ਨਸ਼ੇ ਵੇਚਣ ਵਾਲ਼ਿਆਂ ਦਾ ਇਲਾਜ ਪੁਲੀਸ ਕਰੇਗੀ, ਨਸ਼ੇ ਕਰਨ ਵਾਲ਼ਿਆਂ ਦਾ ਹਸਪਤਾਲ  -ਡੀ ਐੱਸ ਪੀ

ਟਰੈਕਟਰਾਂ ਅਤੇ ਹੋਰ ਵਹੀਕਲਾਂ ਤੇ ਟੇਪਾਂ ਵਜਾਉਣ ਵਾਲਿਆਂ ਨੂੰ ਵੀ ਦਿੱਤੀ ਵਾਰਨਿੰਗ।

ਭਦੌੜ/ਬਰਨਾਲਾ-ਜੂਨ-(ਗੁਰਸੇਵਕ ਸਿੰਘ ਸੋਹੀ)-
ਨਸ਼ਾ ਵੇਚਣ ਵਾਲਿਆਂ ਖਿਲਾਫ ਮਾਮਲੇ ਦਰਜ ਕਰਕੇ ਜੇਲ੍ਹ ਚ ਸੁੱਟਿਆ ਜਾਵੇਗਾ ਅਤੇ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾਵੇਗਾ' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਡੀ ਐਸ ਪੀ ਮਹਿਲਕਲਾਂ ਨੇ ਪਿੰਡ ਰਾਮਗੜ੍ਹ ਵਿਖੇ ਲੋਕਾਂ ਦੇ ਇੱਕਠ ਨੂੰ ਸੰਬੋਧਿਤ ਹੁੰਦਿਆਂ ਕੀਤਾ। ਉਹ ਅੱਜ ਇਥੇ ਪੰਜਾਬ ਸਰਕਾਰ ਅਤੇ ਡੀ ਜੀ ਪੀ ਦੀਆਂ ਸਖ਼ਤ ਹਦਾਇਤਾਂ ਅਤੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ ਜਾਗਰੂਕ ਕਰਨ ਪੁੱਜੇ ਸਨ।  ਉਨ੍ਹਾਂ ਨਾਲ ਹੀ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਿਆਂ ਨਾਲ ਵੀ ਕਾਨੂੰਨ ਦੇ ਹਿਸਾਬ ਨਾਲ ਨਜਿੱਠਿਆ ਜਾਵੇਗਾ। ਡੀ ਐਸ ਪੀ ਨੇ ਤਿੱਖੇ ਤੇਵਰ ਦਿਖਾਉਂਦਿਆ ਕਿਹਾ ਕਿ ਪਿੰਡ 'ਚ ਟਰੈਕਟਰਾਂ ਜਾਂ ਹੋਰ ਵਹੀਕਲਾਂ 'ਤੇ ਟੇਪ ਰਿਕਾਰਡ ਵਜਾਉਣ ਅਤੇ ਹੁੜਦੰਗ ਮਚਾਉਣ ਵਾਲਿਆਂ ਦਾ ਪਲੱਗ ਕਿਵੇਂ ਕੱਢਣਾ ਹੈ ਇਹ ਹੁਣ ਅਸੀਂ ਦੇਖਾਂਗੇ। ਤੁਹਾਡਾ ਕੰਮ ਸਿਰਫ ਇੱਕ ਫੋਨ ਕਾਲ ਕਰਕੇ ਪੁਲਿਸ ਨੂੰ ਸੂਚਿਤ ਕਰਨਾ ਹੈ।ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤਰਾਂ ਦੀ ਗੈਰ ਕਾਨੂੰਨੀ ਕਾਰਵਾਈ ਰੋਕਣ ਲਈ ਉਹ ਪੁਲਿਸ ਦਾ ਸਾਥ ਦੇਣ। ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਥਾਣਾ ਟੱਲੇਵਾਲ ਦੇ ਮੁੱਖੀ ਕ੍ਰਿਸ਼ਨ ਸਿੰਘ ਨੇ ਵੀ ਗ਼ਲਤ ਅਨਸਰਾਂ ਨੂੰ 'ਬੰਦੇ ਬਣਨ' ਲਈ ਵਾਰਨਿੰਗ ਦਿੱਤੀ। ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਵੱਲੋਂ ਪੰਚਾਇਤ ਤਰਫੋਂ ਪੁਲਿਸ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ ਚ ਸਹਿਯੋਗ ਦਾ ਭਰੋਸਾ ਦਿਵਾਇਆ। ਪਿੰਡ ਦੇ ਕਾਮਰੇਡ ਮੱਖਣ ਸਿੰਘ ਨੇ ਵੀ ਪੁਲਿਸ ਦੇ ਅਜਿਹੇ ਤਰੱਦਦ ਦਾ ਸਵਾਗਤ ਕੀਤਾ। ਇਸ ਮੌਕੇ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਕ੍ਰਿਸ਼ਨ ਸਿੰਘ, ਪਰਮਿੰਦਰ ਚਹਿਲ ਪੰਚ, ਸਤਨਾਮ ਸਿੰਘ ਪੰਚ, ਗੋਬਿੰਦ ਸਿੰਘ ਪੰਚ, ਕਰਮਜੀਤ ਸਿੰਘ ਪੰਚ,ਗੁਰਮੇਲ ਸਿੰਘ ਪੰਚ,ਬਲਜੀਤ ਸਿੰਘ ਪੰਚ,ਸੁਖਚੈਨ ਸਿੰਘ ਪੰਚ,ਸੁਰਜੀਤ ਸਿੰਘ ਸਾਬਕਾ ਪੰਚ,ਸੁਖਦੇਵ ਸਿੰਘ ਸਾਬਕਾ ਪੰਚ,ਬਲੌਰ ਸਿੰਘ, ਰਾਜਾ ਸਿੰਘ ਚੇਅਰਮੈਨ ਪਸਵਕ, ਮਲਕੀਤ ਸਿੰਘ, ਕਾ ਸੁਰਜੀਤ ਸਿੰਘ, ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਸ਼ਿੰਦਰ ਸਿੰਘ ਆਦਿ ਸਮੇਤ ਹੋਰ ਮੋਹਤਵਰ ਵੀ ਹਾਜਰ ਸਨ।