ਵਧੀਕ ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪਾਂ ਨੂੰ ਵੰਡੇ ਗਏ ਕਰੀਬ 02 ਕਰੋੜ 21 ਲੱਖ ਦੇ ਕਰਜ਼ਾ ਮੰਨਜੂਰੀ ਪੱਤਰ  


ਲੋਕਾਂ ਨੂੰ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਕੀਤਾ ਜਾਵੇ ਜਾਗਰੂਕ
 
ਫਤਹਿਗੜ੍ਹ ਸਾਹਿਬ ,  08 ਜੂਨ (ਰਣਜੀਤ ਸਿੱਧਵਾਂ) : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਆਪਣਾ ਸਵੈ ਰੁਜਗਾਰ ਸ਼ੁਰੂ ਕਰਕੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸੈਲਫ ਹੈਲਪ ਗਰੁੱਪ ਬਣਾ ਕੇ ਕਰਜੇ ਮੁਹੱਈਆਂ ਕਰਵਾਉਣ ਲਈ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਕਰੀਬ 02 ਕਰੋੜ 21ਲੱਖ ਦੇ ਕਰਜ਼ਿਆਂ ਦੇ ਮੰਨਜੂਰੀ ਪੱਤਰ ਦੇਣ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ  ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਵਧੀਆਂ ਕਾਰਗੁਜਾਰੀ ਦਿਖਾਉਣ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਊਨ੍ਹਾਂ ਦੀ ਮਿਹਨਤ ਸਦਕਾ ਸੈਲਫ ਹੈਲਪ ਗਰੁੱਪਾਂ ਨੂੰ ਪ੍ਰਮੋਟ ਕਰਨ ਲਈ ਜ਼ਿਲ੍ਹੇ ਨੂੰ ਸੂਬੇ ਭਰ ਵਿੱਚੋਂ ਦੂਜਾ ਸਥਾਨ ਹਾਸਿਲ ਹੋਇਆ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਹੋਰ ਵੀ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ।  ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਕਲੱਸਟਰ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਪਣਾ ਰੁਜਗਾਰ ਸੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਚਲਾਈ ਜਾ ਰਹੀ ਪੇਂਡੂ ਸਵੈ ਰੁਜਗਾਰ ਟ੍ਰੇਨਿੰਗ ਸੰਸਥਾਂ (ਆਰਸੈਟੀ) ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਜਾਗੂਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾਂ ਤੋਂ ਟ੍ਰੇਨਿੰਗ ਲੈ ਕੇ ਆਪਣੇ ਬਿਊਟੀ ਪਾਰਲਰ, ਬੂਟੀਕ, ਫੈਸ਼ਨ ਡਿਜਾਈਨਿੰਗ, ਡੇਅਰੀ ਫਾਰਮਿੰਗ ਆਦਿ ਦਾ ਕੰਮ ਸੁਰੂ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਦੇ ਹਨ। ਇਸ ਮੌਕੇ ਡਿਪਟੀ ਜ਼ਿਲ੍ਹਾ ਮੈਨੇਜਰ ਸੈਂਟਰਲ ਕੋਆਪਰੇਟਿਵ ਫਤਹਿਗੜ੍ਹ ਸਾਹਿਬ ਭਾਸ਼ਕਰ ਕਟਾਰੀਆਂ ਨੇ ਸੈਲਫ ਹੈਲਪ ਗਰੁੱਪਾਂ ਨੂੰ ਮਿਲਣ ਵਾਲੇ ਕਰਜਿਆਂ ਸਬੰਧੀ  ਬੈਂਕਾਂ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣੂੰ ਕਰਵਾਇਆ।  ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਜਸਵੰਤ ਸਿੰਘ ਸਮੇਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜਰ ਸਨ।