ਜੈਨ ਧਰਮ ਬਾਰੇ ਜਾਣਕਾਰੀ ✍️  ਪੂਜਾ ਰਤੀਆ

 

 (ਲੜੀ ਨੰਬਰ.1)

ਜੈਨ ਗ੍ਰੰਥਾਂ (ਅਗਮ) ਅਨੁਸਾਰ ਅਜੋਕੇ ਜੈਨ ਧਰਮ ਭਗਵਾਨ ਆਦਿਨਾਥ ਦੇ ਸਮੇਂ ਤੋਂ ਪ੍ਰਚਲਤ ਹੋਇਆ। ਇੱਥੋਂ ਸ਼ੁਰੂ ਹੋਈ ਤੀਰਥੰਕਰ ਪਰੰਪਰਾ ਭਗਵਾਨ ਮਹਾਂਵੀਰ ਜਾਂ ਵਰਧਮਾਨ ਤੱਕ ਜਾਰੀ ਰਹੀ ਜਿਸ ਨੇ ਈਸਾ ਤੋਂ 527 ਸਾਲ ਪਹਿਲਾਂ ਨਿਰਵਾਣ ਪ੍ਰਾਪਤ ਕੀਤਾ ਸੀ।
  ਜੈਨ ਧਰਮ ਸ਼੍ਰਮਣ ਪਰੰਪਰਾ ਤੋਂ ਉਤਪੰਨ ਹੋਇਆ ਹੈ ਅਤੇ ਇਸਦਾ ਜਨਮਦਾਤਾ ਹੈ,24 ਤੀਰਥੰਕਰ, ਜਿਨ੍ਹਾਂ ਵਿੱਚ ਪਹਿਲੇ ਤੀਰਥੰਕਰ ਭਗਵਾਨ ਰਿਸ਼ਭਦੇਵ (ਆਦਿਨਾਥ) ਹਨ ਅਤੇ ਆਖਰੀ ਤੀਰਥੰਕਰ ਮਹਾਵੀਰ ਸਵਾਮੀ ਹਨ। ਜੈਨ ਧਰਮ ਦੀ ਪੁਰਾਤਨਤਾ ਨੂੰ ਸਾਬਤ ਕਰਨ ਵਾਲੇ ਬਹੁਤ ਸਾਰੇ ਜ਼ਿਕਰ ਸਾਹਿਤ ਅਤੇ ਖਾਸ ਕਰਕੇ ਪੁਰਾਣ ਸਾਹਿਤ ਵਿੱਚ ਭਰਪੂਰ ਹਨ।ਜੈਨੀਆਂ ਦੇ ਪੂਜਾ ਸਥਾਨਾਂ ਨੂੰ ਜਿਨਾਲਾ ਜਾਂ ਮੰਦਰ ਕਿਹਾ ਜਾਂਦਾ ਹੈ।
   ‘ਜਿਨ ਪਰੰਪਰਾ’ ਦਾ ਅਰਥ ਹੈ ‘ਜਿਨ ਦੁਆਰਾ ਪ੍ਰਚਾਰਿਆ ਫਲਸਫਾ’। ‘ਜਿਨ’ ਦੇ ਪੈਰੋਕਾਰ ਹੋਣ ਵਾਲਿਆਂ ਨੂੰ ‘ਜੈਨ’ ਕਿਹਾ ਜਾਂਦਾ ਹੈ। ‘ਜਿਨ’ ਸ਼ਬਦ ਸੰਸਕ੍ਰਿਤ ਦੇ ਮੂਲ ‘ਜੀ’ ਤੋਂ ਬਣਿਆ ਹੈ। 'ਜੀ' ਦਾ ਅਰਥ ਹੈ ਜਿੱਤਣਾ। ‘ਜਿਨ’ ਦਾ ਅਰਥ ਹੈ ਜੇਤੂ। ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ, ਆਪਣੇ ਤਨ, ਮਨ ਅਤੇ ਬੋਲ ਨੂੰ ਜਿੱਤ ਲਿਆ ਹੈ ਅਤੇ ਵਿਸ਼ੇਸ਼ ਆਤਮ-ਗਿਆਨ ਦੀ ਪ੍ਰਾਪਤੀ ਕਰਕੇ ਸਰਬ-ਵਿਆਪਕ ਜਾਂ ਪੂਰਨ ਗਿਆਨ ਦੀ ਪ੍ਰਾਪਤੀ ਕੀਤੀ ਹੈ, ਉਨ੍ਹਾਂ ਆਪ ਪੁਰਸ਼ਾਂ ਨੂੰ ਜਿਨੇਂਦਰ ਜਾਂ ਜਿਨ ਕਿਹਾ ਜਾਂਦਾ ਹੈ। ਜੈਨ ਧਰਮ ਦਾ ਅਰਥ ਹੈ ‘ਜਿਨ’ ਪਰਮਾਤਮਾ ਦਾ ਧਰਮ।
ਮਹਾਂਵੀਰ 24ਵੇਂ ਤੀਰਥੰਕਰ ਸਨ। ਉਨ੍ਹਾਂ ਦਾ ਜਨਮ 599ਈ. ਪੂ. ਨੂੰ ਵੈਸ਼ਾਲੀ ਦੇ ਨੇੜੇ ਕੁੰਡ ਗ੍ਰਾਮ ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਮ ਵਰਧਮਾਨ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ।12ਸਾਲ, 5ਮਹੀਨੇ ਅਤੇ 15ਦਿਨ ਕਠੋਰ ਤਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਵਲਯ ਗਿਆਨ ਦੀ ਪ੍ਰਾਪਤੀ ਹੋਈ।ਮਹਾਂਵੀਰ ਨੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਜੈਨ ਧਰਮ ਦਾ ਪ੍ਰਚਾਰ ਕੀਤਾ। ਚੰਪਾ ਦਾ ਰਾਜਾ ਦਧੀਵਾਹਨ ਉਨ੍ਹਾਂ ਦਾ ਸ਼ਰਧਾਲੂ ਬਣਿਆ ਅਤੇ ਚੰਪਾ ਦੀ ਪੁੱਤਰੀ ਚੰਦਨਾ ਮਹਾਂਵੀਰ ਦੀ ਪਹਿਲੀ ਸ਼ਿਸ਼ ਭਿਕਸ਼ੁਣੀ ਬਣੀ। ਤੀਹ ਸਾਲ ਪ੍ਰਚਾਰ ਕਰਨ ਪਿੱਛੋਂ 527ਈ. ਪੂ. ਨੂੰ ਰਾਜਗ੍ਰਹਿ ਦੇ ਨੇੜੇ ਪਾਵਾਂ ਨਾਮੀ ਸਥਾਨ ਤੇ 72 ਸਾਲ ਦੀ ਉਮਰ ਵਿਚ ਦੇਹਾਂਤ ਹੋਇਆ। ਇਸ ਸਥਾਨ ਨੂੰ ਅੱਜ ਕੱਲ੍ਹ ਪਾਵਾਪੁਰੀ ਕਿਹਾ ਜਾਂਦਾ ਹੈ।
   ਮਹਾਂਵੀਰ ਦਾ ਉਦੇਸ਼ ਧਰਮ ਵਿੱਚ ਸੁਧਾਰ ਕਰਨਾ ਸੀ। ਉਨ੍ਹਾਂ ਨੇ ਦੇਵੀ ਦੇਵਤਿਆਂ ,ਯੱਗਾਂ, ਜਾਤੀ ਪ੍ਰਥਾ ਅਤੇ ਖੋਖਲੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ।ਮਹਾਂਵੀਰ ਨੇ ਮਨੁੱਖ ਨੂੰ ਆਤਮਾ ਦੀ ਮੁਕਤੀ ਲਈ ਤਿੰਨ ਸਿਧਾਂਤ ਦੱਸੇ- ਸੱਚਾ ਵਿਸ਼ਵਾਸ,ਸੱਚਾ ਗਿਆਨ ਅਤੇ ਸੱਚਾ ਕਰਮ। ਇਨ੍ਹਾਂ ਸਿਧਾਂਤਾਂ ਨੂੰ ਤ੍ਰੈ ਰਤਨ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਠੋਰ ਤਪੱਸਿਆ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਮਨੁੱਖ ਨੂੰ ਹਿੰਸਾ ਦੀ ਜਗ੍ਹਾ ਅਹਿੰਸਾ ਦੀ ਪਾਲਣਾ ਕਰਨੀ ਚਾਹੀਦੀ ਹੈ।ਕਿਸੇ ਵੀ ਜੀਵ ਨਹੀਂ ਮਾਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਮਨੁੱਖ ਨੂੰ ਉਸਦੇ ਚੰਗੇ ਜਾਂ ਬੁਰੇ ਕਰਮਾ ਅਨੁਸਾਰ ਜਨਮ ਮਿਲਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਭਾਵ ਨੈਤਿਕ ਸਿਧਾਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਪਰੋਕਤ ਸਿਧਾਤਾਂ ਦੀ ਪਾਲਣਾ ਕਰ ਕੇ ਹੀ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਮਨੁੱਖ ਜਨਮ ਮਰਨ ਦੇ ਚੱਕਰ ਤੋਂ ਨਿਕਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੱਬ ਮਨੁੱਖ ਦੇ ਅੰਦਰ ਹੀ ਹੈ। ਉਨ੍ਹਾਂ ਨੇ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਵਿਸ਼ਵਾਸ਼ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਉਪਦੇਸ਼ ਆਮ ਲੋਕਾਂ ਦੀ ਭਾਸ਼ਾ ਵਿਚ ਹੀ ਦਿੱਤੇ ਸਨ।
  ਇਸ ਤਰ੍ਹਾਂ ਜੈਨ ਧਰਮ ਇਕ ਪੁਰਾਣਾ ਧਰਮ ਮੰਨਿਆ ਗਿਆ ਹੈ।
(ਬਾਕੀ ਅਗਲੇ ਅੰਕ ਵਿਚ)
ਪੂਜਾ 9815591967