ਨਸ਼ਿਆਂ ਦਾ ਖਾਤਮਾ ਅੱਜ ਦੇ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ

- ਮਾਪੇ ਆਪਣੇ ਬੱਚਿਆਂ ਦੀਆਂ ਰੋਜ਼ਾਨਾਂ ਗਤੀਵਿਧੀਆਂ ’ਤੇ ਰੱਖਣ ਤਿੱਖੀ ਨਜ਼ਰ

-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਨਸ਼ਾ ਛੁਡਾਉ ਕੇਂਦਰ ਤੇ ਓਟ ਕਲੀਨਿਕਾਂ ਦਾ ਕੀਤਾ ਦੌਰਾ

ਫ਼ਤਹਿਗੜ੍ਹ ਸਾਹਿਬ, 25 ਮਈ  (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ ਨੇ ਅੱਜ ਨਸ਼ਾ ਛੁਡਾਉ ਕੇਂਦਰ ਬ੍ਰਾਹਮਣ ਮਾਜਰਾ ਦਾ ਦੌਰਾ ਕੀਤਾ ਅਤੇ ਇਥੇ ਇਲਾਜ ਕਰਵਾ ਰਹੇ ਨਸ਼ਿਆਂ ਦੇ ਆਦੀ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋ ਕੇ ਇਲਾਜ ਕਰਵਾ ਰਹੇ ਵਿਅਕਤੀਆਂ ਤੋਂ ਕੇਂਦਰ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਭਵਿੱਖ ਵਿੱਚ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਵਿੱਚ ਮੌਹਰੀ ਭੂਮਿਕਾ ਅਦਾ ਕਰਨ ਕਿਉਂਕਿ ਨਸ਼ੇ ਜਿਸ ਤੇਜੀ ਨਾਲ ਸਾਡੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਹੇ ਹਨ ਜਿਸ ਦਾ ਮਿਲ-ਜੁਲ ਕੇ ਖਾਤਮਾ ਕੀਤਾ ਜਾ ਸਕਦਾ ਹੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਬੱਚੇ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚੇ ਰਹਿ ਸਕਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਇਸ ਨਿਆਂਇਕ ਕਦਮ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਉਣ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਇੱਕ ਅਜਿਹੀ ਲਾਹਣਤ ਹਨ ਜੋ ਕਿ ਨਾ ਕੇਵਲ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਮਾਜ ਤੋਂ ਵੱਖ ਕਰ ਦਿੰਦੇ ਹਨ ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਮਾਜਿਕ ਤੇ ਆਰਥਿਤ ਤੌਰ ’ਤੇ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੀਏ ਤਾਂ ਜੋ ਗੁਰੂਆ ਪੀਰਾਂ ਦੀ ਧਰਤੀ ਪੰਜਾਬ ਨੂੰ ਨਸਿ਼ਆਂ ਵਰਗੀਆਂ ਲਾਹਣਤਾਂ ਤੋਂ ਬਚਾ ਕੇ ਰੱਖਿਆ ਜਾਵੇ।