ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ  

        ਫ਼ਰੀਦਕੋਟ , 27 ਅਪ੍ਰੈਲ ( ਜਨ ਸ਼ਕਤੀ ਨਿਊਜ਼ ਬਿਊਰੋ)   ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਸਭਾ ਦੇ ਡਾਇਰੈਕਟਰ ਡਾ. ਨਿਰਮਲ ਕੌਸ਼ਿਕ, ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਆਯੋਜਿਤ ਕੀਤੀ ਗਈ । ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਡੇਢ ਦਰਜਨ ਤੋਂ ਵੀ ਵੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸਰਬ-ਸਹਿਮਤੀ ਨਾਲ ਮਤਾ ਪਾ ਕੇ ਸਭਾ ਦਾ ਵਿਸਥਾਰ ਕਰਨ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ । 

 

ਇਸ ਮੀਟਿੰਗ ਦੌਰਾਨ ਸਾਹਿਤਕਾਰ ਹੀਰਾ ਸਿੰਘ ਤੂਤ ਦੀ ਪੁਸਤਕ  ‘ਇੱਕ ਮੁੱਠ ਚੀਰਨੀ ਦੀ’ ਲੋਕ-ਅਰਪਣ ਕੀਤੀ ਗਈ ਅਤੇ ਡਾ. ਨਿਰਮਲ ਕੌਸ਼ਿਕ ਦੀ ਪੁਸਤਕ ‘ਕਾਲੇ ਲਿਖ ਨਾ ਲੇਖ’ ਨੂੰ ਸਭਾ ਮੈਂਬਰਾਂ ਵਿੱਚ ਤਕਸੀਮ ਕੀਤਾ ਗਿਆ । ਇਸ ਮੌਕੇ ਐਡਵੋਕੇਟ ਪ੍ਰਦੀਪ ਸਿੰਘ, ਬਲਵਿੰਦਰ ਸਿੰਘ ਗਰਾਈਂ, ਰਾਜ ਗਿੱਲ ਭਾਣਾ, ਜਤਿੰਦਰ ਪਾਲ ਸਿੰਘ ਟੈਕਨੋ, ਕਸ਼ਮੀਰ ਸਿੰਘ ਮਾਨਾ, ਸਿਕੰਦਰ ਚੰਦਭਾਨ, ਤਾਰਾ ਸਿੰਘ ਕੰਮੇਆਣਾ, ਸੁਖਬੀਰ ਸਿੰਘ ਬਾਬਾ, ਗੁਰਪਿਆਰ ਹਰੀ ਨੌਂ, ਹੈਰੀ ਭੋਲੂਵਾਲਾ, ਮਨਜੀਤ ਸਿੰਘ, ਵਤਨਵੀਰ ਵਤਨ ਆਦਿ ਹਾਜਰ ਸਨ । ਸਭਾ ਵਿੱਚ ਨਵੇਂ ਸ਼ਾਮਿਲ ਹੋਏ ਸਾਹਿਤਕਾਰਾਂ ਨੇ ਮੌਕੇ ‘ਤੇ ਸਭਾ ਦੇ ਮੈਂਬਰਸ਼ਿਪ ਫ਼ਾਰਮ ਵੀ ਭਰੇ ਅਤੇ ਆਗਾਮੀ ਗਤੀਵਿਧੀਆਂ ਲਈ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ । ਇਸ ਤੋਂ ਇਲਾਵਾ ਸਾਂਝੇ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਨੂੰ ਲੋਕ-ਅਰਪਣ ਕਰਨ ਲਈ ਕੀਤੇ ਜਾਣ ਵਾਲੇ ਆਗਾਮੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਵਿੱਚ ਸਾਹਿਤਕਾਰ ਜੱਗਾ ਰੱਤੇਵਾਲਾ (ਪੰਜਾਬੀ ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ)  ਦੀ ਬੇਵਕਤੀ ਮੌਤ ‘ਤੇ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।              

 

ਸਭਾ ਦੇ ਡਾਇਰੈਕਟਰ ਡਾ. ਨਿਰਮਲ ਕੌਸ਼ਿਕ ਨੇ ਦੱਸਿਆ ਕਿ ਕਲਮਾਂ ਦੇ ਰੰਗ, ਸਾਹਿਤ ਸਭਾ, ਫ਼ਰੀਦਕੋਟ ਦਾ ਇੱਕੋ ਇੱਕ ਉਦੇਸ਼ ਮਾਂ-ਬੋਲੀ ਦੀ ਸੇਵਾ ਕਰਨਾ ਅਤੇ ਮਾਂ-ਬੋਲੀ ਨੂੰ ਸਮਰਪਿਤ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ । ਸਭਾ ਵੱਲੋਂ ਕੋਈ ਵੀ ਸਾਹਿਤਕਾਰ ਆਪਣੀ ਲਿਖੀ ਪੁਸਤਕ ਨੂੰ ਲੋਕ-ਅਰਪਣ ਕਰਵਾ ਸਕਦਾ ਹੈ । ਜੇਕਰ ਕੋਈ ਸਾਹਿਤਕਾਰ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਸਭਾ ਦੇ ਹੋਣ ਵਾਲੇ ਸਮਾਗਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਹ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ।

 ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਸਰਬ-ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਸਭਾ ਦੀ ਹਰੇਕ ਚੌਥੇ ਐਤਵਾਰ ਮਾਸਿਕ ਇਕੱਤਰਤਾ ਕੀਤੀ ਜਾਂਦੀ ਹੈ । ਹਰ ਮਹੀਨੇ ਸਭਾ ਵੱਲੋਂ ਸਭਾ ਵਿੱਚ ਸ਼ਾਮਿਲ ਇੱਕ ਸਾਹਿਤਕਾਰ ਨੂੰ  ਸਨਮਾਨਿਤ ਕੀਤਾ ਜਾਵੇਗਾ । ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ, ਸਾਹਿਤ, ਸਮਾਜ ਸੇਵਾ ਜਾਂ ਅਧਿਆਪਨ ਖੇਤਰ ਲਈ ਐਵਾਰਡ ਦਿੱਤਾ ਜਾਵੇਗਾ ਅਤੇ ਸਾਲ ਵਿੱਚ ਦੋ ਸਾਹਿਤਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਵੀ ਕਰਵਾਏ ਜਾਣਗੇ । ਸਭਾ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ  ਲੇਖ, ਕਹਾਣੀ ਤੇ ਕਵਿਤਾ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

 

                ਇੱਥੇ ਇਹ ਜਿਕਰਯੋਗ ਹੈ ਕਿ ਸਭਾ ਵੱਲੋਂ ਐਲਾਨ ਕੀਤਾ ਗਿਆ ਕਿ ਮਿਤੀ 08 ਮਈ 2022 (ਐਤਵਾਰ) ਨੂੰ ਫ਼ਰੀਦਕੋਟ ਵਿਖੇ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾ ਰਿਹਾ ਹੈ, ਜਿਸਦੇ ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਹਨ। ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ ।