਂ ਪਿਤਾ ਜੀ ਕਿਸਾਨ ਨੂੰ ਨਾਲ ਲੈ ਕੇ ਬੈਂਕ ਵਿਚ ਜਾਂਦੇ ਸਨ, ਉਸ ਪਿੱਛੋਂ ਮੈਂਨੂੰ ਉਨ੍ਹਾਂ ਦੀ ਥਾਂ ਕੰਮ ਕਰਨਾ ਪੈਂਦਾ ਸੀ, ਤਾਂ ਜਾ ਕੇ ਮੱਝ ਖ੍ਰੀਦਣ ਲਈ ਕਰਜਾ ਮਿਲਿਆ ਸੀ, ਮੈਂ ਉਸ ਵੇਲੇ 7ਵੀਂ ਜਮਾਤ ਵਿਚ ਪੜ੍ਹਦਾ ਸੀ। ਬੈਂਕ ਸਾਡੇ ਪਿੰਡ ਤੋਂ 5-6 ਕਿਲੋਮੀਟਰ ਦੂਰ ਸੀ।
ਕੌੜਾ ਸੱਚ ਤਾਂ ਇਹ ਹੈ ਕਿ ਪਿਤਾ ਜੀ ਨੇ ਸਾਨੂੰ ਪਾਲਣ ਲਈ ਬੇਹੱਦ ਮੁਸ਼ਕਿਲਾਂ ਝੱਲੀਆਂ, ਪਰ ਜਦੋਂ ਉਨ੍ਹਾਂ ਦੇ ਸੁੱਖ ਅਰਾਮ ਕਰਨ ਦੀ ਵਾਰੀ ਆਉਣ ਲੱਗੀ ਤਾਂ ਨਾਮੁਰਾਦ ਬੀਮਾਰੀ ਕੈਂਸਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਜਾਨ ਲੈ ਕੇ ਖਹਿੜਾ ਛੱਡਿਆ। ਅਸੀਂ ਉਨ੍ਹਾਂ ਦਾ ਸੀ ਐੱਮ ਸੀ / ਹਸਪਤਾਲ ਲੁਧਿਆਣਾ ਵਿਚ ਬਹੁਤ ਇਲਾਜ ਕਰਵਾਇਆ। ਅਫਸੋਸ ਮੇਰੀ ਮਾਂ ਦੇ ਦਿਹਾਂਤ ਤੋਂ ਤਿੰਨ ਸਾਲ ਬਾਅਦ ਹੀ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਜੇ ਉਨ੍ਹਾਂ ਦੇ ਜਾਣ ਦੀ ਉਮਰ ਨਹੀਂ ਸੀ।
ਪਰ ਜਦੋਂ ਮੈਂ ਬਾਪ ਬਣਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ 'ਇੱਕ ਬਾਪ ਆਪਣੇ ਬੱਚਿਆਂ ਨੂੰ ਕਿਵੇਂ ਪਾਲਦਾ ਹੈ ਤੇ ਉਸ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਵਿਚੋਂ ਦੀ ਗੁਜਰਨਾ ਪੈਂਦਾ ਹੈ?
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ, ਕਦੀ ਕਿਸੇ ਬੱਚੇ ਦਾ ਬਾਪ ਨਾ ਮਰੇ, ਕਿਉਂਕਿ ਬੱਚਿਆਂ ਦਾ ਦਰਦ ਇੱਕ ਬਾਪ ਹੀ ਸਮਝ ਸਕਦਾ ਹੈ, ਬਾਕੀ ਸਭ ਗੱਲਾਂ ਝੂਠ ਹਨ। ਰੋਂਦੇ ਬੱਚਿਆਂ ਦੇ ਹੰਝੂ ਬਾਪ ਹੀ ਪੂੰਝਦਾ ਹੈ, ਜਦ ਕਦੀ ਬੱਚੇ ਨੂੰ ਕੋਈ ਦੁੱਖ- ਤਕਲੀਫ ਹੋ ਜਾਵੇ ਤਾਂ ਬਾਪ ਦੇ ਦਿਲ ਵਿਚੋਂ ਚੀਸ ਉੱਠਦੀ ਹੈ। ਬਾਪੂ ਦੇ ਬੈਠਿਆਂ ਜੇ ਕਿਸੇ ਬੱਚੇ ਦੀ ਮੌਤ ਹੋ ਜਾਵੇ ਤਾਂ ਬਾਪ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਕੇਵਲ ਘਰ ਨਹੀਂ ਸਾਰੀ ਦੁਨੀਆ ਸਵਰਗ ਤੋਂ ਨਰਕ ਵਿਚ ਬਦਲ ਜਾਂਦੀ ਹੈ। ਬਾਪ ਦਾ ਇਕ ਇਕ ਪਲ ਮਰ ਮਰ ਕੇ ਨਿਕਲਦਾ ਹੈ। ਬਾਪ ਬੱਚਿਆਂ ਲਈ ਜਿਉਂਦਾ ਹੈ ਅਤੇ ਬੱਚਿਆਂ ਲਈ ਮਰਦਾ ਹੈ। ਅੱਜ ਬਾਪ ਦਿਵਸ ਮਨਾਉਣ ਦੀ ਕਿਉਂ ਜਰੂਰਤ ਪਈ? ਸਾਡੇ ਸਾਹਮਣੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਬਣਕੇ ਖੜ੍ਹਾ ਹੋ ਗਿਆ ਹੈ। ਅੱਜ ਬਾਪ ਅਤੇ ਬੱਚਿਆਂ ਵਿਚਾਲੇ ਦੂਰੀਆਂ ਵਧਣ ਲੱਗ ਪਈਆਂ ਹਨ, ਜਿਸ ਕਰਕੇ ਬਾਪ ਪ੍ਰਤੀ ਬੱਚਿਆਂ ਦਾ ਸਤਿਕਾਰ ਘਟਦਾ ਨਜ਼ਰ ਆ ਰਿਹਾ ਹੈ। ਬਾਪ ਦੇ ਰੁਤਬੇ ਪ੍ਰਤੀ ਬੱਚਿਆਂ ਨੂੰ ਅਹਿਸਾਸ ਕਰਵਾਉਣ ਲਈ ਅੱਜ ਸਾਨੂੰ ਬਾਪ ਦਿਵਸ ਵਰਗੇ ਦਿਵਸ ਮਨਾਉਣ ਦੀ ਜਰੂਰਤ ਪੈਦਾ ਹੋ ਗਈ ਹੈ। ਬਾਪ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ, ਇਸ ਲਈ ਬੱਚਿਆਂ ਦਾ ਫਰਜ ਬਣਦਾ ਹੈ ਕਿ ਉਹ ਬਿਨਾਂ ਕਿਸੇ ਦੀ ਸਲਾਹ ਲਿਆਂ ਬਾਪ ਦਾ, ਮਾਂ ਦਾ ਸਤਿਕਾਰ ਕਰਨ। ਮਾਂ ਦੀ ਗੋਦੀ ਜਿਵੇਂ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਹੀ ਬਾਪ ਦੀ  ਉਂਗਲੀ ਫੜ ਕੇ ਤੁਰਨਾ ਅਤੇ ਮੋਢਿਆਂ ਉਪਰ ਚੜ੍ਹ ਕੇ ਬੈਠਣ ਦਾ ਨਜਾਰਾ ਵੀ ਮਾਰੂਥਲ ਵਿਚ ਪਾਣੀ ਦੀਆਂ ਬੁਛਾੜਾਂ ਪੈਣ ਤੋਂ ਘੱਟ ਨਹੀਂ ਹੁੰਦਾ।
- ਸੁਖਦੇਵ ਸਲੇਮਪੁਰੀ
9780620233
19 ਜੂਨ, 2022.