ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਅਧਿਆਪਕਾਂ ,ਵਿਦਿਆਰਥੀਆਂ ਅਤੇ ਮਾਪਿਆ ਵੱਲੋਂ ਸਕੂਲ ਬੰਦ ਰੱਖਣ ਦੇ ਫੈਸਲੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ  

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪੰਜਾਬ ਸਰਕਾਰ ਵਲੋਂ ਸਕੂਲ ਦੁਬਾਰਾ ਤੋਂ ਬੰਦ ਰੱਖਣ ਦੇ ਫੈਸਲੇ ਵਿਰੁੱਧ ਰੋਸ ਮੁਜਾਹਿਰਾ ਕੀਤਾ ਗਿਆ I ਉਨ੍ਹਾਂ ਨੇ ਸਕੂਲ ਖੋਲਣ ਦੀ ਇੱਛਾ ਜਾਹਿਰ ਕਰਦਿਆਂ ਬੱਚਿਆਂ  ਦੇ ਖ਼ਰਾਬ ਹੋ ਰਹੇ ਭਵਿੱਖ ਪ੍ਰਤੀ ਡੂੰਘੀ  ਚਿੰਤਾ ਪ੍ਰਗਟ ਕੀਤੀ I ਮਾਪਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਲਾਕ ਡਾਊਨ ਦੌਰਾਨ ਸਕੂਲ ਅਧਿਆਪਕਾਂ ਵਲੋਂ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਢੰਗ ਨਾਲ ਆਨਲਾਈਨ ਪੜ੍ਹਾਈ ਕਾਰਵਾਈ ਗਈ ,ਪਰੰਤੂ ਫਿਰ ਵੀ ਜੋ ਸਿੱਖਿਆ ਪ੍ਰਾਪਤੀ ਸਕੂਲ ਵਿੱਚ ਇੱਕ ਰੁਟੀਨ ਅਤੇ ਅਨੁਸ਼ਾਸਨਮਈ  ਮਾਹੌਲ ਵਿੱਚ ਰਹਿ ਕੇ ਹੁੰਦੀ ਹੈ, ਉਹ ਆਨਲਾਈਨ ਤਰੀਕੇ ਨਾਲ ਸੰਭਵ ਨਹੀਂ ਹੈ  I
ਮਾਪਿਆਂ ਨੇ ਕਿਹਾ ਕਿ ਜਦ ਰਾਜਨੀਤਿਕ ਰੈਲ਼ੀਆਂ, ਬੱਸਾਂ ਗੱਡੀਆਂ , ਸ਼ਾਪਿੰਗ ਮਾਲ, ਬਾਜ਼ਾਰ , ਵਿਆਹ ਅਤੇ ਧਾਰਮਿਕ ਸਮਾਗਮ ਚੱਲ  ਰਹੇ ਹਨ, ਤਾਂ ਸਕੂਲ ਹੀ ਕਿਉਂ ਬੰਦ ਕੀਤੇ ਗਏ ਹਨ ,ਜਦਕਿ ਕੋਵਿਡ ਨਿਯਮਾਂ ਦੀ ਜਿੰਨ੍ਹੇ ਵਧੀਆ ਤਰੀਕੇ ਨਾਲ ਪਾਲਣਾ ਸਕੂਲਾਂ ਵਿੱਚ ਹੁੰਦੀ ਹੈ, ਉੱਨੀ ਹੋਰ ਕਿਤੇ ਵੀ ਨਹੀਂ ਹੈ I ਮਾਪਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਅੱਗੇ ਦੱਸਿਆ ਕਿ ਸਾਡੇ ਬੱਚੇ ਹੀ ਸਾਡਾ ਸਹਾਰਾ ,ਭਵਿੱਖ ਅਤੇ ਪੂੰਜੀ ਹਨ , ਜੇ ਸਾਡੇ ਬੱਚੇ ਪੜ੍ਹਨਗੇ ਨਹੀਂ ਤਾਂ ਸਾਡੀ ਤਰੱਕੀ ਨਹੀਂ ਹੋਵੇਗੀ । ਇਸ ਲਈ ਸਾਡੇ ਅਤੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜਰੂਰੀ ਹੈ ਅਤੇ ਉਹ ਕੇਵਲ ਸਕੂਲ ਵਿੱਚ ਅਨੁਸ਼ਾਸਿਤ ਢੰਗ ਨਾਲ ਇੱਕ ਰੁਟੀਨ ਵਿੱਚ ਸਿੱਖਿਆ ਪ੍ਰਾਪਤ ਕਰਕੇ ਹੀ ਸੰਭਵ ਹੈ I ਕਿਉਂਕਿ ਪਿੰਡਾਂ ਦੇ ਜਿਆਦਾਤਰ ਮਾਪੇ ਅਨਪੜ੍ਹ ਹਨ ਇਸ ਲਈ ਉਹ ਆਨਲਾਈਨ ਪੜਾਈ ਵਿੱਚ ਆਪਣੇ ਬੱਚਿਆਂ ਦੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਨਹੀਂ ਕਰ ਪਾਉਂਦੇ I
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਅਤੇ ਪ੍ਰਿੰਸੀਪਲ ਮੈਡਮ ਮਿਸਿਜ਼ ਨਵਜੋਤ ਕੌਰ  ਨੇ ਦੱਸਿਆ ਕਿ ਨਾ ਤਾਂ ਮਾਪੇ ਅਤੇ ਨਾਂ ਹੀ ਅਧਿਆਪਕ ਸਕੂਲ ਬੰਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਭਵਿੱਖ  ਅਧਿਆਪਕਾਂ ਅਤੇ ਬਾਕੀ ਸਕੂਲ ਦੇ  ਸਟਾਫ ਦੇ ਰੁਜ਼ਗਾਰ ਨੂੰ ਦੇਖਦੇ ਹੋਏ ਸਕੂਲ ਜਲਦ ਤੋਂ ਜਲਦ ਖੋਲ੍ਹੇ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ ਜੀ I