ਬਦਲਦੇ ਪੰਜਾਬ ਵਿੱਚ ਖੇਡਾਂ ਦਾ ਅਹਿਮ ਸਥਾਨ ਹੋਵੇਗਾ-ਭਾਰਤ ਭੂਸ਼ਣ ਆਸ਼ੂ

ਗੁਰੂ ਨਾਨਕ ਸਟੇਡੀਅਮ ਵਿਖੇ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਆਏ ਦਿਨ ਸੂਬੇ ਦੇ ਬਦਲਦੇ ਹਾਂ-ਪੱਖੀ ਸਰੂਪ ਵਿੱਚ ਖੇਡਾਂ ਦਾ ਅਹਿਮ ਸਥਾਨ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਈ 70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਦੌਰਾਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਈ ਉਪਰਾਲੇ ਵਿੱਢੇ ਗਏ ਹਨ, ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ ਨੂੰ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਕਰਵਾਉਣ ਦਾ ਮਾਣ ਪੰਜਾਬ ਨੂੰ 9ਵੀਂ ਵਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਖੇਡਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਖੇਡਾਂ ਹੀ ਵਿਅਕਤੀ ਵਿੱਚ ਇਕੱਠਿਆਂ ਕੰਮ ਕਰਨ ਦੀ ਭਾਵਨਾ, ਏਕਤਾ ਅਤੇ ਅਨੁਸਾਸ਼ਨ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਮਹਾਂਕੰੁਭ ਕਰਵਾਏ ਜਾਂਦੇ ਰਹਿਣਗੇ। ਆਸ਼ੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਨੂੰ ‘ਸਪੋਰਟਸ ਹੱਬ’ ਵਜੋਂ ਵਿਕਸਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜੈਨਪੁਰ ਵਿਖੇ ਕੂੜਾ ਸੁੱਟਣ ਵਾਲੀ ਜਗ੍ਹਾਂ ’ਤੇ 40 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਖੇਡ ਪਾਰਕ ਉਸਾਰਿਆ ਜਾ ਰਿਹਾ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਨਵੀਂ ਅਥਲੈਟਿਕ ਸਿੰਥੈਟਿਕ ਟਰੈਕ ਵਿਛਾਈ ਜਾਵੇਗੀ। ਇੰਡੋਰ ਸਵਿਮਿੰਗ ਪੂਲ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਸ਼ਾਸਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ ਅਤੇ ਹੋਰ ਖੇਡ ਸਹੂਲਤਾਂ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਖੇਡ ਸਹੂਲਤਾਂ ਦਾ ਭਰਪੂਰ ਲਾਭ ਲੈਣ। ਉਨ੍ਹਾਂ ਦੱਸਿਆ ਕਿ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 28 ਦਸੰਬਰ, 2019 ਤੱਕ ਕਰਵਾਈ ਜਾ ਰਹੀ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ, ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਚੈਂਪੀਅਨਸ਼ਿਪ ਸੰੰਬੰਧੀ ਸਟੇਡੀਅਮ ਵਿੱਚ ਸਥਿਤ ਚਾਰ ਬਾਸਕਿਟਬਾਲ ਕੋਰਟਾਂ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਨਵਿਆਇਆ ਗਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਵਰਗ ਵਿੱਚ 30 ਅਤੇ ਲੜਕੀਆਂ ਦੇ ਵਰਗ ਵਿੱਚ 26 ਟੀਮਾਂ ਭਾਗ ਲੈਣਗੀਆਂ। ਚੈਂਪੀਅਨਸ਼ਿਪ ਦੌਰਾਨ ਹੋਣ ਵਾਲੇ 150 ਦੇ ਕਰੀਬ ਮੈਚਾਂ ਲਈ ਬਾਸਕਿਟਬਾਲ ਫੈੱਡਰੇਸ਼ਨ ਆਫ਼ ਇੰਡੀਆ ਵੱਲੋਂ 100 ਤਕਨੀਕੀ ਮਾਹਿਰਾਂ ਅਤੇ ਰੈਫਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ 6 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਮੈਚ ਰੋਜ਼ਾਨਾ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲਿਆ ਕਰਨਗੇ। ਸ੍ਰੀ ਆਸ਼ੂ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਬਾਸਕਿਟਬਾਲ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਆਰ. ਐੱਸ. ਗਿੱਲ, ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਜੇ. ਪੀ. ਸਿੰਘ ਸਾਬਕਾ ਪੀ. ਸੀ. ਐੱਸ. ਅਧਿਕਾਰੀ, ਈਸ਼ਵਰਜੋਤ ਸਿੰਘ ਚੀਮਾ, ਸੁਖਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਰੰਗਕਰਮੀ ਰਵਿੰਦਰ ਰੰਗੂਵਾਲ ਦੀ ਟੀਮ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।