ਦਿੱਲੀ ਕਮੇਟੀ ਨੇ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਅੰਮ੍ਰਿਤਸਰ 'ਚ ਖੋਲ੍ਹਿਆ ਦਫ਼ਤਰ
ਅੰਮਿ੍ਤਸਰ , ਪੰਜਾਬ 'ਚ ਧਰਮ ਤਬਦੀਲੀ ਦੇ ਵਧਦੇ ਮਾਮਲਿਆਂ 'ਤੇ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਮ ਜਾਗਰੂਕਤਾ ਲਹਿਰ ਦੀ ਅਰੰਭਤਾ ਕੀਤੀ ਹੈ। ਦਿੱਲੀ ਕਮੇਟੀ ਨੇ ਅੰਮਿ੍ਤਸਰ ਸਥਿਤ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ, ਲਾਰੈਂਸ ਰੋਡ ਵਿਖੇ ਅਰਦਾਸ ਸਮਾਗਮ ਕਰ ਕੇ ਦਫਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦੇਸ਼-ਵਿਦੇਸ਼ 'ਚ ਵੱਸਦੇ ਕਈ ਪੰਥ ਦਰਦੀਆਂ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਈ ਸਿੱਖਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਨੌਜਵਾਨਾਂ 'ਚ ਵੱਧਦੇ ਪਤਿਤਪੁਣੇ, ਨਸ਼ਿਆਂ ਦੀ ਵਰਤੋਂ ਅਤੇ ਕਥਿਤ ਲੋਭ-ਲਾਲਚ 'ਚ ਫਸ ਕੇ ਧਰਮ ਬਦਲੀ ਦੇ ਮਾਮਲਿਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ 'ਚ ਕੋਈ ਪਹਿਲ ਕਰਨ ਦੀ ਅਪੀਲ ਕੀਤੀ ਸੀ।
ਸਿੱਖ ਬੁੱਧੀਜੀਵੀਆਂ, ਸੰਤ ਸਮਾਜ ਅਤੇ ਸਿੰਘ ਸਭਾਵਾਂ ਦੀ ਸਾਂਝੀ ਮੀਟਿੰਗ ਦੌਰਾਨ 'ਧਰਮ ਜਾਗਰੂਕਤਾ ਲਹਿਰ' ਚਲਾਉਣ ਸਬੰਧੀ ਸਰਬਸੰਮਤੀ ਬਣੀ ਸੀ ਜਿਸ ਨੂੰ ਅਮਲੀ ਜਾਮਾ ਪਾਉਣ ਲਈ 'ਅਰਦਾਸ ਸਮਾਗਮ' ਕਰਕੇ ਦਫ਼ਤਰ ਖੋਲਿ੍ਹਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਲਹਿਰ ਦੀ ਸਫਲਤਾ ਲਈ ਸੰਤ ਸਮਾਜ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਅਗਲੇਰੀ ਰੂਪ-ਰੇਖਾ ਤਿਆਰ ਕਰਨ ਦੀ ਜ਼ੁੰਮੇਵਾਰੀ ਟਕਸਾਲੀ ਆਗੂ ਡਾ. ਮਨਜੀਤ ਸਿੰਘ ਭੂਮਾ ਨੂੰ ਸੌਂਪੀ ਗਈ ਹੈ। ਕਾਲਕਾ ਨੇ ਕਿਹਾ ਕਿ ਜੇ ਸ਼ੋ੍ਮਣੀ ਕਮੇਟੀ ਨਾਲ ਮਿਲ ਕੇ ਵੀ ਆਈ ਖੜੋਤ ਨੂੰ ਦੂਰ ਕਰਨ ਦੀ ਲੋੜ ਪਈ ਤਾਂ ਉਸ ਲਈ ਵੀ ਤਿਆਰ ਹਨ।
ਇਸ ਮੌਕੇ ਆਈਏਐੱਸ ਐੱਚਐੱਸ ਨੰਦਾ ਨੂੰ ਵੀ ਦਫ਼ਤਰ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਸਮਾਗਮ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਸ਼ੋ੍ਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਭਾਈ ਬਲਬੀਰ ਸਿੰਘ ਆਦਿ ਮੌਜੂਦ ਸਨ।
By, Manjinder Gill (00917009209345)