ਖੇਤ ਵਿੱਚ ਲਗਾਈ ਅੱਗ ਨੇ ਸਕੂਲ ਬੱਸ ਨੂੰ ਲਿਆ ਲਪੇਟ ’ਚ, 7 ਬੱਚੇ ਝੁਲਸੇ, ਤਿੰਨ ਦੀ ਹਾਲਤ ਗੰਭੀਰ

ਸਿੱਖਿਆ ਮੰਤਰੀ ਮੀਤ ਹੇਅਰ ਨੇ ਡੀਸੀ ਤੋਂ ਲਈ ਰਿਪੋਰਟ

ਗੁਰਦਾਸਪੁਰ, 4 ਮਈ ਜਨਸ਼ਕਤੀ ਨਿਊਜ਼ ਬਿਊਰੋ  )ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਬਰੀਕਵਾਲ ਦੇ ਕੋਲ ਇਕ ਕਿਸਾਨ ਵੱਲੋਂ ਖੇਤ ਵਿੱਚ ਨਾੜ ਨੂੰ ਲਗਾਈ ਗਈ ਅੱਗ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਖੇਤ ਵਿੱਚ ਲੱਗੀ ਅੱਗ ਨੇ ਸਕੂਲ ਬੱਸ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਵਿੱਚ 7 ਬੱਚੇ ਝੁਲਸੇ ਗਏ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਖੇਤ ਵਿੱਚ ਲਗਾਈ ਗਈ ਅੱਗ ਕਾਰਨ ਧੂੰਏ ਵਿੱਚ ਬੱਸ ਆਪਣਾ ਸੰਤੁਲਨ ਗੁਆ ਬੈਠੀ ਜਿਸ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਇਸ ਕਰਨ ਬੱਸ ਨੂੰ ਅੱਗ ਲੱਗ ਗਈ, ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਅੱਗ ਵਿੱਚ ਸੜ ਗਏ ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਸਿੱਖਿਆ ਮੰਤਰੀ ਨੇ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ, ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।