ਸਨਅਤੀ ਸ਼ਹਿਰ ਤੋਂ ਕੈਬਨਿਟ ਮੰਤਰੀ ਆਸ਼ੂ ਗੁੱਟ ’ਤੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਮੇਹਰਬਾਨ

ਲੁਧਿਆਣਾ, ਜੁਲਾਈ 2019-
ਸਨਅਤੀ ਸ਼ਹਿਰ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਗੁੱਟ ’ਤੇ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਮੇਹਰਬਾਨ ਦਿਖੇ ਹਨ। ਪਹਿਲਾਂ ਝੰਡੀ ਵਾਲੀ ਕਾਰ, ਫਿਰ ਮੇਅਰ ਦੀ ਕੁਰਸੀ ਤੇ ਹੁਣ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਲੈਣ ਵਿਚ ਆਸ਼ੂ ਗੁੱਟ ਕਾਮਯਾਬ ਰਿਹਾ। ਸੂਬਾ ਸਰਕਾਰ ਨੇ ਆਸ਼ੂ ਦੇ ਕਰੀਬੀ ਰਮਨ ਬਾਲਾਸੁਬਰਾਮਨੀਅਮ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਹੈ। ਉਧਰ, ਲੁਧਿਆਣਾ ਦੇ ਬਾਕੀ ਕਾਂਗਰਸੀ ਇਸ ਨਿਯੁਕਤੀ ਤੋਂ ਬਾਅਦ ਮਾਯੂਸ ਨਜ਼ਰ ਆ ਰਹੇ ਹਨ। ਹਾਲਾਂਕਿ, ਨਿਰਾਸ਼ ਹੋਣ ਦੇ ਬਾਵਜੂਦ ਵਿਧਾਇਕ ਸੁਰਿੰਦਰ ਡਾਬਰ, ਰਮਨ ਦਾ ਮੂੰਹ ਮਿੱਠ ਕਰਵਾਉਂਦੇ ਜ਼ਰੂਰ ਨਜ਼ਰ ਆਏ। ਉਧਰ, ਵਿਧਾਇਕ ਰਾਕੇਸ਼ ਪਾਂਡੇ ਨੇ ਹਾਲੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕੱਦ ਲਗਾਤਾਰ ਵਧਦਾ ਜਾ ਰਿਹਾ ਹੈ। ਨਗਰ ਨਿਗਮ ਦੇ ਮੇਅਰ ਦੀ ਕੁਰਸੀ ’ਤੇ ਮੰਤਰੀ ਆਸ਼ੂ ਨੇ ਆਪਣੇ ਖਾਸ ਬਲਕਾਰ ਸਿੰਘ ਸੰਧੂ ਨੂੰ ਬਿਠਾ ਕੇ ਨਗਰ ਨਿਗਮ ’ਤੇ ਤਾਂ ਪੂਰੀ ਤਰ੍ਹਾਂ ਕਬਜ਼ਾ ਕਰ ਹੀ ਲਿਆ ਸੀ, ਹੁਣ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਵੀ ਮੰਤਰੀ ਆਸ਼ੂ ਦੇ ਕਰੀਬੀ ਰਮਨ ਬਾਲਾਸੁਬਰਾਮਨੀਅਮ ਨੂੰ ਮਿਲ ਗਈ ਹੈ। ਇਸ ਮਗਰੋਂ ਲੁਧਿਆਣਾ ਦੇ ਬਾਕੀ ਕਾਂਗਰਸੀ ਅੰਦਰਖਾਤੇ ਪ੍ਰੇਸ਼ਾਨ ਹਨ। ਕਾਂਗਰਸੀਆਂ ਵਿਚ ਚਰਚਾ ਹੈ ਕਿ ਕਿ ਕਿਸੇ ਵੇਲੇ ਮੰਤਰੀ ਆਸ਼ੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੜਾ ਪਸੰਦ ਨਹੀਂ ਸੀ ਕਰਦਾ ਪਰ ਹੁਣ ਕੈਪਟਨ ਅਮਰਿਦੰਰ ਸਿੰਘ ਆਖ਼ਰ ਸਭ ਕੁਝ ਮੰਤਰੀ ਆਸ਼ੂ ਗੁੱਟ ਨੂੰ ਹੀ ਕਿਉਂ ਦੇਣਾ ਚਾਹੁੰਦੇ ਹਨ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੂੰ ਆਸ ਸੀ ਕਿ ਛੇਵੀਂ ਵਾਰ ਵਿਧਾਇਕ ਬਣੇ ਰਾਕੇਸ਼ ਪਾਂਡੇ ਤੇ ਚੌਥੀ ਵਾਰ ਵਿਧਾਇਕ ਬਣੇ ਸੁਰਿੰਦਰ ਡਾਬਰ ਨੂੰ ਵੀ ਕੈਪਟਨ ਸਰਕਾਰ ਵਿਚ ਵਿਸ਼ੇਸ਼ ਅਹੁਦਾ ਮਿਲੇਗਾ, ਪਰ ਦੋਵਾਂ ਨੂੰ ਨਜ਼ਰਅੰਦਾਜ਼ ਕਰ ਝੰਡੀ ਵਾਲੀ ਕਾਰ ਆਸ਼ੂ ਲੈਣ ਵਿਚ ਕਾਮਯਾਬ ਹੋ ਗਏ ਹਨ। ਉਦੋਂ ਇਸ ਗੱਲ ਦੀ ਵੀ ਚਰਚਾ ਸੀ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਲੋਕ ਸਭਾ ਚੋਣਾਂ ਵਿਚ ਵੀ ਮੌਜੂਦਾ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਨਾਰਾਜ਼ਗੀ ਜੱਗ ਜ਼ਾਹਿਰ ਕਰ ਕੇ ਵਿਧਾਇਕ ਪਾਂਡੇ ਨੇ ਆਪਣੀ ਟਿਕਟ ਲਈ ਦਾਅਵੇਦਾਰੀ ਠੋਕੀ ਸੀ, ਪਰ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਪਾਰਟੀ ਨੇ ਦੁਬਾਰਾ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਸੀ। ਲੋਕ ਸਭਾ ਚੋਣਾਂ ’ਚ ਵਿਧਾਇਕ ਪਾਂਡੇ ਦੀ ਨਾਰਾਜ਼ਗੀ ਰਾਜਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀ ਰਹੀ। ਉਦੋਂ ਤਾਂ ਕਿਸੇ ਤਰ੍ਹਾਂ ਮਾਮਲਾ ਸੁਲਝ ਗਿਆ ਪਰ ਹੁਣ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ’ਤੇ ਇੱਕ ਵਾਰ ਫਿਰ ਤੋਂ ਆਸ਼ੂ ਦੂਸਰਿਆਂ ’ਤੇ ਭਾਰੀ ਪਏ ਤੇ ਆਪਣੇ ਚਹੇਤੇ ਰਮਨ ਕੁਮਾਰ ਨੂੰ ਚੇਅਰਮੈਨੀ ਦਿਵਾਉਣ ’ਚ ਕਾਮਯਾਬ ਰਹੇ। ਸਿਆਸੀ ਪੰਡਤਾਂ ਦੀ ਭਵਿੱਖਵਾਣੀ ਹੈ ਕਿ ਲੁਧਿਆਣਾ ਦੀ ਕਾਂਗਰਸ ਵਿਚ ਜਲਦ ਹੀ ਵਿਰੋਧੀ ਸੁਰ ਉੱਠ ਸਕਦੇ ਹਨ।