ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ : ਡਿਪਟੀ ਕਮਿਸ਼ਨਰ

ਮੀਟਿੰਗ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਫਿਰੋਜ਼ਪੁਰ 08 ਜੂਨ (ਰਣਜੀਤ ਸਿੱਧਵਾਂ)  ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਨੇ ਬੁੱਧਵਾਰ ਨੂੰ ਮਾਨਸੂਨ ਸੀਜ਼ਨ- 2022 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਹੋਈ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸ਼ਤੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ ਆਦਿ ਸਮਾਨ ਦੀ ਪਹਿਲਾਂ ਤੋਂ ਹੀ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਰਿਪੇਅਰ ਕਰਵਾਈ ਜਾਵੇ। ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਡਰੇਨੇਜ਼ ਅਤੇ ਸੀਵਰੇਜ਼ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਇਸ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ।