ਵਿਦਿਆਰਥੀ ਮਨਪ੍ਰੀਤ ਸਿੰਘ ਗੁੰਮਟੀ ਨੇ ਪੰਜਾਬ ਭਰ ਚੋ ਪਹਿਲਾ ਸਥਾਨ ਕੀਤਾ ਪ੍ਰਾਪਤ

ਬੱਚੇ ਦੀ ਪ੍ਰਾਪਤੀ 'ਤੇ ਮਾਣ, ਉਸਦੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਭੁੱਲੇ ਅਧਿਕਾਰੀ
ਬਰਨਾਲਾ /ਮਹਿਲ ਕਲਾਂ 10 ਜੂਨ ( ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ  ) ਸਮਾਜ 'ਚ ਅਧਿਆਪਕਾਂ ਨੂੰ ਮਾਂ ਬਾਪ ਦਾ ਰੁਤਬਾ ਦਿੱਤਾ ਜਾਂਦਾ ਹੈ, ਕਿਉਕਿ ਜਿੰਦਗੀ ਦੇ ਅਨੇਕਾਂ ਸਾਲ ਬੱਚੇ ਆਪਣੇ ਅਧਿਆਪਕਾਂ ਨਾਲ ਬਿਤਾਉਦੇ ਹਨ। ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਅਧਿਆਪਕ ਸਮਾਜ ਨੂੰ ਸਨਮਾਨ ਦੇਣਾ ਹਰ ਇੱਕ ਦਾ ਫਰਜ ਹੈ। ਪਰ ਜਦੋਂ ਅਧਿਆਪਕਾਂ ਦੀ ਮਿਹਨਤ ਰੰਗ ਲਿਆਉਦੀ ਹੈ ਤੇ ਸਮਾਜ ਉਸ ਦੀ ਕਦਰ ਕਰਨ 'ਚ ਕਜੂਸੀ ਕਰਦਾ ਹੈ ਤਾਂ ਅਧਿਆਪਕਾਂ ਦਾ ਦਿਲ ਟੁੱਟਣਾ ਸੁਭਾਵਿਕ ਹੈ। ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਜੋ ਕਿ ਅੱਠਵੀ ਦੇ ਨਤੀਜਿਆਂ ਵਿੱਚ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਚੋ ਮੋਹਰੀ ਰਿਹਾ ਤਾਂ ਸਭ ਦੀਆਂ ਨਜਰਾਂ ਉਸ ਗਰੀਬ ਕਿਸਾਨ ਦੇ ਪੁੱਤਰ ਅੰਗਹੀਣ ਮਨਪ੍ਰੀਤ ਸਿੰਘ ਤੇ ਟਿਕ ਗਈਆ। ਸਰਕਾਰ ਤੇ ਸਿੱਖਿਆ ਬੋਰਡ ਦੇ ਅਫਸਰ ਪੁੱਜੇ ਤੇ ਬੱਚੇ ਮਨਪ੍ਰੀਤ ਸਿੰਘ ਤੇ ਉਸਦੀ ਮਾਂ ਦੀ ਸਖਤ ਮਿਹਨਤ ਦੀ ਪ੍ਰਸੰਸਾ ਕੀਤੀ। ਪੰਜਾਬ ਭਰ ਵਿੱਚੋ ਪੁੱਜੇ ਮੀਡੀਆ ਕਰਮੀਆਂ ਨੇ ਉਸ ਦੀਆਂ ਸਟੋਰੀਆਂ ਨੂੰ ਫਿਲਮਾਇਆ। ਬੱਚੇ ਦੀ ਮਿਹਨਤ, ਉਸਦੀ ਮਾਤਾ ਦੀ ਘਾਲਣਾ ਦੇ ਨਾਲ ਨਾਲ ਸਰਕਾਰੀ ਮਿਡਲ ਸਕੂਲ ਗੁੰਮਟੀ (ਬਰਨਾਲਾ) ਦੇ ਅਧਿਆਪਕਾਂ ਦੀ ਪੜਾਉਣ ਦੀ ਸਮਰਪਿਤ ਭਾਵਨਾ ਨੂੰ ਸਿਜਦਾ ਕਰਨਾ ਬਣਦਾ ਹੈ। ਪਰ ਇਸ ਸਾਰੇ ਘਟਨਾਕਰਮ ਵਿੱਚ ਅਧਿਆਪਕਾਂ ਨੂੰ ਬਣਦਾ ਮਾਣ ਸਤਿਕਾਰ ਮੀਡੀਆ ਜਾਂ ਪ੍ਰਸਾਸਨਿਕ ਅਧਿਕਾਰੀਆਂ ਨੇ ਨਹੀ ਦਿੱਤਾ। ਜਿਸ ਨਾਲ ਪੂਰੇ ਅਧਿਆਪਕ ਵਰਗ ਦਾ ਦਿਲ ਦੁਖਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਇੰਚਾਰਜ ਦਰਸਨ ਸਿੰਘ ਖੇੜੀ,ਬਲਵੰਤ ਸਿੰਘ ਵਜੀਦਕੇ,ਰਘਵੀਰ ਚੰਦ ਅਤੇ ਕਮਲਪ੍ਰੀਤ ਕੌਰ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਗਿਆ। ਭਾਵੇਕਿ ਸਾਰੇ ਅਧਿਆਪਕ ਅਪਣੇ ਵਿਦਿਆਰਥੀ ਮਨਪ੍ਰੀਤ ਸਿੰਘ ਤੇ ਇਸ ਪ੍ਰਾਪਤੀ ਬਦਲੇ ਮਾਣ ਮਹਿਸੂਸ ਕਰ ਰਹੇ ਹਨ, ਪਰ ਅਧਿਆਪਕਾਂ ਦਾ ਸਨਮਾਨ ਸਮਾਰੋਹ ਜਾਂ ਮੀਡੀਆ ਸਟੋਰੀਆਂ ਵਿੱਚ ਜਿਕਰ ਦਾ ਨਾ ਹੋਣਾ ਵੀ ਅਧਿਆਪਕਾਂ ਦਾ ਦਿਲ ਦਿਖਾਉਦਾ ਹੈ। ਮਨਪ੍ਰੀਤ ਸਿੰਘ ਦੇ ਪੰਜਾਬ ਭਰ ਚੋ ਪਹਿਲਾ ਸਥਾਨ ਪ੍ਰਾਪਤ ਕਰਨ ਚ ਵੱਡਾ ਸਹਿਯੋਗ ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਅਧਿਆਪਕਾਂ ਦਾ ਵੀ ਰਿਹਾ ਹੈ, ਇਸ ਲਈ ਉਹਨਾਂ ਨੂੰ ਵੀ ਪੰਜਾਬ ਪੱਧਰ 'ਤੇ ਮਾਣ ਸਤਿਕਾਰ ਦੇਣ ਦੀ ਲੋੜ ਹੈ। ਜੇਕਰ ਵਿਦਿਆਰਥੀ ਦੀ ਪ੍ਰਾਪਤੀ ਤੇ ਅਧਿਆਪਕਾਂ ਨੂੰ ਅੱਖੋ ਪਰੋਖੇ ਕੀਤਾ ਜਾਵੇਗਾ ,ਤਾਂ ਬੱਚਿਆਂ ਨੂੰ ਸਿੱਦਤ ਨਾਲ ਪੜਾਉਣ ਵਾਲੇ ਅਧਿਆਪਕਾਂ ਦੇ ਮਾਣ ਸਤਿਕਾਰ ਨੂੰ ਸੱਟ ਵੱਜੇਗੀ। ਲੋਕ ਹੈ ਬੱਚਿਆਂ ਦੀ ਪ੍ਰਾਪਤੀ ਤੇ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਪੰਜਾਬ ਪੱਧਰੀ ਸਮਾਗਮਾਂ 'ਚ ਬਣਦਾ ਮਾਣ ਦੇਣ ਦੀ।