ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਦਾਖਲ ਹੋਈ ਤੀਜੇ ਦਿਨ ਚ

ਜਗਰਾਉਂ (ਗੁਰਕੀਰਤ ਸਿੰਘ)ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਤੀਜੇ ਦਿਨ ਚ ਦਾਖਲ ਹੋ ਗਈ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਪ੍ਰਧਾਨ ਦੇਵਰਾਜ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਬਾਬਾ ਦੀ ਅਗਵਾਈ ਚ ਅੱਜ ਵੀ ਮਜ਼ਦੂਰਾਂ‌ ਨੇ ਮੰਡੀ ਵਿਚ ਰੋਹ ਭਰਪੂਰ ਧਰਨਾ ਦਿੱਤਾ। ਉਧਰ ਆੜਤੀਆਂ ਦਾ ਇਕ ਧੜਾ ਹਲਕਾ ਵਿਧਾਇਕ ਤੇ ਟੇਕ ਰਖਦਾ ਊਠ ਦੇ ਬੁੱਲ੍ਹ ਡਿੱਗਣ ਦੀ ਆਸ ਲਾਈ ਬੈਠਾ ਹੈ ਤੇ ਦੂਜੇ ਧੜੇ ਨੇ ਪੰਜਾਬ ਸਰਕਾਰ ਨੂੰ ਮੂੰਗੀ ਦੀ ਖਰੀਦ ਵੇਚ ਦੇ ਮਸਲੇ ਤੇ ਸਰਕਾਰ ਵਲੋਂ ਲਾਈਆਂ ਨਾਜਾਇਜ਼ ਸ਼ਰਤਾਂ ਖਤਮ‌ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਪੱਧਰ ਤੇ ਹੜਤਾਲ ਦੀ ਚਿਤਾਵਨੀ ਦੇ ਚੁੱਕਾ ਹੈ। ਅਜ ਦੇ ਇਸ ਧਰਨੇ ਚ ਬੋਲਦਿਆਂ ਮਜ਼ਦੂਰ ਆਗੁਆਂ ਨੇ ਕਿਹਾ ਕਿ ਮੂੰਗੀ ਦੀ ਵੇਚ ਖਰੀਦ ਦਾ ਕੰਮ‌ ਮੰਡੀ ਚ ਪਹਿਲਾਂ ਦੀ ਤਰਾਂ ਸਾਰੇ ਆੜਤੀ ਵਰਗ ਨੂੰ ਦਿੱਤਾ ਜਾਵੇ ਤਾਂ ਕਿ ਗੱਲਾ ਮਜ਼ਦੂਰ ਵੀ ਮਜ਼ਦੂਰੀ ਕਰ ਕੇ ਰੋਟੀ ਕਮਾ ਸਕਣ। ਅਜ ਦੇ ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਉਹ ਵੀ ਅਜ ਵੱਡੀ ਗਿਣਤੀ ਵਿਚ ਹਲਕਾ ਵਿਧਾਇਕ ਨੂੰ ਇਸ ਮਸਲੇ ਤੇ ਮੰਗਪੱਤਰ ਦੇ ਕੇ ਆਏ ਹਨ ਕਿਉਂ ਕਿ ਇਸ ਫ਼ਸਲ ਦੀ ਵੇਚ ਤੇ ਖਰੀਦ ਸਬੰਧੀ ਮੜੀਆਂ ਸ਼ਰਤਾਂ ਕਿਸਾਨਾਂ ਨੂੰ ਕਦਾਚਿੱਤ ਵੀ ਪ੍ਰਵਾਨ ਨਹੀਂ ਂ ਹਨ। ਉਨਾਂ ਮੰਡੀ ਦੇ ਗੱਲਾ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਸੰਘਰਸ਼ ਨੂੰ ਇਕਜੁੱਟ ਤੇ ਜ਼ੋਰਦਾਰ ਬਨਾਉਣ ਲਈ ਧੜੇਬੰਦੀ ਤੋਂ ਉਪਰ ਉਠਣ ਦੀ ਸਨਿਮਰ ਬੇਨਤੀ ਕੀਤੀ ਕਿਉਂਕਿ ਜੇਕਰ ਇਸ ਫ਼ਸਲ ਦਾ ਮਸਲਾ ਹੱਲ ਨਾ ਹੋਇਆ ਤਾਂ ਆਉਂਦੇ ਦਿਨਾਂ ਦੂਜੀਆਂ ਫ਼ਸਲਾਂ ਦੇ ਮੰਡੀਕਰਨ ਦਾ ਹੱਕ ਵੀ ਸਾਥੋਂ ਖੋਹ ਲਿਆ ਜਾਵੇਗਾ। ਉਨਾਂ ਸਹੇ ਦੀ ਵੀ ਤੇ ਪਹੇ ਦੀ ਵੀ ਗੋਰ ਰੱਖਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਹ ਮਸਲਾ ਸੂਬਾ ਕਮੇਟੀ ਮੀਟਿੰਗ ਵਿੱਚ  ਅਤੇ ਅੱਠ ਜੂਨ ਦੀ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਮੀਟਿੰਗ ਵਿਚ ਵੀ ਉਠਾਇਆ ਜਾਵੇਗਾ। ਉਨਾਂ ਮਜ਼ਦੂਰਾਂ ਦੇ ਸੰਘਰਸ਼ ਨੂੰ ਹਰ ਪਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।