ਹਲਕੇ ਦੇ ਵਲੰਟੀਅਰਾਂ ਤੇ ਸ਼ਹਿਰ ਵਾਸੀਆਂ ਨੂੰ ਕਹੀਆਂ, ਝਾੜੂ ਤੇ ਖੁਰਪੇ ਲੈ ਕੇ ਆਉਣ ਦੀ ਅਪੀਲ
ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਹਲਕਾ ਜਗਰਾਉਂ ਤੋਂ ਦੂਜੀ ਵਾਰ ਵੱਡੀ ਲੀਡ ਨਾਲ ਵਿਧਾਇਕ ਬਣੇ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਵਾਸੀਆਂ ਲਈ ਅਤਿ ਅਧੁਨਿਕ ਸੁੰਦਰ ਪਾਰਕ ਬਨਾਉਣ ਦਾ ਖੁਦ ਬੀੜਾ ਚੁੱਕ ਲਿਆ ਹੈ ਅਤੇ ਵਿਧਾਇਕਾ ਨੇ ਐਲਾਨ ਕੀਤਾ ਹੈ ਕਿ 22 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਰਾਣੀ ਝਾਂਸੀ ਚੌਂਕ ਜਗਰਾਉਂ ਨਜ਼ਦੀਕ 'ਰੈਡ ਕਰਾਸ ਭਵਨ' ਵਿਖੇ ਆਪਣੀ ਟੀਮ, ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਗਰਾਉਂ ਵਾਸੀਆਂ ਲਈ ਪਾਰਕ ਬਨਾਉਣ ਦਾ ਕੰਮ ਸ਼ੁਰੂ ਕਰਨਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਧਰਤੀ ਹੇਠਲਾ ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਦਰਖ਼ਤ ਲਗਾਤਾਰ ਘੱਟਦੇ ਜਾ ਰਹੇ ਹਨ। ਦਰੱਖ਼ਤਾਂ ਅਤੇ ਹਰਿਆਵਲ ਦੀ ਘਾਟ ਕਾਰਨ ਜਿੱਥੇ ਸਾਡਾ ਵਾਤਾਵਰਨ ਗੰਧਲਾ ਹੋ ਰਿਹਾ ਹੈ, ਉਥੇ ਆਕਸੀਜ਼ਨ ਘਟਣ ਕਾਰਨ ਇਨਸਾਨ ਲਈ ਜਿਊਣਾ ਮੁਹਾਲ ਹੁੰਦਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵੀ 'ਪਾਣੀ ਬਚਾਓ, ਰੁੱਖ ਲਗਾਓ' ਮੁਹਿੰਮ ਵਿੱਢੀ ਗਈ ਹੈ ਅਤੇ ਉਹਨਾਂ ਵੱਲੋਂ ਵੀ ਸ਼ਹਿਰ ਵਾਸੀਆਂ ਲਈ ਸੁੰਦਰ ਪਾਰਕ ਬਣਾਕੇ ਉਸ ਦੇ ਆਲਾ ਦੁਆਲੇ ਦਰਖ਼ਤ ਲਗਾਏ ਜਾਣਗੇ ਅਤੇ ਸ਼ਹਿਰ ਵਾਸੀਆਂ ਲਈ ਸ਼ੁਦ ਵਾਤਾਵਰਨ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸ਼ਹਿਰ ਵਿੱਚ ਜਿੱਥੇ ਵੀ ਯੋਗ ਥਾਂ ਮਿਲੇਗੀ, ਉਸ ਥਾਂ ਉਪਰ ਲੋਕਾਂ ਵਾਸਤੇ ਪਾਰਕ ਬਨਾਉਣ ਲਈ ਉਹ ਯਤਨ ਕਰਨਗੇ। ਇਸ ਲਈ ਸ਼ਹਿਰ ਵਾਸੀ ਉਹਨਾਂ ਦਾ ਜ਼ਰੂਰ ਸਾਥ ਦੇਣ। ਉਹਨਾਂ ਸਮੂਹ ਪਾਰਟੀ ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਸਿਆਸੀ ਹਿੱਤਾਂ ਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ 22 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਰਾਣੀ ਝਾਂਸੀ ਚੌਂਕ ਜਗਰਾਉਂ ਨਜ਼ਦੀਕ 'ਰੈਡ ਕਰਾਸ ਭਵਨ' ਵਿਖੇ ਕਹੀਆਂ, ਦਾਤੀਆਂ, ਕੜਾਈਏ, ਝਾੜੂ, ਟੋਕਰੇ, ਖੁਰਪੇ ਆਦਿ ਲੈ ਕੇ ਜ਼ਰੂਰ ਆਉਣ ਤਾਂ ਜੋ ਸ਼ਹਿਰ ਵਾਸੀਆਂ ਲਈ ਨਵੀਂ ਪਾਰਕ ਤਿਆਰ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੋਨੀ ਕਾਉਂਕੇ, ਸੁਰਿੰਦਰ ਸਿੰਘ ਕਾਕਾ, ਗੋਪੀ ਸ਼ਰਮਾਂ, ਪੱਪੂ ਭੰਡਾਰੀ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।